ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਪੰਜਾਬ ਯੂਥ ਕਾਂਗਰਸ ਨੇ ‘ਵੋਟ ਚੋਰੀ ਬੰਦ ਕਰੋ’ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਲੋਕਤੰਤਰ ਦੀ ਰਾਖੀ ਲਈ ਇਕ ਵੱਡੀ ਪਹਿਲ ਕੀਤੀ ਹੈ। ਜਿਸਨੂੰ ਲੈਕੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਹਿ-ਇੰਚਾਰਜ ਪੰਜਾਬ ਸ਼੍ਰੀ ਰਵਿੰਦਰ ਉੱਤਮ ਰਾਓ ਡਾਲਵੀ, ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ, ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਜਿਲ੍ਹਾਂ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵੱਲੋਂ ‘ਵੋਟ ਚੋਰੀ ਬੰਦ ਕਰੋ’ ਦੇ ਸਟਿਕਰ ਤੇ ਪੰਪਲੈਂਟਾ ਨੂੰ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਹੋ ਰਹੀਆਂ ਕਥਿਤ ਧਾਂਦਲੀਆਂ ਅਤੇ ਵੋਟਾਂ ਦੀ ਚੋਰੀ ਬਾਰੇ ਜਾਗਰੂਕ ਕਰਨਾ ਹੈ। ਇਹ ਮੁਹਿੰਮ ਪੰਜਾਬ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਸੰਧੂ ਤੇ ਹਲਕਾ ਪ੍ਰਧਾਨ ਪ੍ਰਦੀਪ ਗਰੇਵਾਲ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਤੇ ਸ਼ਹਿਰ ਅੰਦਰ ਵੱਖ ਵੱਖ ਗੱਡੀਆਂ, ਮੋਟਰਸਾਈਕਲਾਂ ਤੇ ‘ਵੋਟ ਚੋਰੀ ਬੰਦ ਕਰੋ’ ਦੇ ਸਟਿਕਰ ਲਗਾਕੇ ਲੋਕਾਂ ਨੂੰ ਭਾਜਪਾ ਦੀ ਵੋਟ ਚੋਰੀ ਦੀ ਨੀਤੀ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਹਲਕਾ ਯੂਥ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਵੋਟ ਦੀ ਆਪਣੀ ਅਹਿਮੀਅਤ ਹੈ ਅਤੇ ਇਸ ਦੀ ਸੁਰੱਖਿਆ ਕਰਨਾ ਸਾਡਾ ਸਭ ਤੋਂ ਪਹਿਲਾ ਫ਼ਰਜ਼ ਹੈ। ਇਸ ਕਾਰਜ ਦਾ ਮਕਸਦ ਲੋਕਾਂ ਨੂੰ ਇਹ ਸੰਦੇਸ਼ ਦੇਣਾ ਸੀ ਕਿ ਵੋਟਾਂ ਨੂੰ ਚੋਰੀ ਹੋਣ ਤੋਂ ਬਚਾਉਣਾ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦੇਸ਼ ਭਰ ਵਿਚ ਪਹੁੰਚਾਉਣ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਇਹ ਮੁਹਿੰਮ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ‘ਵੋਟ ਚੋਰੀ ਬੰਦ ਕਰੋ’, ‘ਪੰਜਾਬ ਵੋਟ ਚੋਰੀ ਵਿਰੁੱਧ’ ਅਤੇ ‘ਲੋਕਤੰਤਰ ਬਚਾਓ’ ਵਰਗੇ ਨਾਅਰੇ ਲਗਾਏ। ਇਸ ਮੌਕੇ ਮੌਜ਼ੂਦ ਹੋਰਨਾਂ ਯੂਥ ਆਗੂਆਂ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਚੋਣਾਂ ਵਿਚ ਪਾਰਦਰਸ਼ਤਾ ਬਹੁਤ ਜ਼ਰੂਰੀ ਹੈ ਤਾਂ ਜੋ ਆਮ ਆਦਮੀ ਦਾ ਵਿਸ਼ਵਾਸ ਚੋਣ ਪ੍ਰਕਿਰਿਆ ਵਿੱਚ ਬਣਿਆ ਰਹੇ ਤੇ ਇਹ ਮੁਹਿੰਮ ਹੁਣ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿਚ ਵੀ ਫੈਲਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਣੂ ਕਰਾਇਆ ਜਾ ਸਕੇ। ਇਸ ਮੌਕੇ ਪੀਏ ਪ੍ਰਭਦੀਪ ਸਿੰਘ ਨਾਰੰਗਵਾਲ, ਬਲਜੀਤ ਹਲਵਾਰਾ, ਨਵਰਾਜ ਅਕਾਲਗੜ੍ਹ, ਬਲਵੀਰ ਬ੍ਰਹਮਪੁਰਾ, ਸਤਪਾਲ ਸਿੰਘ, ਵਰਿੰਦਰ ਵਿੱਕੀ, ਜੋਤੀ ਭੈਣੀ, ਨੀਲ ਕਮਲ ਸ਼ਰਮਾ, ਨਿਸ਼ਾਨ ਗਰੇਵਾਲ, ਭਜਨ ਜੋਸ਼ੀ ਆਦਿ ਹੋਰ ਵੀ ਯੂਥ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



