ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ: ਮੋਦੀ

ਜਲੰਧਰ (ਸਮਾਜ ਵੀਕਲੀ):  

  • ਪੰਜਾਬ ’ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣਨ ਦਾ ਕੀਤਾ ਦਾਅਵਾ
  • ਕਾਂਗਰਸ ’ਤੇ ਪੰਜਾਬ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ਦਾ ਦੋਸ਼ ਲਾਇਆ, ‘ਆਪ’ ’ਤੇ ਵੀ ਸੇਧਿਆ ਨਿਸ਼ਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਵਿਚ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਵੱਲੋਂ ਦਿੱਤੇ ਗਏ ਨਾਅਰੇ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨੂੰ ਪੂਰੇ ਜ਼ੋਰ ਨਾਲ ਉਭਾਰਿਆ। ਉਨ੍ਹਾਂ ਇੱਥੇ ਪੀਏਪੀ ਗਰਾਊਂਡ ਵਿਚ ਕੀਤੀ ਚੋਣ ਰੈਲੀ ’ਚ ਕਿਹਾ ਕਿ ਨਵਾਂ ਪੰਜਾਬ ਕਰਜ਼ੇ, ਮਾਫੀਆ ਤੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ, ਸਾਰਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਬਣੇਗੀ।

ਨਰਿੰਦਰ ਮੋਦੀ ਨੇ ਆਪਣੇ ਸਾਰੇ ਭਾਸ਼ਣ ਵਿਚ ਹਮਲਾਵਰ ਰੁਖ਼ ਅਪਣਾਉਂਦਿਆਂ ਵਿਰੋਧੀਆਂ ’ਤੇ ਨਿਸ਼ਾਨੇ ਲਾਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਐੱਨਡੀਏ ਦੀ ਸਰਕਾਰ ਬਣਨ ਨਾਲ ਸੂਬੇ ਦੇ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਪੰਜਾਬ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਜਾਵੇਗਾ ਤੇ ਇਸ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਿਆ ਜਾਵੇਗਾ। ਉਨ੍ਹਾਂ ਆਪਣੇ ਭਾਸ਼ਣ ਵਿਚ ਵਾਰ-ਵਾਰ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨਾਅਰੇ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਵਿਚ ਪੂਰੀ ਤਰ੍ਹਾਂ ਨਾਲ ਕਾਨੂੰਨ ਦਾ ਰਾਜ ਹੋਵੇਗਾ। ਇੱਥੇ ਮਾਫੀਆ ਤੇ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇੱਥੇ ਵੀ ‘ਡਬਲ ਇੰਜਣ’ ਵਾਲੀ ਸਰਕਾਰ ਬਣਾਉਣ ਤਾਂ ਜੋ ਕੇਂਦਰ ਤੇ ਸੂਬਾ ਸਰਕਾਰਾਂ ਰਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਸਕਣ।

ਝਲਕੀਆਂ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਹੈਲੀਕਾਪਟਰਾਂ ਦੇ ਕਾਫਲੇ ਵਿਚ ਆਏ ਜਿਹੜਾ ਕਿ ਪੀਏਪੀ ਗਰਾਊਂਡ ਵਿਚ ਉਤਰਿਆ।
  • ਪ੍ਰਧਾਨ ਮੰਤਰੀ ਦੇ ਕੇਸਰੀ ਪੱਗ ਬੰਨ੍ਹੀ ਹੋਈ ਸੀ, ਜਦੋਂ ਉਹ ਮੰਚ ’ਤੇ ਆਏ।
  • ਮੋਦੀ ਦੇ ਆਉਣ ਤੋਂ ਪਹਿਲਾਂ ਦਿੱਲੀ ਤੋਂ ਸੰਸਦ ਮੈਂਬਰ ਤੇ ਪੰਜਾਬ ਦੇ ਨਾਮਵਰ ਗਾਇਕ ਹੰਸ ਰਾਜ ਹੰਸ ਪ੍ਰਧਾਨ ਮੰਤਰੀ ਦੀਆਂ ਸਿਫ਼ਤਾਂ ਵਿਚ ਗੀਤ ਗਾ ਰਹੇ ਸਨ।
  • ਸਟੇਜ ’ਤੇ ਬੈਠਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੱਜੇ ਪਾਸੇ ਬੈਠੇ ਕੈਪਟਨ ਅਮਰਿੰਦਰ ਸਿੰਘ ਨੂੰ ਗਰਮਜੋਸ਼ੀ ਨਾਲ ਬੁਲਾਇਆ ਤੇ ਖੱਬੇ ਪਾਸੇ ਬੈਠੇ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਉਸੇ ਤਰ੍ਹਾਂ ਮਿਲੇ।
  • ਸ੍ਰੀ ਦੇਵੀ ਤਲਾਬ ਮੰਦਰ ਪੀਠ ਵੱਲੋਂ ਚੁੰਨੀ, ਸ਼ਾਲ ਤੇ ਕਿਰਪਾਨ ਭੇਂਟ ਕੀਤੀ ਗਈ।
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਲੇ ਸੋ ਨਿਹਾਲ, ਜੈ ਭੀਮ, ਜੈ ਬਜਰੰਗੀ ਤੇ ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਭਾਸ਼ਣ ਸ਼ੁਰੂ ਕੀਤਾ।
  • ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਛੋਟੇ ਕਿਸਾਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਵੇਗਾ।

ਇਸ ਮੌਕੇ ਮੰਚ ’ਤੇ ਮੋਦੀ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਹਰਦੀਪ ਸਿੰਘ ਪੁਰੀ, ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੇਵਾਮੁਕਤ ਡੀਜੀਪੀ ਐੱਸਐੱਸ ਵਿਰਕ ਤੇ ਪਰਮਦੀਪ ਸਿੰਘ ਗਿੱਲ, ਸਰਬਜੀਤ ਸਿੰਘ ਮੱਕੜ, ਮਨੋਰੰਜਨ ਕਾਲੀਆ, ਕੇਡੀ ਭੰਡਾਰੀ ਅਤੇ ਤਰੁਣ ਚੁੱਘ ਤੇ ਹੋਰ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਲਈ ਕੰਮ ਨਹੀਂ ਕੀਤਾ ਸਗੋਂ ਹਮੇਸ਼ਾਂ ਅੜਿੱਕੇ ਡਾਹੇ ਹਨ। ਪ੍ਰਿਯੰਕਾ ਗਾਂਧੀ ਦਾ ਨਾਂ ਲਏ ਬਿਨਾਂ ਨਰਿੰਦਰ ਮੋਦੀ ਨੇ ਕਿਹਾ ਕਿ ਭੈਣ-ਭਰਾਵਾਂ ਸਮੇਤ ਚੋਟੀ ਦੇ ਕਾਂਗਰਸੀ ਆਗੂ ਇਹ ਬਿਆਨਬਾਜ਼ੀ ਕਰ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਦਾ ਸੀ ਇਸ ਕਰਕੇ ਉਸ ਨੂੰ ਹਟਾਉਣਾ ਪਿਆ।

ਪ੍ਰਧਾਨ ਮੰਤਰੀ ਨੇ ਦਲੀਲ ਦਿੱਤੀ ਕਿ ਇਸ ਦਾ ਮਤਲਬ ਇਹ ਹੋਇਆ ਕਿ ਸਾਰੀਆਂ ਕਾਂਗਰਸ ਸਰਕਾਰਾਂ ਰਿਮੋਟ ਕੰਟਰੋਲ ਨਾਲ ਚੱਲਦੀਆਂ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫੈਡਰਲ ਢਾਂਚੇ ਮੁਤਾਬਕ ਕੰਮ ਕੀਤਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਕਾਂਗਰਸ ਟੁੱਟ ਰਹੀ ਹੈ ਤਾਂ ਉਹ ਇਸ ਦੀ ਜ਼ਿੰਮੇਵਾਰੀ ਕਿਸੇ ਹੋਰ ’ਤੇ ਪਾ ਰਹੇ ਹਨ ਜਦਕਿ ਉਨ੍ਹਾਂ ਦੇ ਆਪਣੇ ਆਗੂ ਹੀ ਕਾਂਗਰਸ ਨੂੰ ਬੇਨਕਾਬ ਕਰ ਰਹੇ ਹਨ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਇਨ੍ਹਾਂ ਆਪਸ ਵਿਚ ਲੜਨ ਵਾਲੇ ਕਾਂਗਰਸੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਪੰਜਾਬ ਨੂੰ ਸਥਿਰ ਸਰਕਾਰ ਦੇ ਸਕਣਗੇ? ਮੋਦੀ ਨੇ ਆਪਣੇ ਭਾਸ਼ਣ ਵਿਚ ਸਿੱਖ ਗੁਰੂਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਤੇ ਗੁਰੂਆਂ ਦੀਆਂ ਸ਼ਤਾਬਦੀਆਂ ਮਨਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ’84 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਐੱਸਆਈਟੀ ਬਣਾਈ ਗਈ ਜਦਕਿ ਕਾਂਗਰਸ ਨੇ ਇਨ੍ਹਾਂ ਦੰਗਿਆਂ ਨੂੰ ਉਤਸ਼ਾਹਤ ਕੀਤਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਨੇ ਫੌਜ ਦੀ ਮਦਦ ਵੀ ਮੰਗੀ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਸ੍ਰੀ ਦੇਵੀ ਤਲਾਬ ਮੰਦਰ ਮੱਥਾ ਟੇਕਣ ਜਾਣ ਪਰ ਇਥੋਂ ਦੇ ਪੁਲੀਸ-ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ ਤੇ ਕਿਹਾ ਕਿ ਤੁਸੀਂ ਉਥੋਂ ਤੱਕ ਵੀ ਹੈਲੀਕਾਪਟਰ ਵਿਚ ਹੀ ਚਲੇ ਜਾਓ। ਨਰਿੰਦਰ ਮੋਦੀ ਨੇ ਕਿਹਾ ਕਿ ਉਹ ਦੁਬਾਰਾ ਜ਼ਰੂਰ ਆਉਣਗੇ ਤੇ ਮਾਂ ਦੇ ਚਰਨਾਂ ਵਿਚ ਸੀਸ ਝੁਕਾ ਕੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦਾ ਬਹੁਤਾ ਸਮਾਂ ਨਸ਼ਿਆਂ ’ਤੇ ਕੇਂਦਰਤ ਰੱਖਿਆ ਕਿ ਕਿਵੇਂ ਪਿਛਲੀਆਂ ਸਰਕਾਰਾਂ ਸਮੇਂ ਨਸ਼ਿਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ। ਨਸ਼ਿਆਂ ਬਾਰੇ ਭਾਵੁਕ ਅਪੀਲ ਕਰਦਿਆਂ ਉਨ੍ਹਾਂ ਪੰਜਾਬ ਦੀਆਂ ਔਰਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਸੋਚ ਕੇ ਦੇਖਣ ਕਿ ਚੰਗਾ ਜੀਵਨ ਜਿਊਣ ਦੇ ਬਾਵਜੂਦ ਜੇ ਪੁੱਤਰ ਨਸ਼ਿਆਂ ਦੀ ਦਲਦਲ ਵਿਚ ਫਸ ਜਾਵੇ ਤਾਂ ਫਿਰ ਉਨ੍ਹਾਂ ਲਈ ਚੀਜ਼ਾਂ ਦੀ ਕੀ ਕੀਮਤ ਰਹਿ ਜਾਵੇਗੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਨਾਂ ਲਏ ਬਿਨਾਂ ਤਿੱਖਾ ਸਿਆਸੀ ਹੱਲਾ ਬੋਲਿਆ ਕਿ ਕਿਵੇਂ ਕੁਝ ਲੋਕ ਪੰਜਾਬ ਵਿਚ ਆ ਕੇ ਝੂਠ ਬੋਲ ਰਹੇ ਹਨ ਕਿ ਉਹ ਪੰਜਾਬ ਨੂੰ ਨਸ਼ਾ-ਮੁਕਤ ਕਰ ਦੇਣਗੇ ਜਦਕਿ ਉਨ੍ਹਾਂ ਨੇ ਹਰ ਗਲੀ-ਮੁਹੱਲੇ ਵਿਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਹਨ। ਉਨ੍ਹਾਂ ਨੇ ਪੰਜਾਬ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।

ਪ੍ਰਕਾਸ਼ ਸਿੰਘ ਬਾਦਲ ’ਤੇ ਸੇਧਿਆ ਨਿਸ਼ਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਵਿਚ ਜਦੋਂ ਅਕਾਲੀ ਦਲ ਨਾਲ ਗੱਠਜੋੜ ਸੀ ਤਾਂ ਭਾਜਪਾ ਨੇ ਹਮੇਸ਼ਾ ਹੀ ਛੋਟੇ ਭਰਾ ਵਾਲੀ ਭੂਮਿਕਾ ਨਿਭਾਈ ਸੀ। ਇਕ ਵਾਰ ਅਜਿਹਾ ਮੌਕਾ ਵੀ ਆਇਆ ਜਦੋਂ ਭਾਜਪਾ ਤੋਂ ਬਿਨਾਂ ਪੰਜਾਬ ਵਿਚ ਸਰਕਾਰ ਨਹੀਂ ਸੀ ਬਣ ਸਕਦੀ, ਉਦੋਂ ਭਾਜਪਾ ਦਾ ਉਪ ਮੁੱਖ ਮੰਤਰੀ ਬਣਨਾ ਚਾਹੀਦਾ ਸੀ ਪਰ ਭਾਜਪਾ ਨਾਲ ਅਨਿਆਂ ਹੋਇਆ। ਮੋਦੀ ਨੇ ਕਿਹਾ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਜਦਕਿ ਭਾਜਪਾ ਦੇ ਮਨੋਰੰਜਨ ਕਾਲੀਆ ਦਾ ਪੂਰਾ ਹੱਕ ਬਣਦਾ ਸੀ ਕਿ ਉਨ੍ਹਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾਂਦਾ। ਪਰ ਭਾਜਪਾ ਨੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਨਹੀਂ ਕੀਤਾ ਕਿ ਉਹ ਸਰਕਾਰ ਤੋੜ ਦੇਵੇ ਕਿਉਂਕਿ ਭਾਜਪਾ ਪੰਜਾਬ ਦਾ ਭਲਾ ਚਾਹੁੰਦੀ ਸੀ।

‘ਕਾਂਗਰਸ ਦੇ ਯੁਵਰਾਜ ਕਾਰਨ ਮੇਰਾ ਹੈਲੀਕੌਪਟਰ ਰੋਕਿਆ ਗਿਆ ਸੀ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਦਾ ਹੈਲੀਕੌਪਟਰ ਰੋਕੇ ਜਾਣ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ 2014 ਵਿਚ ਪ੍ਰਚਾਰ ਵਾਸਤੇ ਉਨ੍ਹਾਂ ਪਠਾਨਕੋਟ ਤੇ ਉੱਥੋਂ ਹਿਮਾਚਲ ਜਾਣਾ ਸੀ ਤਾਂ ਕਾਂਗਰਸ ਦਾ ‘ਯੁਵਰਾਜ’ ਸਿਰਫ ਸੰਸਦ ਮੈਂਬਰ ਸੀ ਤੇ ਉਹ ਪੰਜਾਬ ਦੇ ਦੌਰੇ ’ਤੇ ਸੀ। ਇਸੇ ਵਜ੍ਹਾ ਕਾਰਨ ਉਨ੍ਹਾਂ ਦਾ ਹੈਲੀਕੌਪਟਰ ਨਹੀਂ ਉਡਣ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਆਪਣੇ ਹਿਮਾਚਲ ਵਾਲੇ ਪ੍ਰੋਗਰਾਮ ਰੱਦ ਕਰਨੇ ਪਏ ਸਨ।

ਮੋਦੀ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਨੇ: ਸੁਖਦੇਵ ਢੀਂਡਸਾ

ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਕਰਕੇ ਕਿਉਂਕਿ ਉਹ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬੁਰੇ ਹਾਲਾਤਾਂ ’ਚੋਂ ਲੰਘ ਰਿਹਾ ਹੈ, ਇਥੋਂ ਦੀ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਸੂਬੇ ਸਿਰ 5 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ।

ਪ੍ਰਧਾਨ ਮੰਤਰੀ ਮੋਦੀ ਨਾਲ ਮੇਰਾ ਬਹੁਤ ਪਿਆਰ: ਕੈਪਟਨ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਪਿਆਰ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਪਹਿਲਾ ਕੰਮ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਸੁਰੱਖਿਆ ਮਜ਼ਬੂਤ ਕਰੀਏ। ਦੂਜੀ ਗੱਲ ਕਿ ਪੰਜਾਬ ਦੇ ਸਿਰ ਚੜ੍ਹੇ ਪੰਜ ਲੱਖ ਕਰੋੜ ਦੇ ਕਰਜ਼ੇ ਦਾ ਨਿਬੇੜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਅਗਲੇ ਸਾਲ ਜੀਐੱਸਟੀ ਦਾ ਫੰਡ ਵੀ ਮੁੱਕ ਜਾਵੇਗਾ ਤਾਂ ਫਿਰ ਪੈਸਾ ਕਿੱਥੋਂ ਆਵੇਗਾ? ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਮਿਲ ਕੇ ਚੱਲੇਗੀ ਤਾਂ ਹੀ ਪੰਜਾਬ ਦਾ ਭਵਿੱਖ ਬਣੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਜਜ਼ਬੇ ਨਾਲ ਉਹ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਆਏ ਹਨ ਉਸੇ ਤਰ੍ਹਾਂ ਹੀ ਉਹ ਉਮੀਦਵਾਰਾਂ ਨੂੰ ਜਿਤਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਾਲ ਬੜਾ ਪਿਆਰ ਹੈ। ਜਿਵੇਂ ਕਾਂਗਰਸ ਵੀ ਕਹਿੰਦੀ ਹੈ ਕਿ ਮੇਰਾ ਭਾਜਪਾ ਨਾਲ ਪਿਆਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ, ਉਨ੍ਹਾਂ ਦਾ ਪਿਆਰ ਤਾਂ ਮੋਦੀ ਨਾਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੱਲ ਵੀ ਯਾਦ ਕਰਵਾਈ ਕਿ ਉਹ ਪਹਿਲੀ ਵਾਰ ਉਨ੍ਹਾਂ ਨੂੰ 30 ਸਾਲ ਪਹਿਲਾਂ ਜਲੰਧਰ ਵਿਚ ਹੀ ਇਕ ਸਮਾਗਮ ਦੌਰਾਨ ਮਿਲੇ ਸਨ ਤੇ ਅੱਜ ਵੀ ਉਹ ਜਲੰਧਰ ਵਿਚ ਇਕ ਮੰਚ ’ਤੇ ਇਕੱਠੇ ਹੋਏ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTrudeau declares emergency to end truck blockades
Next articleAmritsar Wins Tata’s Confidence: Air India Increase Frequency of London Heathrow – Amritsar to 3 flights per week