ਪੰਜਾਬ ’ਚ ਪਿਛਲੇ ਤਿੰਨ ਸਾਲਾਂ ਦੌਰਾਨ ਲਾਮਿਸਾਲ ਵਿਕਾਸ ਹੋਇਆ – ਡਿਪਟੀ ਸਪੀਕਰ

ਪਿੰਡ ਗੋਗੋ ਮਹਿਤਾਬਪੁਰ ਵਿਖੇ ਡਿਪਟੀ ਸਪੀਕਰ ਅਤੇ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਦਾ ਸਨਮਾਨ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੇ ਅਰਸੇ ਦੌਰਾਨ ਸੂਬੇ ਵਿਚ ਅਥਾਹ ਤਰੱਕੀ ਹੋਈ ਹੈ ਭਾਵੇਂ ਉਹ ਸਿੱਖਿਆ, ਸਿਹਤ, ਉਦਯੋਗ, ਨਿਵੇਸ਼, ਖੇਡਾਂ ਅਤੇ ਰੋਜ਼ਗਾਰ ਦਾ ਖੇਤਰ ਹੋਵੇ। ਡਿਪਟੀ ਸਪੀਕਰ ਨੇ ਅੱਜ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਗੋਗੋ ਮਹਿਤਾਬਪੁਰ ਵਿਖੇ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨ ਬਲਦੀਪ ਸਿੰਘ ਸੈਣੀ ਦੀ ਨਿਯੁਕਤੀ ਸਬੰਧੀ ਰੱਖੇ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਨੇ ਵੱਖ-ਵੱਖ ਖੇਤਰਾਂ ਅੰਦਰ ਤਰੱਕੀ ਦੇ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਪੰਜਾਬ ਅੰਦਰ ਨਵੀਂ ਕ੍ਰਾਂਤੀ ਆਈ ਹੈ ਜਿਸ ਤਹਿਤ ਸਕੂਲ ਆਫ਼ ਐਮੀਨੈਂਸ ਅਤੇ ਸਕੂਲ ਹੈਪੀਨੈਸ ਦੀ ਸਥਾਪਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਕੂਲ ਆਫ਼ ਹੈਪੀਨੈਸ ਪ੍ਰੋਜੈਕਟ ਤਹਿਤ 9 ਸਕੂਲ ਉਸਾਰੇ ਜਾਣਗੇ। ਸਿਹਤ ਖੇਤਰ ਦੀ ਗੱਲ ਕਰਦਿਆਂ ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਾਉਣ ਦੇ ਕੀਤੇ ਵਾਅਦੇ ਨੂੰ ਸਫ਼ਲਤਾਪੂਰਵਕ ਲਾਗੂ ਕਰਦਿਆਂ ਜ਼ਿਲ੍ਹੇ ਵਿਚ 73 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਹਨ ਜਿਥੇ ਲੋਕਾਂ ਨੂੰ ਵਧੀਆ ਢੰਗ ਨਾਲ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਰੋਜ਼ਗਾਰ ਦੇ ਖੇਤਰ ਬਾਰੇ ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਢੁਕਵੇਂ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿਛਲੇ ਮਹੀਨੇ ਤੱਕ ਜ਼ਿਲ੍ਹੇ ਵਿਚ ਰੋਜ਼ਗਾਰ ਬਿਊਰੋ ਵਲੋਂ 2086 ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਦਯੋਗਾਂ ਦੀ ਸਹੂਲਤ ਲਈ ਬਿਜਨੈਸ ਫਸਟ ਪੋਰਟਲ ਰਾਹੀਂ ਸਿੰਗਲ ਵਿੰਡੋ ਸਿਸਟਮ ਚਲਾਇਆ ਗਿਆ ਜਿਸ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਚ 2024 ਤੋਂ ਹੁਣ ਤੱਕ 103 ਨਿਵੇਸ਼ਕਾਂ ਵਲੋਂ ਆਨਲਾਈਨ ਪੋਰਟਲ ਰਾਹੀਂ 3066 ਕਰੋੜ ਰੁਪਏ ਦੇ ਨਵੇਂ ਨਿਵੇਸ਼ ਲਈ ਤਜਵੀਜ਼ਾਂ ਭੇਜੀਆਂ ਗਈਆਂ। ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਰਾਜ ਦੀ ਖੁਸ਼ਹਾਲੀ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਚੰਗੀਆ ਸਖਸ਼ੀਅਤਾਂ ਦਾ ਸਨਮਾਨ ਕਰਦੀ ਹੈ। ਉਨ੍ਹਾਂ ਨੇ ਚੇਅਰਮੈਨ ਬਲਦੀਪ ਸਿੰਘ ਸੈਣੀ ਨੂੰ ਅਹੁਦੇ ਦੀਆਂ ਮੁਬਾਰਕਾਂ ਦਿੰਦਿਆਂ ਕਾਮਨਾ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਸਮਰਪਣ ਭਾਵਨਾ ਅਤੇ ਮਿਹਨਤ ਨਾਲ ਨਿਭਾਉਣਗੇ। ਬਲਦੀਪ ਸਿੰਘ ਸੈਣੀ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਸ਼ਿਦਤ ਨਾਲ ਸੇਵਾ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਿਨਾ ਐਨ.ਓ.ਸੀ. ਤੋਂ ਹੋਵੇਗੀ ਰਜਿਸਟਰੀ, ਪੰਜਾਬ ਸਰਕਾਰ ਨੇ 31 ਅਗਸਤ ਤੱਕ ਵਧਾਇਆ ਸਮਾਂ – ਆਸ਼ਿਕਾ ਜੈਨ
Next articleਅਰਬਨ ਆਯੂਸ਼ਮਾਨ ਆਰੋਗਿਆ ਕੇੰਦਰ ਨੇ ਕਨਾਲ ਕਲੋਨੀ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਲਈ ਹੈਲਪ ਡੈਸਕ ਲਗਾਇਆ