(ਸਮਾਜ ਵੀਕਲੀ)-ਪਦਮ ਸ਼੍ਰੀ, ਦੇਸ਼ ਦੇ ਸਭ ਤੋਂ ਵੱਡੇ ਸਨਮਾਨਾਂ ‘ਚੋ ਇਕ ਹੈ ਅਤੇ ਭਾਰਤ ਸਰਕਾਰ ਵਲੋਂ 1954 ਤੋ ਲਗਾਤਾਰ ਇਹ ਸਨਮਾਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਜਿਵੇਂ ਕਿ ਕਲਾ, ਸਮਾਜ ਸੇਵਾ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ , ਉਦਯੋਗ, ਦਵਾਈ, ਸਾਹਿਤ, ਸਿੱਖਿਆ, ਖੇਡਾਂ, ਸਿਵਲ ਸੇਵਾਵਾਂ ਆਦਿ ਵਿੱਚ ਵਿਸ਼ੇਸ਼ ਕੰਮ ਕੀਤਾ ਹੋਵੇ । ਇਸ ਸਨਮਾਨ ਦਾ ਐਲਾਨ ਹਰ ਸਾਲ ਭਾਰਤ ਸਰਕਾਰ ਵਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਕੀਤਾ ਜਾਂਦਾ ਹੈ। ਇਸ ਸਾਲ ਕਲਾ ਦੇ ਖੇਤਰ ‘ਚ ਪਦਮ ਸ਼੍ਰੀ ਸਨਮਾਨ ਸਾਡੀ ਪਾਲੀਵੁੱਡ ਫਿਲਮ ਇੰਡਸਟਰੀ ਦੀ ਬੇਬੇ ਨਿਰਮਲ ਰਿਸ਼ੀ ਜੀ ਨੂੰ ਦਿੱਤੇ ਜਾਣ ਦੀ ਘੋਸ਼ਣਾ ਹੋਈ ਹੈ। ਜੋਕਿ ਪੰਜਾਬੀ ਸਿਨੇਮਾ ਜਗਤ ਲਈ ਇਕ ਬਹੁਤ ਹੀ ਖੁਸ਼ੀ ਭਰੀ ਖ਼ਬਰ ਹੈ।
ਬਹੁਤ ਲੰਮੇਂ ਸਮੇਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਨਾਲ਼ ਜੁੜੇ ਨਿਰਮਲ ਰਿਸ਼ੀ ਜੀ ਜਿੱਥੇ ਆਪਣੇ ਹਾਸ-ਰਸ ਕਿਰਦਾਰਾਂ ਕਰਕੇ ਦਰਸ਼ਕਾਂ ਦੇ ਹਰਮਨ-ਪਿਆਰੇ ਹਨ ਓਥੇ ਹੀ ਪੰਜਾਬੀ ਫ਼ਿਲਮਾਂ ਦੀ ਬਹੁਤ ਹੀ ਅੜਬ ਸੁਭਾਅ ਦੀ ਬੇਬੇ ਲਈ ਵੀ ਮਕਬੂਲ ਹਨ।
ਗੱਲ ਕਰੀਏ ਪਦਮ ਸ਼੍ਰੀ ਹਾਸਿਲ ਕਰਨ ਵਾਲੀ ਨਿਰਮਲ ਰਿਸ਼ੀ ਜੀ ਦੇ ਅਦਾਕਾਰੀ ਕੈਰੀਅਰ ਦੀ, ਤਾਂ ਓਹਨਾਂ ਨੇ 17 ਸਾਲ ਦੀ ਉਮਰ ਵਿਚ ਹੀ ਪੰਜਾਬੀ ਰੰਗਮੰਚ ਨਾਲ ਮਿਲਕੇ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਪੰਜਾਬੀ ਰੰਗਮੰਚ ਤੋਂ ਫ਼ਿਲਮਾਂ ਵੱਲ ਨਿਰਮਲ ਰਿਸ਼ੀ ਜੀ 1983 ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ। ਰਿਸ਼ੀ ਜੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਨਾਟਕਕਾਰ ਹਰਪਾਲ ਟਿਵਾਣਾ ਦੀ ਪੰਜਾਬੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਤੋਂ ਕੀਤੀ ਸੀ। ਜਿਸ ਵਿਚ ਓਹਨਾਂ ਨੇ ਗੁਲਾਬੋ ਮਾਸੀ ਦਾ ਰੋਹਬ ਵਾਲਾ ਐਸਾ ਰੋਲ ਅਦਾ ਕੀਤਾ, ਜਿਸ ਨਾਲ ਦਰਸ਼ਕ ਉਹਨਾਂ ਨੂੰ ਗੁਲਾਬੋ ਮਾਸੀ ਦੇ ਨਾਂ ਨਾਲ ਹੀ ਜਾਨਣ ਲੱਗ ਪਏ। ਆਪਣੇ ਚਾਰ ਦਹਾਕਿਆਂ ਦੇ ਫਿਲਮੀ ਕੈਰੀਅਰ ਚ ਰਿਸ਼ੀ ਜੀ ਨੇ ਅਣਗਿਣਤ ਪੰਜਾਬੀ ਫ਼ਿਲਮਾਂ ਦਰਸ਼ਕਾਂ ਦੀ ਝੌਲੀ ਪਾਈਆਂ।
ਫ਼ਿਲਮ ‘ਨਿੱਕਾ ਜੈਲਦਾਰ’ ਵਿੱਚ ਚਾਹੇ ਉਹ ਐਮੀ ਵਿਰਕ ਦੀ ਦਾਦੀ ਹੋਣ ਜਾਂ ਫੇਰ ‘ਉੱਚਾ ਦਰ ਬਾਬੇ ਨਾਨਕ ਦਾ’ ਫ਼ਿਲਮ ‘ਚ ਗੁਰਦਾਸ ਮਾਨ ਦੀ ਭੂਆ ਹੋਣ ,ਕਿਰਦਾਰ ਵਜੋਂ ਓਹਨਾਂ ਨੂੰ ਇੱਕ ਰੋਹਬ ਵਾਲੀ ਔਰਤ ਨਾਲ ਹੀ ਜਾਣਿਆ ਜਾਂਦਾ ਹੈ, ਕਿਓਕਿ ਓਹਨਾਂ ਤੇ ਇਹ ਕਿਰਦਾਰ ਫਬਦੇ ਵੀ ਬਹੁਤ ਹਨ। ਪਰ ਅਸਲ ਜਿੰਦਗੀ ‘ਚ ਉਹ ਬਹੁਤ ਹੀ ਮਿੱਠੇ ਅਤੇ ਸਹਿਜ ਸੁਭਾਅ ਦੇ ਮਾਲਿਕ ਹਨ।
ਪੰਜਾਬੀ ਸਿਨੇਮਾ ਜਗਤ ਦੀ ਇਸ ਜਾਣੀ ਪਛਾਣੀ ਸ਼ਖ਼ਸੀਅਤ ਪਦਮ ਸ਼੍ਰੀ ਨਿਰਮਲ ਰਿਸ਼ੀ ਜੀ ਦਾ ਜਨਮ ਉੱਚੇ ਟਿੱਬਿਆਂ ਦੇ ਸਭ ਤੋਂ ਪਿੱਛੜੇ ਇਲਾਕੇ ਮਾਨਸਾ ਦੇ ਪਿੰਡ ਖੀਵਾ ਵਿਖੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ (ਸਰਪਚ) ਅਤੇ ਮਾਤਾ ਬਚਨੀ ਦੇਵੀ ਦੇ ਘਰ 27 ਅਗਸਤ 1943 ਨੂੰ ਹੋਇਆ। ਉਸਨੇ ਮੁੱਢਲੀ ਸਿੱਖਿਆ ਮਾਨਸਾ ਤੋਂ ਹੀ ਹਾਸਿਲ ਕੀਤੀ। ਅਦਾਕਾਰੀ ਅਤੇ ਖੇਡਾਂ ਦਾ ਸ਼ੌਕ ਰੱਖਣ ਵਾਲੀ ਨਿਰਮਲ ਰਿਸ਼ੀ ਜੀ ਸਕੂਲ ਅਤੇ ਕਾਲਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਡਾਂ ਦੇ ਪ੍ਰੋਗਰਾਮ ਵਿਚ ਹਮੇਸ਼ਾਂ ਮਹੱਤਵਪੂਰਨ ਯੋਗਦਾਨ ਪਾਉਂਦੀ ਰਹੀ। ਰਿਸ਼ੀ ਜੀ ਨੇ 1966 ਵਿਚ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕਰਨ ਤੋਂ ਬਾਅਦ ਸਰੀਰਿਕ ਸਿੱਖਿਆ ਦੇ ਵਿਸ਼ੇ ਵਿਚ ਐੱਮ.ਫਿਲ ਸਰਕਾਰੀ ਸਰੀਰਿਕ ਸਿੱਖਿਆ ਕਾਲਜ, ਪਟਿਆਲਾ ਤੋਂ ਕੀਤੀ। ਕਿਉਕਿ ਨਿਰਮਲ ਰਿਸ਼ੀ ਜੀ ਦਾ ਸਭ ਤੋਂ ਮਨਪਸੰਦ ਵਿਸ਼ਾ ਸਰੀਰਿਕ ਸਿੱਖਿਆ ਹੀ ਸੀ। ਇਸ ਲਈ ਉਹਨਾਂ ਨੇ ਐੱਮ.ਐੱਡ ਵੀ ਸਰੀਰਿਕ ਸਿੱਖਿਆ ਵਿੱਚ ਹੀ ਕੀਤੀ। ਨਿਰਮਲ ਰਿਸ਼ੀ ਜੀ ਲੁਧਿਆਣੇ ਦੇ ਖਾਲਸਾ ਕਾਲਜ ਵਿਚ ਸਰੀਰਿਕ ਸਿੱਖਿਆ ਦੇ ਲੈਕਚਰਾਰ ਅਹੁਦੇ ਤੋਂ 2003 ਵਿਚ ਸੇਵਾ ਮੁਕਤ ਵੀ ਹੋਏ ਹਨ।
ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly