ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭਗਤਾ ਭਾਈ ਕਾ ਦੀ ਮਾਸਿਕ ਇਕੱਤਰਤਾ ਨਰੇਗਾ ਭਵਨ ਵਿੱਚ ਹੋਈ ਜੋ ਸਵੇਰੇ 10-00 ਵਜੇ ਤੋਂ ਲੈ ਕੇ ਦੁਪਹਿਰ 1-00 ਵਜੇ ਤੱਕ ਚੱਲੀ। ਆਰੰਭ ਵਿੱਚ ਦਸੰਬਰ ਮਹੀਨੇ ਵਿਛੁੜ ਚੁੱਕੀਆਂ ਤਿੰਨ ਪੈਨਸ਼ਨਰ ਸ਼ਖ਼ਸ਼ੀਅਤਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦੇ ਨਾਓਂ — ਮਾਸਟਰ ਬਲਦੇਵ ਰਾਮ ਨਥਾਣਾ, ਮਾਸਟਰ ਸਾਧੂ ਸਿੰਘ ਡੋਡ ਅਤੇ ਬੀਬੀ ਪਰਮਿੰਦਰ ਕੌਰ ਕੋਠਾ ਗੁਰੂ ਸੁਪਰਡੈਂਟ ਪੰਚਾਇਤ ਵਿਭਾਗ ਵਰਨਣਯੋਗ ਹਨ। ਉਪਰੰਤ ਕ੍ਰਮਵਾਰ ਨਿਮਨ ਬੋਲਾਰਿਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਡਾਕਟਰ ਗੁਰਜੀਤ ਸਿੰਘ ਜਨਰਲ ਸਕੱਤਰ ਭਗਤਾ, ਮਾਸਟਰ ਨਰਿੰਦਰ ਕੁਮਾਰ ਭਗਤਾ, ਮਾਸਟਰ ਗੁਰਚਰਨ ਸਿੰਘ ਭਗਤਾ ਭਾਈ, ਮਾਸਟਰ ਲਾਭ ਸਿੰਘ ਡੋਡ, ਮਾਸਟਰ ਜੋਰਾ ਸਿੰਘ ਮੌਜੀ ਬੁਰਜ਼ ਥਰੋੜ, ਮਾਸਟਰ ਸੁਲੱਖਣ ਸਿੰਘ ਸੂਬਾ ਪ੍ਰੈੱਸ ਸਕੱਤਰ ਭਗਤਾ ਭਾਈ ਅਤੇ ਮਾਸਟਰ ਆਤਮ ਤੇਜ ਸ਼ਰਮਾ ਕੋਠਾ ਗੁਰੂ ਆਦਿਕ ਬੋਲਾਰਿਆਂ ਵੱਲੋਂ ਸਾਂਝਾ ਜਿਹਾ, ਮਿਲਦਾ ਜੁਲਦਾ ਭਾਸ਼ਨ ਦਿੱਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣ ਦੇਖੀ ਕਰਨ ਦੀ ਨਿਖੇਧੀ ਕੀਤੀ ਗਈ। ਸਾਲ 2025 ਦੌਰਾਨ ਡੀ.ਏ.ਦੀ ਕੋਈ ਵੀ ਕਿਸ਼ਤ ਨਾ ਦੇਣਾ ਸਰਕਾਰ ਦੀ ਖੋਟੀ ਮਨਸ਼ਾ ਨੂੰ ਦਰਸਾਉਂਦਾ ਹੈ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਾਲ ਡੀ.ਏ.ਦੀ ਕਿਸ਼ਤ ਹੀ ਜ਼ਾਰੀ ਨਾ ਕੀਤੀ ਗਈ ਹੋਵੇ। ਇਸ ਤੋਂ ਇਲਾਵਾ ਸਮੁੱਚੇ ਦੇਸ਼ ਅਤੇ ਪੰਜਾਬ ਵਿੱਚ ਫੈਲਾਈ ਜਾ ਰਹੀ ਅਰਾਜਕਤਾ, ਫਿਰਕਾਪ੍ਰਸਤੀ, ਘੱਟ ਗਿਣਤੀ ਸ਼੍ਰੇਣੀਆਂ ‘ਤੇ ਕੀਤੇ ਜਾ ਰਹੇ ਹਮਲੇ, ਸੰਵਿਧਾਨ ਦੀ ਕੀਤੀ ਜਾ ਰਹੀ ਅਵਹੇਲਨਾ, ਨਵੀਆਂ ਵਿਦਿਅਕ ਨੀਤੀਆਂ ਲਾਗੂ ਕਰਨ ਸੰਬੰਧੀ, ਸਰਕਾਰੀ ਅਦਾਰਿਆਂ ਦਾ ਪ੍ਰਾਈਵੇਟ ਕੀਤਾ ਜਾਣਾ ਅਤੇ ਧਾਰਮਿਕ ਕੱਟੜਪੰਥੀਆਂ ਅਧੀਨ ਫੈਲਾਈ ਜਾ ਰਹੀ ਦਹਿਸ਼ਤ ਨੇ ਦੇਸ਼ ਨੂੰ ਅਧੋਗਤੀ ਦੀ ਹਾਲਤ ਵਿੱਚ ਲੈ ਆਂਦਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਘਟ ਰਹੀ ਗਿਣਤੀ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਗਈ ਜਦੋਂ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਚੁੱਕੇ ਵਿਦਿਆਰਥੀਆਂ ਨੇ ਵਿਕਾਸ ਦੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਜੋ ਸਾਇੰਸਦਾਨ, ਵਿਗਿਆਨੀ, ਮਿਲਟਰੀ ਅਫ਼ਸਰ, ਏਅਰਫੋਰਸ ਅਫ਼ਸਰ, ਆਈ.ਏ.ਐਸ.ਅਫ਼ਸਰ ਦੇ ਅਹੁਦਿਆਂ ਤੋਂ ਇਲਾਵਾ ਵਿਦਿਅਕ ਖੇਤਰ/ਰਾਜਨੀਤਕ ਖੇਤਰ ਆਦਿਕ ਸਭ ਤਰ੍ਹਾਂ ਦੇ ਉੱਚ ਅਧਿਕਾਰੀਆਂ ਵਜੋਂ ਯੋਗਤਾ ਪੂਰਵਕ ਦੇਸ਼ ਦੀ ਹਰ ਪ੍ਰਕਾਰ ਦੀ ਤਰੱਕੀ ਵਿੱਚ ਮੋਹਰੀ ਰਹੇ ਹਨ। ਬੋਲਾਰਿਆਂ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਮਹਿੰਗੀ ਵਿੱਦਿਆ ਪ੍ਰਾਪਤ ਕਰ ਰਹੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਜਾਵੇ। ਪਿਛਲੇ ਨਵੰਬਰ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਨਮਨ ਕਰਦੇ ਹੋਏ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਵ ‘ਤੇ ਸਾਰੇ ਹਾਊਸ ਨੂੰ ਮੁਬਾਰਕਵਾਦ ਦਿੰਦੇ ਹੋਏ ਖ਼ੁਸ਼ੀ ਸਾਂਝੀ ਕੀਤੀ ਗਈ। ਇਸ ਸਮੇਂ ਬਲਾਕ ਭਗਤਾ ਭਾਈ ਦੀ ਪੈਨਸ਼ਨਰ ਐਸੋਸੀਏਸ਼ਨ ਕਮੇਟੀ ਦੀ ਅਗਲੇ ਸਾਲ ਲਈ ਚੋਣ ਕੀਤੀ ਗਈ ਅਤੇ ਸਾਰੇ ਹਾਜ਼ਰ ਪੈਨਸ਼ਨਰਾਂ ਵੱਲੋਂ ਸਰਬਸੰਮਤੀ ਨਾਲ਼ ਪਹਿਲੀ ਕਮੇਟੀ ਨੂੰ ਬਹਾਲ ਰੱਖਿਆ ਗਿਆ। ਕਮੇਟੀ ਮੈਂਬਰਾਂ ਵੱਲੋਂ ਪਿਛਲੇ ਸਾਲ ਦੇ ਬਜ਼ਟ ਦਾ ਲੇਖਾ-ਜੋਖਾ ਕਰਦਿਆਂ ਹਾਜ਼ਰ ਪੈਨਸ਼ਨਰਾਂ ਨੂੰ ਆਮਦਨ ਤੇ ਖ਼ਰਚ ਦਾ ਵੇਰਵਾ ਤਫ਼ਸੀਲ ਨਾਲ ਮਾਸਟਰ ਆਤਮ ਤੇਜ ਸ਼ਰਮਾ ਕੋਠਾ ਗੁਰੂ ਵੱਲੋਂ ਦੱਸਿਆ ਗਿਆ। ਇਸ ਸਮੇਂ ਜਿੱਥੇ ਹੋਰ ਅਨੇਕ ਮਸਲਿਆਂ ਤੇ ਚਰਚਾ ਹੋਈ ਉੱਥੇ ਸਰਕਾਰ ਵੱਲੋਂ ਪੱਤਰਕਾਰਾਂ ‘ਤੇ ਦਰਜ ਕੀਤੇ ਗਏ ਨਾਜਾਇਜ਼ ਪਰਚਿਆਂ (ਐਫ ਆਈ ਆਰ) ਦੀ ਨਿੰਦਾ ਕਰਦੇ ਹੋਏ ਇਸ ਨੂੰ ਸਿੱਧਾ ਲੋਕ ਹਿਤਾਂ ਦਾ ਘਾਣ ਦੱਸਿਆ। ਇਸ ਨੂੰ ਲੋਕਾਂ ਦੀ ਆਵਾਜ਼ ਦਬਾਉਣ ਦੀ ਸਿੱਧੀ ਕਾਰਵਾਈ ਘੋਸ਼ਿਤ ਕੀਤਾ ਗਿਆ ਅਤੇ ਪੁਰਜ਼ੋਰ ਸ਼ਬਦਾਂ ਵਿੱਚ ਵਿਰੋਧ ਕਰਦੇ ਹੋਏ ਸਾਰੇ ਪੈਨਸ਼ਨਰਾਂ ਨੇ ਹੱਥ ਖੜ੍ਹੇ ਕਰ ਕੇ ਇਹ ਪ੍ਰਣ ਕੀਤਾ ਕਿ ਸਰਕਾਰ ਦੀਆਂ ਅਜਿਹੀਆਂ ਲੋਕ ਮਾਰੂ ਨੀਤੀਆਂ ਕਦਾਚਿਤ ਵੀ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ, ਇਹਨਾਂ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਸੂਬਾ ਜਨਰਲ ਬਾਡੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਪ੍ਰਾਪਤ ਹੋਏ ਨਵੇਂ ਸਾਲ 2026 ਦੇ ਕੈਲੰਡਰ ਐਸੋਸੀਏਸ਼ਨ ਮੈਂਬਰਾਂ ਨੂੰ ਨਿਸ਼ੁਲਕ ਤਕਸੀਮ ਕੀਤੇ ਗਏ। ਹਾਜ਼ਰ ਮੈਂਬਰਾਂ ਵਿੱਚ ਮਾਸਟਰ ਅਮਰਜੀਤ ਸਿੰਘ ਵਿੱਤ ਸਕੱਤਰ ਭਗਤਾ ਭਾਈ, ਭਾਈ ਕੌਰ ਸਿੰਘ ਕੋਠਾ ਗੁਰੂ ਪ੍ਰੈਸ ਸਕੱਤਰ, ਹਾਕਮ ਸਿੰਘ ਕੋਆਪਰੇਟਿਵ ਇੰਸਪੈਕਟਰ, ਮਾਸਟਰ ਸੁਰਜੀਤ ਸਿੰਘ, ਮਾਸਟਰ ਰਣਜੋਧ ਸਿੰਘ, ਮਾਸਟਰ ਗੁਰਦੀਪ ਸਿੰਘ, ਮਾਸਟਰ ਨਛੱਤਰ ਸਿੰਘ, ਰੇਸ਼ਮ ਸਿੰਘ (ਸਾਰੇ ਭਗਤਾ ਭਾਈ), ਮਾਸਟਰ ਬਲਵਿੰਦਰ ਸਿੰਘ ਪੀ.ਟੀ.ਆਈ, ਮਾਸਟਰ ਸਵਰਨ ਸਿੰਘ ਕੇਸਰ ਸਿੰਘ ਵਾਲਾ, ਮਾਸਟਰ ਬਾਵਾ ਸਿੰਘ, ਮਾਸਟਰ ਬੰਤਾ ਸਿੰਘ, ਡਾਕਟਰ ਬਰਜਿੰਦਰ ਸਿੰਘ (ਤਿੰਨੋਂ ਕੋਠਾ ਗੁਰੂ), ਮਾਸਟਰ ਦੌਲਤ ਰਾਮ, ਬੂਟਾ ਸਿੰਘ ਭਗਤਾ, ਹਰਮੇਲ ਸਿੰਘ, ਸਤਪਾਲ ਸਿੰਘ, ਮਾਸਟਰ ਸੁਰਜੀਤ ਸਿੰਘ ਮਲੂਕਾ ਅਤੇ ਬਲਬੀਰ ਸਿੰਘ ਜ਼ਿਲ੍ਹੇਦਾਰ ਹਮੀਰਗੜ੍ਹ ਆਦਿਕ ਦੇ ਨਾਂ ਵਰਨਣਯੋਗ ਹਨ। ਅਖੀਰ ਵਿੱਚ ਸਭ ਨੂੰ ਚਾਹ ਪਾਣੀ ਛਕਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



