• ਦਲ ਖਾਲਸਾ ਵੱਲੋਂ ਪੰਜਾਬ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਸ਼ੁਰੂ
ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ ) “ਪੰਜਾਬ ਵਿੱਚ ਵਿਕਦਾ ਨਸ਼ਾ ਬੰਦ ਕਰਨਾ ਸਿਆਸੀ ਪਾਰਟੀਆਂ ਲਈ ਇੱਕ ਅਜਿਹਾ ਹਾਟ ਕੇਕ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਦੀ ਚਾਬੀ ਹਥਿਆਉਣ ਦਾ ਜ਼ਰੀਆ ਬਣਦਾ ਹੈ” ਇਹ ਵਿਚਾਰ ਦਲ ਖਾਲਸਾ ਦੇ ਜਥੇਬੰਦਕ ਸਕੱਤਰ ਭਾਈ ਰਣਵੀਰ ਸਿੰਘ ਗੀਗਨਵਾਲ ਨੇ ਹੁਸ਼ਿਆਰਪੁਰ ਦੇ ਇੱਕ ਹੋਟਲ ਵਿੱਚ ਕਰਵਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਭਾਈ ਰਣਵੀਰ ਸਿੰਘ ਗੀਗਨਵਾਲ ਨੇ ਹੈਰਾਨਕੁੰਨ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਨਸ਼ਾ ਛੱਡਣ ਵਾਲੇ ਨੌਜਵਾਨਾਂ ਵਿੱਚੋਂ 80% ਅਜਿਹੇ ਹਨ ਜੋ ਦੁਬਾਰਾ ਆਸਾਨੀ ਨਾਲ ਨਸ਼ਾ ਮਿਲਣ ਤੇ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ ਕੇਵਲ 20% ਨੌਜਵਾਨ ਅਜਿਹੇ ਹੁੰਦੇ ਹਨ ਜੋ ਸਹੀ ਮਾਇਨੇ ਵਿੱਚ ਨਸ਼ੇ ਤੋਂ ਮੁਕਤ ਹੁੰਦੇ ਹਨ | ਸੂਬੇ ਵਿੱਚ ਆਸਾਨੀ ਨਾਲ ਨਸ਼ਾ ਮਿਲਣਾ ਹੀ ਨਸ਼ੇ ਦੀ ਰੋਕਥਾਮ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਜੋ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਸਰਕਾਰਾਂ ਦੇ ਦਾਅਵਿਆਂ ਦਾ ਮੂੰਹ ਚਿੜਾ ਰਿਹਾ ਹੈ | ਉਹਨਾਂ ਕਿਹਾ ਕਿ ਦਲ ਖਾਲਸਾ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਹੁਸ਼ਿਆਰਪੁਰ ਵਿੱਚ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਜੋ ਖੁਦ ਵੀ ਆਯੁਰਵੈਦਿਕ ਦਵਾਈਆਂ ਦੇ ਮਾਹਰ ਹਨ, ਵੱਲੋਂ ਨਸ਼ਿਆਂ ਦੀ ਸ਼ਿਕਾਰ ਹੋਏ ਨੌਜਵਾਨਾਂ ਦਾ ਆਯੁਰਵੈਦਿਕ ਦਵਾਈਆਂ ਨਾਲ ਇਲਾਜ ਕਰਨ ਦਾ ਸਿਲਸਿਲੇਵਾਰ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ 20 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਸ਼ਾ ਮੁਕਤ ਕਰਨ ਲਈ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਇਸ ਤੋਂ ਵਡੇਰੀ ਉਮਰ ਦੇ ਨੌਜਵਾਨਾਂ ਨੂੰ ਬਹੁਤ ਘੱਟ ਕੀਮਤ ਤੇ ਪ੍ਰਭਾਵਸ਼ਾਲੀ ਦਵਾਈਆਂ ਨਾਲ ਨਸ਼ਾ ਛੁੜਾਉਣ ਦੇ ਕਾਬਲ ਬਣਾਇਆ ਜਾਵੇਗਾ | ਪ੍ਰੈਸ ਕਾਨਫਰਸ ਦੌਰਾਨ ਜਾਣਕਾਰੀ ਦਿੰਦੀਆਂ ਦਲ ਖਾਲਸਾ ਦੇ ਜਿਲਾ ਪ੍ਰਧਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਆਦਰਵੈਦਿਕ ਕੈਂਪ ਨਸ਼ਾ ਛੁਡਾਉਣ ਲਈ ਲਗਾਏ ਜਾ ਰਹੇ ਹਨ ਇਸ ਵਿੱਚ ਪਹੁੰਚ ਕੇ ਨਸ਼ੇ ਦੇ ਸ਼ਿਕਾਰ ਨੌਜਵਾਨ ਆਪਣਾ ਇਲਾਜ ਸ਼ੁਰੂ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਜਿਹੜੀਆਂ ਹੋਰ ਵੀ ਸੰਸਥਾਵਾਂ ਲੋਕ ਭਲਾਈ ਦੇ ਲਈ ਕੰਮ ਕਰਦੀਆਂ ਹਨ ਤਾਂ ਉਹ ਕਿਰਪਾ ਕਰਕੇ ਆਪਣੇ ਇਲਾਕੇ ਵਿੱਚ ਦਲ ਖਾਲਸਾ ਦੇ ਜ਼ਿਲਾ ਜਥੇਦਾਰਾਂ ਜਾਂ ਹੋਰ ਅਹੁਦੇਦਾਰਾਂ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਪੰਜਾਬ ਦੇ ਵਿੱਚ ਚੱਲਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਪੱਕਾ ਬੰਨ ਲਾ ਸਕੀਏ ਪੰਜਾਬ ਦੀ ਨੌਜਵਾਨੀ ਨੂੰ ਬਚਾ ਕੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਵੱਡਾ ਰੋਲ ਅਦਾ ਕਰ ਸਕੀਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਮੂਨਕਾਂ, ਰਣਬੀਰ ਸਿੰਘ ਅਗਜੈਕਟਿਵ ਮੈਂਬਰ,ਤਜਿੰਦਰ ਸਿੰਘ ਪਾਬਲਾ,ਚਨਪ੍ਰੀਤ ਸਿੰਘ, ਮੁਕੇਸ਼ ਰਾਣਾ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly