(ਸਮਾਜ ਵੀਕਲੀ)
ਅਸੀਂ ਹਮੇਸ਼ਾ ਏਸ ਵਿਚਾਰ ਦੇ ਕਾਇਲ ਰਹੇ ਹਾਂ ਕਿ ਮਨੁੱਖ ਵਿਚ ਏਨੀ ਕੂਵਤ ਨਹੀਂ ਹੈ ਕਿ ਉਹ ਕੋਈ ਜਿਉਂਦੀ ਸ਼ੈ ਦੀ ਸਿਰਜਣਾ ਕਰ ਸਕੇ। ਸੋ, ਕਿਸੇ ਜਿਊਂਦੇ ਜੀਅ ਦਾ ਘਾਣ ਕਰਨ ਦਾ ਕਿਸੇ ਇਨਸਾਨ ਨੂੰ ਹਕ਼ ਨਹੀਂ ਹੈ। ਨਹੀਂ ਹੈ, ਨਹੀਂ ਹੈ!
(ਦੋ)
ਬਹੁਤ ਸਾਰੇ ਪਾਠਕਾਂ ਨੇ ਖ਼ਾਦਿਮ ਕੋਲੋਂ ਪੁੱਛਿਆ ਹੈ ਕਿ ਅੰਬਰਸਰ ਵਿਚ ਸ਼ਿਵ ਸੈਨਾ ਅਹੁਦੇਦਾਰ ਨਾਲ ਵਾਪਰੇ ਕ਼ਤਲ ਦੇ ਵਾਕਿਆ ਬਾਰੇ ਮੇਰੀ ਸਮਝ ਕੀ ਹੈ?
ਤਾਂ ਏਸ ਪ੍ਰਸੰਗ ਵਿਚ ਇਹੀ ਕਹਿਣਾ ਚਾਹਾਂਗਾ ਕਿ ਸ਼ਿਵ ਸੈਨਿਕ ਦਾ ਕ਼ਤਲ ਕਿਸੇ ਵਿਚਾਰ-ਧਾਰਕ ਤਕਰਾਰ/ਟਕਰਾਅ ਦਾ ਅੰਜਾਮ ਨਹੀਂ ਹੈ! ਬਲਕਿ 2 ਮੰਦਰਾਂ ਦੀਆਂ ਕਮੇਟੀਆਂ ਦੀ ਪ੍ਰੰਪਰਕ ਈਰਖਾ ਦੇ ਸਿਲਸਿਲੇ ਵਿਚ ਇਹ ਐਕਸ਼ਨ ਹੋਇਆ ਹੈ। ਬਾਕੀ, ਰਹੀ ਗੱਲ ਸੂਰੀ ਦੀ ਸਿਆਸਤ ਦੀ, ਤਾਂ ਉਹ ਕ਼ਤਈ ਤੌਰ ਉੱਤੇ ਹਿੰਦੂ ਸਮਾਜ ਦਾ ਨੁਮਾਇੰਦਾ ਨਹੀਂ ਸੀ। ਸੂਰੀ ਨੇ ਸਿੱਖਾਂ ਨੂੰ ਕੁਲ ਆਬਾਦੀ ਦਾ 2ਫੀਸਦ ਕਹਿ ਕੇ ਬਾਲੀਵੁੱਡ ਦੇ ਅਸਰ ਵਾਲ਼ੀ ਬੋਲੀ ਵਿਚ ਕਿਸੇ ਸਿਨੇਮਾ ਕਲਾਕਾਰ ਵਾਂਗ ਕਿਹਾ ਸੀ “ਜਦੋਂ ਚਾਹੀਏ ਮਸਲ ਦਿਆਂਗੇ”। ਇਹ ਵੀਡੀਓ ਕਲਿੱਪ ਵੀ ਸੋਸ਼ਲ ਮੀਡੀਆ ਉੱਤੇ ਘੁੱਮਦੀ ਰਹੀ ਏ। ਉਹ ਮੁਸਲਮਾਨਾਂ ਲਈ ਮੁੱਲੇ ਲਫ਼ਜ਼ ਵਰਤਦਾ ਸੀ।
***
ਜਹਾਲਤ ਬਨਾਮ ਵਪਾਰਕ ਹੈਂਕੜ
ਬਜ਼ਾਰ ਵਿਚ ਅਨੇਕਾਂ ਖੁਣਸੀ ਹੁੰਦੇ ਨੇ, ਜਿੰਨ੍ਹਾਂ ਨੇ ਜ਼ਿੰਦਗੀ ਵਿਚ ਕਦੇ ਕਿਸੇ ਅਖ਼ਬਾਰ ਦਾ ਸੰਪਾਦਕੀ ਸਫ਼ਾ ਨਹੀਂ ਪੜ੍ਹਿਆ ਹੁੰਦਾ! ਪਰ ਸਿਆਸੀ ਚੌਧਰ ਦੇ ਤਲ਼ਬਗ਼ਾਰ ਹੁੰਦੇ ਹਨ। ਸਮਾਜ ਵਿਚ ਤੁਰੇ ਫਿਰਦੇ ਅਨੇਕਾਂ ਸ਼ਿਵ ਸੈਨਿਕਾਂ ਦੇ ਲੱਛਣ ਅਸੀਂ ਦੇਖੇ ਹਨ ਕਿ ਇਹ ਕਿਸੇ ਵੀ ਅਖ਼ਬਾਰ/ਰਸਾਲੇ ਦੇ ਰੂਟੀਨ ਪਾਠਕ ਨਹੀਂ ਹੁੰਦੇ। ਬੱਸ, “ਹਲਾ ਲਲਾ” ਕਰਨਾ ਇਨ੍ਹਾਂ ਦਾ ਕੰਮ ਹੁੰਦਾ ਹੈ।
ਹਲਾ ਲਲਾ ਨੂੰ ਇਹ ਲੋਕ “ਹੋ ਹੱਲਾ” ਕਹਿੰਦੇ ਨੇ। ਇਨ੍ਹਾਂ ਦੇ ਆਗੂ (ਲੀਡਰ) ਤੇ ਪਾਛੂ (ਵਰਕਰ) ਵੀ ਇੱਕੋ ਜਿੰਨੀ “ਸਮਝ” ਦੇ ਮਾਲਕ ਹੁੰਦੇ ਹਨ। ਕਈ ਵਾਰ ਪਾਕਸਤਾਨ ਦੇ ਝੰਡੇ ਬਹਾਨੇ ਈਰਾਨ ਦਾ ਕੌਮੀ ਝੰਡਾ ਫੂਕ ਦਿੰਦੇ ਨੇ ਕਿ “ਅਖੇ, ਪਾਜੀ, ਪਸਾਨ ਨਹੀਂ ਸਕੇ!!”
(ਤਿੰਨ)
ਫੋਕੀ ਬੱਲੇ ਬੱਲੇ ਨੂੰ ਪਸੰਦ ਕਰਨ ਵਾਲੇ ਦੁਕਾਨਦਾਰਾਂ ਵਿਚ ਇਕ ਨਸਲ “ਛੜਪੱਲੀ” ਹੁੰਦੀ ਹੈ, ਭਾਵ ਕਿ ਬਿਨਾਂ ਮਕ਼ਸਦ ਤੋਂ ਛੜੱਪੇ ਮਾਰਨ ਵਾਲੇ! ਇਨ੍ਹਾਂ ਦੀ ਭਾਸ਼ਾ ਵਿਚ “ਛੜਪੱਲੀ ਪ੍ਰਜਾਤੀ” ਕਹਿ ਸਕਦੇ ਹਾਂ। ਇਹ ਛੜਪੱਲੀ ਕਿਸਮ ਦੇ ਬੰਦੇ ਸਾਰੀ ਉਮਰ ਏਸ ਭਰਮ ਵਿਚ ਕੱਢ ਦਿੰਦੇ ਨੇ ਕਿ ਜੇ ਹੱਟੀ ਸੁਹਣੀ ਚੱਲ ਪਵੇ ਤਾਂ ਜ਼ਮਾਨਾ ਹਟਵਾਨੀਏ ਦੇ ਕ਼ਦਮਾਂ ਵਿਚ ਹੁੰਦਾ ਐ!! ਲੰਮੀਆਂ ਕਾਰਾਂ ਤੇ ਵੱਡੀਆਂ ਕੋਠੀਆਂ!
ਊਹੂ ਊਹੂ ਆਹੂ, ਓ ਊਹੂ ਆਹੂ!!
ਵਿਜਈ ਭਵਾ!
ਏਸੇ ਲਈ ਸਿਆਸੀ ਵਿਚਾਰ-ਧਾਰਾ, ਆਈਡੀਓਲੋਜੀ, ਡੋਗਮਾ, ਵਿਹਾਰੀ ਸਿਆਣਪ, ਸ਼ਬਦਾਂ ਦੀ ਅਮੀਰੀ, ਸ਼ਾਇਰੀ, ਵਾਰਤਕ/ਗਲਪ ਸਾਹਿਤ ਤੋਂ ਇਹ ਛਲਾਰੂ ਵੀਰੇ “ਵਿੱਥ ਸਿਰਜ ਕੇ ਜਿਊਂਦੇ” ਹਨ।
ਬਾਕੀ, ਪਾਵਰ ਗੇਮ ਤੇ ਪੈਸੇ ਦੀ ਚਕਾਚੌਂਧ ਤਾਂ ਅਕਲਮੰਦ ਦਾ ਦਿਮਾਗ਼ ਖ਼ਰਾਬ ਕਰ ਦੇਂਦੀ ਏ, ਓਥੇ ਛੜਪੱਲੀ ਤੇ ਹੋਛੇ ਬੰਦੇ ਕੀ ਚੀਜ਼ ਨੇ!?
(ਚਾਰ)
ਜਿਹੜੀ ਬੋਮਬੇ (#Bombay#) ਵਿਚ ਸ਼ਿਵ ਸੈਨਾ ਦਾ ਅਸਰ ਹੈ, ਉਹ ਖ਼ੁਦ ਨੂੰ ਸ਼ਿਵਾਜੀ ਮਰਹੱਟਾ ਦੇ ਮਿਸ਼ਨਰੀ ਦੱਸਦੇ ਨੇ। ਝੂਠੇ/ਸੱਚੇ ਜਾਂ ਦਿਖਾਵੇ ਲਈ ਹੀ ਸਹੀ, ਅਖਬਾਰਾਂ ਪੜ੍ਹ ਲੈਂਦੇ ਨੇ, ਬਕਵਾਸ ਰਾਸ਼ਟਰਵਾਦ ਵਾਲੀਆਂ ਫਜ਼ੂਲ ਕਿਤਾਬਾਂ ਛਾਪ ਲੈਂਦੇ ਨੇ। ਲਾਇਬਰੇਰੀ ਬਣਾ ਲੈਂਦੇ ਨੇ। ਬੁੱਧੀਜੀਵੀ ਨਾ ਹੋਣ ਦੇ ਬਾਵਜੂਦ “ਬੁੱਧੀਜੀਵੀ ਹੋਣ ਦਾ ਪਖੰਡ” ਸਿਰਜ ਲੈਂਦੇ ਨੇ!! ਸੰਜੇ ਰਾਊਤ ਪੜ੍ਹਦਾ ਹੈ, ਏਕਨਾਥ ਛਿੰਦੇ ਪੜ੍ਹਦਾ ਹੈ, ਠਾਕਰੇ ਪੜ੍ਹਦਾ ਦੇਖਿਆ ਗਿਆ ਸੀ!! ਸੁੱਖ ਨਾਲ ਹੋਰ “ਗਨਏਮਾਨਏ” ਵੀ ਪੜ੍ਹਣ ਦਾ ਪਖੰਡ ਕਰਦੇ ਨੇ।
ਇਹ ਪੰਜਾਬ ਵਿਚ ਜਿਹੜੇ ਤੁਰੇ ਫਿਰਦੇ ਨੇ, ਇਹ ਸਿਆਸੀ ਗੰਭੀਰਤਾ ਤੋਂ ਕੋਰੇ ਹਟਵਾਨੀਏ ਨੇ। ਗੰਨਮੈਨ ਲੈਣ ਲਈ ਖੁਦ ਉੱਤੇ ਨਕਲੀ ਹਮਲੇ ਕਰਾਅ ਲੈਂਦੇ ਨੇ ਤੇ ਫੜੇ ਵੀ ਜਾਂਦੇ ਨੇ!😢 ਹਿੰਦੀ/ਪੰਜਾਬੀ/ਅੰਗਰੇਜ਼ੀ ਉੱਤੇ ਪਕੜ ਨਾ ਹੋਣ ਦੇ ਬਾਵਜੂਦ, ਪ੍ਰੈੱਸ ਨੋਟ ਜਿਹਾ ਲਿਖ ਕੇ ਚੁੱਕੀ ਫਿਰਨਗੇ। ਜਿੱਥੇ ਕਿਸੇ ਅਖ਼ਬਾਰ ਦਾ ਪੱਤਰਕਾਰ ਜਾਂ ਐਡੀਟਰ ਮਿਲ ਪਵੇ, ਬਿਆਨ ਛਾਪਣ ਲਈ ਤਰਲੇ ਕਰਨਗੇ! “ਓ ਛਾਪ ਦਿਓ, ਪ੍ਰਧਾਨਜੀ, ਭਰਾ ਉੱਤੇ ਮਾਣ ਏ ਸਰਜੀ”। ਇਹ ਏਸ ਤਰ੍ਹਾਂ ਦੇ ਚਲਿੱਤਰ ਕਰਦੇ ਨੇ।
***
ਸੰਤਾਪ ਦੀ ਵਜ੍ਹਾ
ਕਦੇ ਸ਼ਾਹਕਾਰ ਸਾਹਿਤ ਨਹੀਂ ਪੜ੍ਹਦੇ! ਅਮੋਲ ਪਲੇਕਰ, ਨਸੀਰੂਦੀਨ ਸ਼ਾਹ, ਨਵਾਜ਼ ਉਦ ਦੀਨ ਸਿੱਦਿੱਕੀ ਜਿਹੇ ਪਰਪੱਕ ਅਦਾਕਾਰਾਂ ਦੀ ਫ਼ਿਲਮ ਦੇਖਣੀ ਪਸੰਦ ਨਹੀਂ ਕਰਦੇ! ਚਾਲੂ ਸਿਨੇਮਾ ਕਲਾਕਾਰਾਂ ਨੂੰ “ਸਟਾਰ” ਸਮਝਦੇ ਨੇ। ਏਸ ਲਈ ਇਹ “ਅੰਡਰ ਡਵੈਲਪਡ” ਸਮਝੇ ਜਾਂਦੇ ਨੇ।
***
ਇਹ ਫ਼ਿਲਮਾਂ ਨੇ ਰਮਜ਼ੀਆ
ਯਾਰ! ਹੋਰ ਨਹੀਂ ਤਾਂ ਰਾਜ ਕਪੂਰ ਦੀ ਫ਼ਿਲਮ “ਰਾਮ ਤੇਰੀ ਗੰਗਾ ਮੈਲੀ” ਈ ਵੇਖ ਲੇਓ, ਕਈ ਰਮਜ਼ੀਆ ਗੱਲਾਂ ਓਸ ਫ਼ਿਲਮ ਵਿਚ ਸਮਝਣ ਲਈ ਮੌਜੂਦ ਨੇ! “ਪ੍ਰੇਮ ਗ੍ਰੰਥ” ਫ਼ਿਲਮ ਵੇਖ ਲਓ! ਕੀਹਦਾ ਕੀਹਦਾ ਸਿਰਲੇਖ ਗਿਣਾਵਾਂ? ਅਮੋਲ ਪਲੇਕਰ ਤੇ ਵਿਦਿਆ ਸਿਨ੍ਹਾ ਦੀ “ਰਜਨੀਗੰਧਾ” ਵੇਖ ਲੇਓ।
ਮਨ ਤਾਂ ਬਣਾਓ!! ਅਕਸ਼ੇ ਅਨੁਪਮ ਦੀਆਂ ਬੇਸ਼ਕ ਵੇਖੀ ਜਾਓ!!
(ਪੰਜ)
ਸੋ, ਸਾਡੀ ਏਸ ਕਾਲਮ ਜ਼ਰੀਏ ਤਮਾਮ ਸਵੈ-ਸਜੇ ਨਾਮ-ਨਿਹਾਦ ਆਗੂਆਂ ਤੇ ਪਾਛੂਆਂ ਨੂੰ “ਸਨਿਮਰ ਵਿਨਤੀ” ਹੈ ਕਿ ਨਿੱਤ ਅਖਬਾਰਾਂ ਪੜ੍ਹੋ, ਗੰਭੀਰ ਖ਼ਬਰੀ ਚੈਨਲ ਦੇਖੋ। ਫਰੈਂਚ ਇਨਕਲਾਬ ਤੇ ਰੂਸੀ ਕ੍ਰਾਂਤੀ ਦੇ ਦੌਰ ਦਾ ਸਾਹਿਤ ਪੜ੍ਹੋ। ਕਵੀ ਨਾਗਾਅਰਜੁਨ ਤੇ ਮ੍ਰਿਤੂਨਜੈ ਨੂੰ ਲੱਭ ਕੇ ਪੜ੍ਹੋ। ਗੋਇੰਦ ਪਨਸਾਰੇ ਨੂੰ ਪੜ੍ਹੋ।
***
ਬਜ਼ਾਰ ਵਿਚ ਜੇ ਹੱਟੀ ਸੁਹਣੀ ਚੱਲ ਪਈ ਏ ਤਾਂ ਆਪਣੇ ਆਪ ਨੂੰ ਜ਼ਬਤ ਵਿਚ ਰੱਖੋ! ਸਿਆਸਤ ਕਰਨ ਤੋਂ ਪਹਿਲਾਂ ਸਿਆਸਤ ਕਰਨੀ (ਵੀ) ਸਿੱਖੋ। ਧਾਰਮਕ ਘੱਟ ਗਿਣਤੀ ਲੋਕਾਈ ਵਿਰੁੱਧ ਤੱਤਤੇ ਬਿਆਨ ਦੇਣ ਤੋਂ ਖ਼ੁਦ ਨੂੰ ਰੋਕੋ। ਯਾਦ ਰੱਖੇਓ, ਸੁਕਰਾਤ ਨੇ ਕਿਹਾ ਸੀ, “ਚਲਾਕੀ, ਸਿਆਣਪ ਨਹੀਂ ਹੁੰਦੀ”!!!
ਖ਼ੁਦ ਉੱਤੇ ਕੰਮ ਕਿਓੰ ਨਹੀਂ ਕਰਦੇ!
ਇਹ ਲੱਭਣ ਦਾ ਯਤਨ ਕਰੋ ਕਿ ਸਾਹਿਤ, ਅਖਬਾਰਾਂ/ਰਸਾਲਿਆਂ ਤੋਂ ਦੂਰੀ ਸਿਰਜਣ ਲਈ ਖੋਪੜੀ ਵਿਚ ਵਿਚਾਰ ਕੀਹਨੇ ਪਾਏ ਨੇ? ਇਹ ਕਿਹੜੇ ਅਣਪੜ੍ਹ ਪਰ ਅਮੀਰ ਵਪਾਰੀ ਦੀ ਸਾਜ਼ਿਸ਼ ਏ? ਤੁਹਾਨੂੰ ਕਾਲਜਾਂ ਵਿਚ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜੂਦ ਲੋਕ- ਲਹਿਰਾਂ, ਲੋਕ-ਲਹਿਰਾਂ ਦੇ ਕਿਰਦਾਰਾਂ ਬਾਰੇ ਕਿਓੰ ਨਹੀਂ ਪਤਾ ਹੁੰਦਾ? ਗੱਲਬਾਤ ਘੈਂਟ ਕਿਓੰ ਨਹੀਂ ਹੁੰਦੀ? ਤੁਹਾਡੇ ਕੋਲ ਸਮਾਜ/ਸਿਆਸਤ ਤੇ ਜ਼ਮਾਨੇ ਨੂੰ ਵੇਖਣ ਵਾਲੀ ਓਹ ਅੱਖ ਕਿਓੰ ਨਹੀਂ ਤਿਆਰ ਹੋ ਸਕੀ? ਜਿਹੜੀ ਫ਼ਿਲਮਸਾਜ਼ ਰਾਜ ਕਪੂਰ ਕੋਲ ਮੌਜੂਦ ਸੀ! ਜਿਹੜੀ ਮਰਹੂਮ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਕੋਲ ਹੁੰਦੀ ਸੀ!
ਬਾਕੀ, ਫੇਰ ਕਦੇ!
ਸੰਪਰਕ : ਸਰੂਪਨਗਰ। ਰਾਓਵਾਲੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly