ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸੂਬੇ ਦੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਕਾਂਗਰਸ ਭਵਨ ’ਚ ਡਿਊਟੀ ਦੇਣ ਦੇ ਹੁਕਮਾਂ ’ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਿਰਫ਼ ਕਾਂਗਰਸ ਦੇ ਨਹੀਂ, ਲੋਕਾਂ ਦੇ ਵੀ ਮੰਤਰੀ ਹਨ। ਇਸ ਲਈ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਫ਼ਤਰ ਵਿੱਚ ਬਿਠਾਉਣਾ ਗ਼ਲਤ ਹੈ।
ਕੈਬਨਿਟ ਮੰਤਰੀਆਂ ਨੂੰ ਸਿਵਲ ਸਕੱਤਰੇਤ ਵਿੱਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਗ਼ੈਰ-ਕਾਂਗਰਸੀ ਫ਼ਰਿਆਦੀਆਂ ਨੂੰ ਪੰਜਾਬ ਕਾਂਗਰਸ ਭਵਨ ਬੁਲਾ ਕੇ ਉਨ੍ਹਾਂ ਪੀੜਤ ਲੋਕਾਂ ਦਾ ਧੱਕੇ ਨਾਲ ਕਾਂਗਰਸੀਕਰਨ ਕਰਨ ਦੀ ਨਵੀਂ ‘ਔਰੰਗਜ਼ੇਬੀ ਪ੍ਰਥਾ’ ਸ਼ੁਰੂ ਕਰ ਦਿੱਤੀ ਹੈ। ਸ੍ਰੀ ਮਾਨ ਨੇ ਕਿਹਾ ਕਿ ਜੇ ਮੁੱਖ ਮੰਤਰੀ ਸਣੇ ਸਾਰੇ ਕੈਬਨਿਟ ਮੰਤਰੀ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਤਨਖ਼ਾਹ ਲੈਂਦੇ ਹਨ ਨਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖ਼ਜ਼ਾਨੇ ਵਿੱਚੋਂ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਆਪਣੇ ਫ਼ੈਸਲੇ ’ਤੇ ਨਜ਼ਰਸਾਨੀ ਕਰਨ ਦੀ ਜ਼ਰੂਰਤ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly