ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਨੇ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਐਸ.ਏ.ਐਸ ਨਗਰ  ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮਨਜਿੰਦਰ ਸਿੰਘ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਵੀ ਮੌਜੂਦ ਸਨ। ਦੌਰੇ ਦੌਰਾਨ ਉਨ੍ਹਾਂ ਜੇਲ੍ਹ ਦੇ ਕੈਦੀਆਂ/ਬੰਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕੇਂਦਰੀ ਜੇਲ੍ਹ ਸੁਪਰਡੈਂਟ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕੈਦੀਆਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਜੇਲ੍ਹ ਵਿੱਚ ਪਰੋਸੇ ਜਾ ਰਹੇ ਖਾਣੇ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਰਸੋਈ ਦਾ ਨਿਰੀਖਣ ਕੀਤਾ ਅਤੇ ਜੇਲ੍ਹ ਅੰਦਰ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ। ਇਸ ਮੌਕੇ ਅਧਿਕਾਰੀਆਂ ਨੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ, ਕਾਨੂੰਨੀ ਸੇਵਾਵਾਂ ਕਮੇਟੀ, ਮਾਣਯੋਗ ਪੰਜਾਬ ਅਤੇ ਹਰਿਆਣਾ ਕਾਨੂੰਨੀ ਸੇਵਾਵਾਂ ਕਮੇਟੀ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਬ-ਡਵੀਜ਼ਨ ਪੱਧਰ ‘ਤੇ ਕਾਨੂੰਨੀ ਸੇਵਾਵਾਂ ਕਮੇਟੀਆਂ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹ ਵਿੱਚ ਸਥਾਪਿਤ ਲੀਗਲ ਏਡ ਕਲੀਨਿਕ ਦੇ ਕੰਮਕਾਜ ਦਾ ਰਜਿਸਟਰ ਵੀ ਚੈੱਕ ਕੀਤਾ।               ਇਸ ਮੌਕੇ ਵਾਤਾਵਰਣ ਦੀ ਸੰਭਾਲ ਦੇ ਮੱਦੇਨਜ਼ਰ ਪੌਦੇ ਵੀ ਲਗਾਏ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਰੁੱਖ ਕੁਦਰਤ ਦਾ ਅਨਮੋਲ ਤੋਹਫ਼ਾ ਹਨ ਅਤੇ ਇਹ ਜੀਵਨ ਜਿਊਣ ਦਾ ਉੱਤਮ ਸਾਧਨ ਹਨ। ਇਨ੍ਹਾਂ ਤੋਂ ਦਵਾਈਆਂ, ਲੱਕੜ ਦੇ ਘਰ ਅਤੇ ਫਰਨੀਚਰ ਆਦਿ ਵੀ ਬਣਦੇ ਹਨ ਅਤੇ ਇਹ ਹੜ੍ਹ ਦੇ ਪਾਣੀ ਤੋਂ ਵੀ ਬਚਾਅ ਕਰਦੇ ਹਨ। ਉਨ੍ਹਾਂ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰੁੱਖ ਲਗਾਉਣ ਦੀ ਸਲਾਹ ਦਿੱਤੀ। ਇਸ ਮੌਕੇ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਬਲਜੀਤ ਸਿੰਘ ਘੁੰਮਣ, ਡਿਪਟੀ ਸੁਪਰਡੈਂਟ ਹਰਭਜਨ ਸਿੰਘ ਅਤੇ ਚੀਫ਼ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਵਿਸ਼ਾਲ ਕੁਮਾਰ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਸ.ਡੀ.ਐਮ ਨੇ ਸਾਂਝੀ ਰਸੋਈ ਦਾ ਦੌਰਾ ਕਰਕੇ ਭੋਜਨ ਦੀ ਗੁਣਵੱਤਾ ਦੀ ਕੀਤੀ ਜਾਂਚ ਕਿਹਾ, ਸਮਾਜ ਸੇਵਾ ਦੀ ਉੱਤਮ ਮਿਸਾਲ ਹੈ ਸਾਂਝੀ ਰਸੋਈ
Next articleਨੇਤਰਦਾਨ ਐਸੋਸ਼ੀਏਸ਼ਨ ਹੁਸ਼ਿਆਰਪੁਰ ਵੱਲੋਂ ਮਾਸਟਰ ਇਕਬਾਲ ਸਿੰਘ ਬਾਹਗਾ ਸਨਮਾਨਿਤ