ਪੰਜਾਬੀ ਆ ਗਏ ਓਏ
ਸਿਡਨੀ ਵਿੱਚ 18-19-20 ਅਪ੍ਰੈਲ ਨੂੰ ਜੁੜੇਗਾ ਸਿੱਖ ਖੇਡਾਂ ਦਾ ਮਹਾਂਕੁੰਭ ਇੱਕ ਲੱਖ ਤੋਂ ਵੱਧ ਦਰਸ਼ਕ ਪੁੱਜਣ ਦੀ ਸੰਭਾਵਨਾ
ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ

ਆਸਟ੍ਰੇਲੀਆ ਸਿਡਨੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) ਹਰਜਿੰਦਰ ਪਾਲ ਛਾਬੜਾ ਪੱਤਰਕਾਰ 9592282333:- 37ਵੀਆਂ ਸਿੱਖ ਖੇਡਾਂ ਦੀ ਮੇਜ਼ਬਾਨੀ ਇਸ ਵਾਰ ਸਿਡਨੀ ਵਿਚ ਹੋ ਰਹੀ ਹੈ । ਇਹ ਖੇਡਾਂ 18 ,19, ਅਤੇ 20 ਅਪ੍ਰੈਲ ਨੂੰ ਸਿਡਨੀ ਦੇ ਮੈਕਲੈਨ ਸਟ੍ਰੀਟ ਬਾਸ ਹਿੱਲ ਵਿਖੇ ਹੋਣਗੀਆਂ। ਇਸ ਮੌਕੇ ਕਮੇਟੀ ਮੈਂਬਰ ਰਣਜੀਤ ਸਿੰਘ ਖੈੜਾ ਨੇ “ਖੇਡ ਮੈਦਾਨ ਬੋਲਦਾ ਹੈ” ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਡਨੀ ਵਿਚ ਹੋਣ ਜਾ ਰਹੀਆਂ ਸਿੱਖ ਖੇਡਾਂ ਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਦਰਸ਼ਕਾਂ ਨੂੰ ਇਨ੍ਹਾਂ ਖੇਡਾਂ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਸਿੱਖ ਖੇਡਾਂ ਵਿਚ ਇਸ ਵਾਰ 15 ਖੇਡ ਪ੍ਰਤੀਯੋਗਤਾਵਾਂ ਤੋਂ ਵੱਧ ਖੇਡਾਂ ਵਿਚ ਤਕਰੀਬਨ 6000 ਦੇ ਕਰੀਬ ਖਿਡਾਰੀ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਗੇ ਅਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਤਿੰਨ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਸਿਡਨੀ, ਮੈਲਬੌਰਨ, ਐਡੀਲੇਡ ਬ੍ਰਿਸਬੇਨ ਅਤੇ ਆਸਟ੍ਰੇਲੀਆ ਦੇ ਹੋਰ ਵੱਖ-ਵੱਖ ਰਾਜਾਂ ਤੇ ਅਤੇ ਨਿਊਜ਼ੀਲੈਂਡ ਮਲੇਸ਼ੀਆ ਭਾਰਤ ਪਾਕਿਸਤਾਨ ਆਦਿ ਦੇਸ਼ਾਂ ਤੋਂ ਦਰਸ਼ਕ ਆਉਣਗੇ, ਜੋ ਇਨ੍ਹਾਂ ਖੇਡਾਂ ਦੀ ਰੌਣਕ ਨੂੰ ਹੋਰ ਵੀ ਵਧਾਉਣਗੇ। ਉਹਨਾਂ ਦੱਸਿਆ ਕਿ ਇਸ ਵਾਰ ਇਕ ਲੱਖ ਤੋਂ ਵੱਧ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦਾ ਮੀਡੀਆ ਅਤੇ ਪਰਦੇਸਾਂ ਦੇ ਖਿਡਾਰੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਕਮੇਟੀ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਵਿਚ ਜੁਟੀ ਹੋਈ ਹੈ। ਐਤਕੀ ਸਿਡਨੀ ਵਿੱਚ ਯਕੀਨਨ ਪੰਜਾਬੀਆਂ ਦਾ ਇਹ ਨਾਹਰਾ ਗੂੰਜੇਗਾ ਕਿ “ਪੰਜਾਬੀ ਆ ਗਏ ਓਏ” । ਇਸ ਵਾਰ ਦੀਆਂ ਖੇਡਾਂ ਵਿੱਚ 365 ਟੀਮਾਂ ਰਜਿਸਟਰ ਹੋ ਚੁਕੀਆਂ ਹਨ, ਜਿਨ੍ਹਾਂ ਵਿੱਚ 182 ਟੀਮਾਂ ਫੁਟਬਾਲ ਦੀਆਂ ਹਨ। ਇਹ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖ ਕਮਿਊਨਿਟੀ ਦਾ ਇੱਕ ਬਹੁਤ ਵੱਡਾ ਸਮਾਗਮ ਹੈ ਜਿਸ ਵਿੱਚ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਖਿਡਾਰੀ ਆਪਣੀ ਕਾਬਲੀਅਤ ਦਾ

ਪ੍ਰਦਰਸ਼ਨ ਕਰਨਗੇ। ਆਸਟਰੇਲੀਆਈ ਸਿੱਖ ਖੇਡਾਂ ਦੀ ਸ਼ੁਰੂਆਤ 1986 ਵਿੱਚ ਹਾਕੀ ਮੁਕਾਬਲਿਆਂ ਤੋਂ ਹੋਈ ਸੀ ਉਸ ਤੋਂ ਬਾਅਦ ਸਮਾਂ ਬੀਤਣ ਤੇ ਇਹ ਵੱਖ ਵੱਖ ਖੇਡਾਂ ਦਾ ਇੱਕ ਮਹਾਂਕੁੰਭ ਬਣ ਗਿਆ ਹੈ । ਹਾਕੀ ਅਤੇ ਕਬੱਡੀ ਇਹਨਾਂ ਮੁਕਾਬਲਿਆਂ ਵਿੱਚ ਹਮੇਸ਼ਾ ਹੀ ਮੁੱਖ ਖਿੱਚਦਾ ਕੇਂਦਰ ਰਹਿੰਦੇ ਹਨ। ਇਸ ਵਾਰ ਹਾਕੀ ਮੁਕਾਬਲਿਆਂ ਵਿੱਚ ਪਾਕਿਸਤਾਨ ਤੋਂ ਆਲਮੀ ਹਾਕੀ ਦੇ ਸੁਪਰ ਸਟਾਰ ਸੀਨੀਅਰ ਸ਼ਾਹਬਾਜ ਅਹਿਮਦ,ਪਾਕਿਸਤਾਨ ਹਾਕੀ ਟੀਮ ਦੇ ਸਾਬਕਾ ਕਪਤਾਨ ਵਸੀਮ ਅਹਿਮਦ ,ਭਾਰਤੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਪ੍ਰਗਟ ਸਿੰਘ, 1980 ਮਾਸਕੋ ਓਲੰਪਿਕ ਦੇ ਗੋਲਡ ਮੈਡਲਿਸਟ ਸੁਰਿੰਦਰ ਸਿੰਘ ਸੋਢੀ ਸਮੇਤ ਅਨੇਕਾਂ ਹਾਕੀ ਸਿਤਾਰੇ ਸਿਡਨੀ ਵਿਖੇ ਹੋਣ ਵਾਲੀਆਂ ਸਿੱਖ ਖੇਡਾਂ ਦਾ ਹਿੱਸਾ ਬਣਨਗੇ। ਕਬੱਡੀ ਦੇ ਵੀ ਨਾਮੀ ਖਿਡਾਰੀ ਆਪਣੇ ਕਬੱਡੀ ਹੁਨਰ ਦਾ ਲੋਹਾ ਮਨਾਉਣਗੇ। 2000 ਸਿਡਨੀ ਉਲੰਪਿਕ ਤੋਂ ਬਾਅਦ ਖੇਡਾਂ ਦਾ ਵੱਡਾ ਮਹਾਂਕੁੰਭ ਸਿਡਨੀ ਦੀਆਂ ਗਰਾਊਂਡਾਂ ਵਿੱਚ ਜੁੜੇਗਾ ਜੋ ਇਕ ਇਤਿਹਾਸ ਦਾ ਨਵਾਂ ਪੰਨਾ ਰਚਦਾ ਹੋਇਆ ਸਿੱਖਾਂ ਦੀ ਆਣ,ਬਾਣ, ਸ਼ਾਨ,ਪਹਿਚਾਣ ਅਤੇ ਕੌਮੀਅਤ ਨੂੰ ਪੂਰੀ ਦੁਨੀਆ ਵਿੱਚ ਬਿਖੇਰੇਗਾ। ਆਸਟਰੇਲੀਆਈ ਸਿੱਖ ਖੇਡਾਂ ਦੀ ਦੇਖੋ ਦੇਖੀ ਇਕ ਵਕਤ ਆਏਗਾ ਜਦੋਂ ਦੁਨੀਆ ਪੱਧਰ ਤੇ ਵੱਖ ਵੱਖ ਮੁਲਕਾਂ ਵਿੱਚ ਸਿੱਖ ਖੇਡਾਂ ਦੇ ਮੁਕਾਬਲੇ ਹੋਇਆ ਕਰਨਗੇ। ਇਹ ਮੇਰੀ ਇੱਕ ਖੇਡ ਪ੍ਰੇਮੀ ਹੋਣ ਦੇ ਨਾਤੇ ਭਵਿੱਖਬਾਣੀ ਵੀ ਹੈ ਅਤੇ ਪਰਮਾਤਮਾ ਅੱਗੇ ਦੁਆ ਵੀ ਹੈ। ਵਾਹਿਗੁਰੂ ਭਲੀ ਕਰੇ । ਪੰਜਾਬੀਆਂ ਦੀਆਂ ਸਿੱਖ ਖੇਡਾਂ ਨੂੰ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਬਖਸ਼ੇ । ਰੱਬ ਰਾਖਾ !