(ਸਮਾਜ ਵੀਕਲੀ)
ਬਾਹਰਲੇ ਮੁਲਕ ਦੀ ਚਮਕ ਅੱਜ ਮੇਰੇ ਦੇਸ਼ ਤੇ ਭਾਰੀ ਪੈ ਰਹੀ ਹੈ। ਅੱਜਕਲ ਦੀ ਨੌਜਵਾਨ ਪੀੜ੍ਹੀ ਵਿੱਚ ਬਾਹਰਲੇ ਮੁਲਕ ਜਾ ਕੇ ਪੈਸੇ ਕਮਾਉਣ ਦਾ ਸੁਪਨਾ ਬਾਰਵੀਂ ਜਮਾਤ ਤੋਂ ਹੀ ਵੇਖਿਆ ਜਾਂਦਾ ਹੈ। ਨੌਜਵਾਨ ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਲਈ ਬਾਹਰਲੇ ਮੁਲਕ ਜਾਣ ਦੇ ਤਰੀਕਿਆਂ ਦੀ ਝਾਕ ਵਿੱਚ ਹਨ ਭਾਵੇਂ ਉਹ ਕਾਨੂੰਨੀ ਹੋਵੇ ਚਾਹੇ ਗੈਰ-ਕਾਨੂੰਨੀ। ਪੰਜਾਬ ਵਿੱਚ ਇਹ ਇੱਛਾ ਏਨੀ ਵਧ ਗਈ ਐ ਇਸ ਦਾ ਵਪਾਰੀਕਰਣ ਵੀ ਹੋਣ ਲੱਗ ਪਿਆ ਹੈ। ਕਈ ਥਾਵਾਂ ਤੇ ਲੋਕਾਂ ਨੂੰ ਵਿਦੇਸ਼ ਭੇਜਣ ਵਿਚ ਸਹਾਇਤਾ ਕਰਨ ਵਾਲੇ ਏਜੰਟਾ ਨੇ ਆਪਣੀਆਂ ਦੁਕਾਨਦਾਰੀਆਂ ਖੋਲ ਰੱਖੀਆਂ ਹਨ ਅਤੇ ਇਹਨਾਂ ਦਾ ਸ਼ਿਕਾਰ ਸਾਡੇ ਨੌਜਵਾਨ ਹੋ ਰਹੇ ਹਨ ਜੋ ਬਿਨਾ ਕਿਸੇ ਯੋਗਤਾ ਦੇ ਵਿਦੇਸ਼ਾਂ ਵਿਚ ਜਾਣਾ ਚਾਹੁੰਦੇ ਹਨ। ਇਹ ਏਜੰਟ ਭੋਲੇ ਭਾਲੇ ਲੋਕਾਂ ਨੂੰ ਸੁਪਨੇ ਵਿਖਾ ਕੇ ਝੂਠੇ ਪਾਸਪੋਰਟ ਤਿਆਰ ਕਰ ਕੇ, ਜਾਲੀ ਐਗਰੀਮੈਂਟ ਤੇ ਕਾਗ਼ਜ਼ੀ ਰਿਸ਼ਤੇ ਨਾਲ ਲਾੜੇ-ਲਾੜੀਆਂ ਤਿਆਰ ਕਰਕੇ ਲੱਖਾਂ ਰੁਪਏ ਕਮਾ ਰਹੇ ਹਨ। ਕਈ ਵਾਰੀ ਇਨ੍ਹਾਂ ਏਜੰਟਾਂ ਵੱਲੋਂ ਭੋਲੇ-ਭਾਲੇ ਨਾਗਰਿਕਾਂ ਨੂੰ ਡੋਂਕੀ ਲਗਾ ਕੇ ਇਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਦੀ ਇਕ ਮਿਸਾਲ ਆਈ ਪੰਜਾਬੀ ਫਿਲਮ ਚਲੋ ਮੈਕਸੀਕੋ ਚੱਲੀਏ ਵਿਚ ਦੇਖਣ ਨੂੰ ਮਿਲਦੀ ਹੈ। ਇਹਨਾਂ ਵਿਚੋਂ ਕਈ ਵਿਦੇਸ਼ੀ ਸਰਹੱਦਾ ਪਾਰ ਕਰਦੇ ਹੋਏ ਉਥੋਂ ਦੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਤੇ ਜਿਹੜੇ ਪਕੜੇ ਜਾਂਦੇ ਹਨ ਉਹ ਕਈ-ਕਈ ਸਾਲ ਜੇਲ੍ਹਾਂ ਵਿੱਚ ਸੜਦੇ ਹਨ। ਇਸ ਤੋਂ ਬਾਅਦ ਪਿਛੇ ਉਨ੍ਹਾਂ ਦੇ ਮਾਪੇ ਮਾਨਸਿਕਤਾ ਦਾ ਸੰਤਾਪ ਝੱਲਦੇ ਨਜ਼ਰ ਆਉਂਦੇ ਹਨ ।
ਅੱਜ ਕੱਲ ਤਾਂ ਪੜ੍ਹਾਈ ਤੇ ਯੋਗਤਾ ਪ੍ਰਾਪਤ ਨੌਜਵਾਨਾਂ ਲਈ ਬਾਹਰਲੇ ਮੁਲਕ ਆਸਟਰੇਲੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਆਪਣੇ ਦੇਸ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਾਡੇ ਦੇਸ ਵਿਚ ਨੌਜਵਾਨਾਂ ਦਾ ਭਵਿੱਖ ਉਹਨਾਂ ਨੂੰ ਧੁੰਦਲਾ ਵਿਖਾਈ ਦਿੰਦਾ ਹੈ ਜਿਸ ਕਾਰਨ ਸਾਡੇ ਪੰਜਾਬੀ ਨੌਜਵਾਨ ਆਪਣਾ ਘਰ ਪਰਿਵਾਰ ਅਤੇ ਵਤਨ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ।ਬੇਰੁਜ਼ਗਾਰੀ ਦਾ ਬਹੁਤ ਵੱਡਾ ਘਾਟਾ ਨੌਜਵਾਨ ਪੀੜ੍ਹੀ ਔਰਤਾਂ ਨੂੰ ਸਹਿਣਾ ਪੈਂਦਾ ਹੈ, ਪਿੰਡਾਂ ਵਿੱਚ ਹਰੀ ਕ੍ਰਾਂਤੀ ਦਾ ਫੇਲ ਹੋਣਾ, ਖੇਤੀਬਾੜੀ ਦਾ ਮਸ਼ੀਨੀਕਰਨ ਹੋਣਾ, ਫੈਕਟਰੀਆਂ ਵਿੱਚ ਮਸ਼ੀਨਾਂ ਰਾਹੀਂ ਕੰਮ ਦਾ ਹੋਣਾ ਬੇਰੁਜ਼ਗਾਰੀ ਵਧਣ ਦੇ ਕਾਰਨ ਹਨ। ਇੱਕ ਛੋਟੇ ਜਿਹੇ ਚਪੜਾਸੀ ਦੀ ਅਸਾਮੀ ਲਈ ਵੀ ਐਮ.ਟੈੱਕ, ਐਮ.ਬੀ.ਏ., ਪੀ. ਐਚ. ਡੀ. ਤੱਕ ਦੇ ਵਿਦਿਆਰਥੀ ਲੱਖਾਂ ਦੀ ਗਿਣਤੀ ਵਿੱਚ ਅਪਲਾਈ ਕਰਦੇ ਹਨ। ਇਹੋ ਜਿਹੀ ਉੱਚ-ਵਿੱਦਿਆ ਵਾਲੇ ਨੌਜਵਾਨਾਂ ਨੂੰ ਵੇਖ ਕੇ ਅੱਜ ਕੱਲ ਦੇ ਵਿਦਿਆਰਥੀ ਇਥੇ ਰਹਿਣਾ ਹੀ ਨਹੀਂ ਚਾਹੁੰਦੇ ਅਤੇ ਉਹ ਹਰ ਵਸੀਲਾ ਵਰਤ ਕੇ ਬਾਹਰਲੇ ਦੇਸ ਵਿਚ ਜਾ ਕੇ ਕੰਮ ਕਰਨਾ ਚਾਹੁੰਦੇ ਹਨ। ਉਧਰ ਖੇਤੀ ਕੋਈ ਲਾਭਦਾਇਕ ਕਿੱਤਾ ਨਹੀਂ ਰਿਹਾ ਹੈ ਅਤੇ ਕਿਸਾਨ ਕਰਜ਼ੇ ਹੇਠ ਦੱਬੇ ਹੋਣ ਕਾਰਨ ਖੁਦਕੁਸ਼ੀਆਂ ਦੇ ਰਾਹ ਚੱਲ ਪਏ ਹਨ।
ਇਸ ਤੋ ਇਲਾਵਾ ਲੋਕ ਜਦੋਂ ਵਿਦੇਸ਼ਾਂ ਤੋਂ ਪਰਤ ਕੇ ਪੰਜਾਬ ਵਿੱਚ ਬਾਹਰਲੇ ਦੇਸ਼ ਦੀ ਮਾਮੂਲੀ ਨੌਕਰੀ ਕਰਕੇ ਚੋਗਾਵਾਂ ਧਨ ਕਮਾਉਣ ਦੀ ਗੱਲ ਕਰਦੇ ਹਨ, ਉਥੋਂ ਦੀ ਕਾਨੂੰਨ ਵਿਵਸਥਾ, ਉਥੋਂ ਦੇ ਕੰਮ ਦੀ ਕਦਰ, ਉਥੇ ਕਿਰਤ ਦਾ ਸ਼ੋਸ਼ਣ ਨਾ ਹੋਣਾ, ਉੱਥੇ ਦੀ ਲਿਹਾਜ਼ਦਾਰੀ, ਉਥੇ ਦੀ ਪੁਲਿਸ ਵਿਵਸਥਾ, ਉਥੋਂ ਦਾ ਪੌਣ-ਪਾਣੀ, ਉਥੋਂ ਦੀਆਂ ਸਹੂਲਤਾਂ, ਉਥੋਂ ਦੀ ਸਰਕਾਰ ਵੱਲੋਂ ਚੁੱਕੇ ਜਾਂਦੇ ਬੱਚਿਆਂ ਦਾ ਅਤੇ ਬਜੁਰਗਾਂ ਦੇ ਖਰਚੇ ਬਾਰੇ ਸੁਣਿਆ ਜਾਂਦਾ ਹੈ ਤਾਂ ਇੱਥੋਂ ਦੇ ਨੌਜਵਾਨਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ। ਬਾਹਰਲੇ ਦੇਸ਼ ਦੇ ਵਿੱਚ ਕੰਮ ਕਰਨ ਵਾਲਿਆ ਦੀ ਕਦਰ ਹੁੰਦੀ ਹੈ ਅਤੇ ਸਾਡੇ ਪੰਜਾਬੀ ਮੂਲ ਰੂਪ ਵਿੱਚ ਤਕੜੇ ਹੋਣ ਕਾਰਨ ਅਤੇ ਹੱਡ ਭੰਨ ਕੇ ਕੰਮ ਕਰਨ ਵਾਲੇ ਹਨ ਇਨ੍ਹਾਂ ਚੀਜ਼ਾਂ ਨੂੰ ਵੇਖ ਕੇ ਉਹਨਾਂ ਦੇ ਮਨ ਵਿੱਚ ਵੀ ਵਿਦੇਸ਼ ਜਾਣ ਦੀ ਇੱਛਾ ਪ੍ਰਕਟ ਹੁੰਦੀ ਹੈ। ਵਿਦੇਸ਼ ਵਿੱਚ ਜਿੱਥੇ ਛੋਟੇ ਤੋਂ ਛੋਟਾ ਕੰਮ ਵੀ ਜ਼ਿਆਦਾ ਸੁੱਖ-ਸਹੂਲਤਾਂ ਦਿੰਦਾ ਹੈ, ਇਨਸਾਨ ਆਮ ਕਰਕੇ ਪੈਸੇ ਤੋਂ ਤੰਗ ਨਹੀਂ ਰਹਿੰਦਾ ਤੇ ਨਾਲ ਹੀ ਪਰਿਵਾਰ ਨੂੰ ਖੁਸ਼ੀਆਂ ਦੇ ਦਿਨ ਦੇਖਣ ਨੂੰ ਮਿਲਦੇ ਹਨ। ਇਥੇ ਮਹਿੰਗੀਆਂ ਪੜ੍ਹਾਈਆਂ ਕਰਕੇ ਮਹਿੰਗੇ ਕਾਲਜ ਅਤੇ ਯੂਨੀਵਰਸਿਟੀਆਂ ਵਿੱਚੋ ਸਿੱਖਿਆ ਹਾਸਲ ਕਰਕੇ ਇੱਕ ਆਮ ਚਪੜਾਸੀ ਦੀ ਨੌਕਰੀ ਵੀ ਮਿਲਣੀ ਮੁਸ਼ਕਿਲ ਹੁੰਦੀ ਹੈ। ਉਥੇ ਬਾਹਰਲੇ ਮੁਲਕ ਵਿੱਚ ਕੰਮ ਦੀ ਕਦਰ ਹੋਣ ਕਾਰਨ ਵਧੇਰੇ ਧਨ ਕਮਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹੜੇ ਇੱਥੋਂ ਕਾਨੂੰਨੀ ਜਾਂ ਗੈਰ-ਕਾਨੂੰਨੀ ਢੰਗ ਨਾਲ ਏਥੋ ਖਾਲੀ ਹੱਥ ਅਮਰੀਕਾ, ਕੈਨੇਡਾ, ਆਸਟਰੇਲੀਆ ਵਰਗੇ ਦੇਸਾਂ ਵਿੱਚ ਗਏ ਹਨ ਉੱਥੇ ਜਾ ਕੇ ਬਹੁਤ ਨਾਮ ਅਤੇ ਪੈਸਾ ਕਮਾਇਆ ਹੈ ਅਤੇ ਆਪਣੀ ਮਿਹਨਤ ਦੇ ਨਾਲ ਉਥੋਂ ਦੀਆਂ ਕਾਰਪੋਰੇਸ਼ਨਾਂ, ਪਾਰਲੀਮੈਂਟ ਅਤੇ ਮੰਤਰੀ ਮੰਡਲ ਦੇ ਮੈਂਬਰ ਬਣ ਗਏ ਹਨ। ਆਪਣੇ ਪੰਜਾਬ ਦੇ ਕਈ ਵਿਅਕਤੀ ਦਾ ਬਾਹਰਲੇ ਮੁਲਕ ਵਿੱਚ ਉਥੇ ਦੀ ਸੈਨਾ ਦੇ ਮੁੱਖ ਅਫਸਰ ਵੀ ਹਨ।
ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕੀ ਸਾਡੇ ਦੇਸ਼ ਦੀਆਂ ਸਰਕਾਰਾਂ ਨੌਜਵਾਨਾ ਨੂੰ ਵਿਦੇਸ਼ਾਂ ਵੱਲ ਜਾਣ ਤੋਂ ਰੋਕਣ ਲਈ ਅਸਮਰਥ ਰਹੀਆਂ ਹਨ ਕਿਉਂਕਿ ਨੌਜਵਾਨਾਂ ਲਈ ਸਰਕਾਰ ਨੇ ਇਹ ਖੇਤੀ, ਵਪਾਰ ,ਉਦਯੋਗ ਅਤੇ ਨੌਕਰੀਆਂ ਦਾ ਵਿਕਾਸ ਕਰਨਾ ਹੁੰਦਾ ਹੈ ਸਰਕਾਰ ਦੀ ਹੀ ਮਹਿੰਗਾਈ ਨੂੰ ਨੱਥ ਪਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ। ਸਾਡੇ ਦੇਸ਼ ਦੀਆਂ ਸਰਕਾਰਾਂ ਇੱਥੋਂ ਦੇ ਲੋਕਾਂ ਨੂੰ ਆਟਾ ਦਾਲ ਸਕੀਮਾਂ, ਮੁਫ਼ਤ ਬਿਜਲੀ, ਸ਼ਗਣ ਸਕੀਮਾਂ, ਐਸ.ਸੀ., ਬੀ.ਸੀ.ਦੇ ਵਜੀਫੇ, ਕਿਸਾਨ ਕਾਰਡ ਦੇ ਕੇ ਹੀ ਖੁਸ਼ ਕਰਦੀਆਂ ਹਨ ਅਤੇ ਨੌਜਵਾਨਾਂ ਨੂੰ ਇਸਦਾ ਹਾਣੀ ਬਣਾ ਰਹੀਆ ਹਨ। ਜੇਕਰ ਸਰਕਾਰਾਂ ਰੁਜ਼ਗਾਰ ਅਤੇ ਨੌਕਰੀਆਂ ਦੇ ਦੇਵੇ ਤਾਂ ਆਟਾ ਦਾਲ, ਬਿਜਲੀ ਦੇ ਬਿਲ, ਵਿਆਹ ਦੇ ਖ਼ਰਚੇ ਇਨਸਾਨ ਆਪਣੇ ਆਪ ਹੀ ਕਰ ਲਏਗਾ।
ਪੰਜਾਬ ਦੀ ਅੱਜ ਦੀ ਸਥਿਤੀ ਇਹ ਹੈ ਇਥੇ ਰਾਜ ਕਰਨ ਵਾਲੇ ਵੀ ਨਹੀਂ ਚਾਹੁੰਦੇ ਕੀ ਸਾਡੇ ਅਣਖੀਲੇ ਪੰਜਾਬੀ ਸੂਰਮੇ ਏਥੇ ਰਹਿ ਕੇ ਕੰਮ ਕਰਨ। ਉਹ ਚਾਹੁੰਦੇ ਹਨ ਕੀ ਪੰਜਾਬੀ ਬਾਹਰ ਨੂੰ ਜਾਣ ਅਤੇ ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿਚ ਆ ਕੇ ਕੰਮ ਕਰਨ। ਆਪਾ ਆਪ ਹੀ ਵੇਖ ਲਵੋ ਕੀ ਜਿਹੜੇ ਪੜ੍ਹੇ ਲਿਖੇ ਇਨਸਾਨ ਸਰਕਾਰੀ ਦਫਤਰਾਂ ਜਾਂ ਕਿਸੇ ਹੋਰ ਅਦਾਰਿਆਂ ਵਿੱਚ ਨੌਕਰੀ ਕਰ ਰਹੇ ਹਨ ਉਹਨਾਂ ਦੇ ਆਪਣੀ ਔਲਾਦ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਵਰਗੇ ਸ਼ਹਿਰਾਂ ਵਿੱਚ ਸਟੱਡੀ ਵੀਜ਼ਾ ਲਗਵਾ ਕੇ ਬਾਹਰਲੇ ਦੇਸ਼ ਗਏ ਹੋਏ ਹਨ, ਉਹ ਉਥੇ ਪੜ੍ਹਾਈ ਕਰ ਰਹੇ ਹਨ ਅਤੇ ਕੁਝ ਘੰਟੇ ਕੰਮ ਕਰਕੇ ਪੈਸਾ ਵੀ ਕਮਾ ਰਹੇ ਹਨ ਅਤੇ ਮਾਪੇ ਵੀ ਉਹਨਾਂ ਨੂੰ ਸੀੜ੍ਹੀ ਦੇ ਤੌਰ ਤੇ ਵਰਤ ਕੇ ਆਪ ਵੀ ਬਾਹਰ ਜਾਣ ਦੀ ਤਿਆਰੀ ਵਿਚ ਲੱਗੇ ਹੋਏ ਹਨ। ਇੱਥੋਂ ਦੇ ਕਈ ਕਰਮਚਾਰੀ ਨੌਕਰੀ ਛੱਡ ਕੇ ਵਿਦੇਸ਼ਾਂ ਵਿੱਚ ਕੰਮ ਕਰ ਰਹੇ ਹਨ ਜਾਂ ਪਰੀ-ਰਿਟਾਇਰਮੈਂਟ ਲੇ ਕੇ ਬਾਹਰਲੇ ਮੁਲਕ ਨੌਕਰੀ ਕਰ ਰਹੇ ਹਨ।
ਅੱਜ ਇੰਟਰਨੈੱਟ ਦਾ ਯੁੱਗ ਹੈ ਸੋ ਸਾਡੇ ਲੋਕਾਂ ਨੂੰ ਚਾਹੀਦਾ ਹੈ ਕੀ ਉਹ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਜਾਂ ਆਪਣੀ ਯੋਗਤਾ ਦੇ ਆਧਾਰ ਤੇ ਕੰਮ ਜਾਂ ਨੌਕਰੀ ਪ੍ਰਾਪਤ ਕਰਨ ਲਈ ਹੀ ਕਾਨੂੰਨੀ ਤੌਰ ਤੇ ਵੀਜ਼ਾ ਲੈ ਕੇ ਹੀ ਵਿਦੇਸ਼ਾਂ ਵਿਚ ਜਾਣ । ਇਸ ਨਾਲ ਉਹਨਾਂ ਨੂੰ ਕਿਸੇ ਥੋਖੇਧੜੀ ਵਾਲੇ ਏਜੰਟ ਕੋਲ ਜਾਣ ਦੀ ਜ਼ਰੂਰਤ ਨਹੀਂ ਸਗੋਂ ਇਹ ਸਾਰੀ ਜਾਣਕਾਰੀ ਇੰਟਰਨੈੱਟ ਤੇ ਮੌਜੂਦ ਹੁੰਦੀ ਹੈ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly