ਫਾਜ਼ਿਲਕਾ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ’ਤੇ ਕਬਜ਼ਾ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸ਼ਾਮਲਾਟ ਜ਼ਮੀਨ ਨਹੀਂ ਹੈ ਜਿਸ ’ਤੇ ਕੋਈ ਵੀ ਆ ਕੇ ਕਬਜ਼ਾ ਕਰ ਲਵੇ। ਇੱਥੋਂ ਦੇ ਲੋਕ ਪੰਜਾਬੀਆਂ ਨੂੰ ਹੀ ਜਿਤਾ ਕੇ ਅਸੈਂਬਲੀ ਵਿੱਚ ਭੇਜਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ‘ਕਾਲਾ ਅੰਗਰੇਜ਼’ ਕਹੇ ਦਾ ਇਤਰਾਜ਼ ਕੀਤਾ, ਇਸ ਕਰਕੇ ਹੁਣ ਉਹ ਕੇਜਰੀਵਾਲ ਨੂੰ ‘ਚਿੱਟਾ ਅੰਗਰੇਜ਼’ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੂਬੇ ਵਿੱਚ ਮਾਫੀਆ ਰਾਜ ਪੈਦਾ ਕੀਤਾ ਸੀ। ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਵੀ ਬਾਦਲ ਪਰਿਵਾਰ ਦੀ ਇਹ ਮਿਲੀਭੁਗਤ ਜਾਰੀ ਰਹੀ ਪਰ ਹੁਣ ਲੋਕਾਂ ਦੀ ਸਰਕਾਰ ਕਾਇਮ ਹੋਈ ਹੈ ਅਤੇ ਹਰ ਪ੍ਰਕਾਰ ਦੇ ਮਾਫੀਆ ਦਾ ਖਾਤਮਾ ਕੀਤਾ ਜਾ ਰਿਹਾ ਹੈ।
ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਮੁੱਖ ਮੰਤਰੀ ਸਾਹਮਣੇ ਜ਼ਿਲ੍ਹੇ ਦੀਆਂ ਮੰਗਾਂ ਰੱਖੀਆਂ। ਚੰਨੀ ਨੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਸਿਹਤ ਸਹੂਲਤਾਂ ਅਤੇ ਮੈਡੀਕਲ ਪੜ੍ਹਾਈ ਦੀ ਸਹੂਲਤ ਲਈ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਫਾਜ਼ਿਲਕਾ ਦੀਆਂ ਤਿੰਨ ਇਤਿਹਾਸਕ ਥਾਵਾਂ ਦੀ ਪੁਰਾਤੱਤਵ ਵਿਭਾਗ ਰਾਹੀਂ ਸੰਭਾਲ ਕਰਨ ਦਾ ਵੀ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਇੱਥੇ 20.72 ਕਰੋੜ ਰੁਪਏ ਦੀ ਲਾਗਤ ਨਾਲ ਬਣੇ 100 ਬੈੱਡ ਵਾਲੇ ਜ਼ਿਲ੍ਹਾ ਹਸਪਤਾਲ ਅਤੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸ਼ਹੀਦ ਊਧਮ ਸਿੰਘ ਬੱਸ ਟਰਮੀਨਲ ਦਾ ਉਦਘਾਟਨ ਕੀਤਾ।
ਮੁੱਖ ਮੰਤਰੀ ਦੀ ਫਾਜ਼ਿਲਕਾ ਫੇਰੀ ਦੌਰਾਨ ਸੂਬਾਈ ਆਗੂ ਗੁਰਵਿੰਦਰ ਸਿੰਘ ਪੰਨੂ, ਅੰਮ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਚੱਕ ਜਾਨੀਸਰ ਦੀ ਅਗਵਾਈ ਹੇਠ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰ ਰਹੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਕਾਰਕੁਨਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ। ਸੰਘਰਸ਼ ਮੋਰਚੇ ਨੇ ਇਸ ਦੀ ਨਿਖੇਧੀ ਕੀਤੀ ਹੈ। ਇਸ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਬੱਸ ਅੱਡੇ ਨੇੜੇ ਐੱਸਐੱਸਪੀ ਦੀ ਅਰਥੀ ਵੀ ਫੂਕੀ ਗਈ। ਇਸ ਮੌਕੇ ਸੀਪੀਆਈ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਨੇ ਜ਼ਿਲ੍ਹਾ ਪੁਲੀਸ ਮੁਖੀ ’ਤੇ ਲੋਕਾਂ ਨੂੰ ਇਨਸਾਫ ਨਾ ਦੇਣ ਦੇ ਦੋਸ਼ ਲਾਏ।
ਮੁੱਖ ਮੰਤਰੀ ਦੀ ਆਮਦ ਮੌਕੇ ਕਾਂਗਰਸ ਦੀ ਰੈਲੀ ਵਾਲੇ ਪੰਡਾਲ ’ਚ ਜ਼ਿਆਦਾਤਰ ਕੁਰਸੀਆਂ ਖਾਲੀ ਰਹੀਆਂ। ਔਰਤਾਂ ਦੀ ਗਿਣਤੀ ਵੀ ਬਹੁਤ ਘਟ ਰਹੀ। ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਕਾਂਗਰਸ ਦੇ ਇੱਕ ਧੜੇ ਨੇ ਪ੍ਰਦਰਸ਼ਨ ਕਰ ਕੇ ਹਲਕਾ ਜਲਾਲਾਬਾਦ ਨਾਲ ਸਬੰਧ ਰੱਖਦੇ ਦਵਿੰਦਰ ਸਿੰਘ ਘੁਬਾਇਆ ਦੀ ਜਗ੍ਹਾ ਫਾਜ਼ਿਲਕਾ ਦੇ ਹੀ ਕਿਸੇ ਆਗੂ ਨੂੰ ਇੱਥੋਂ ਦੀ ਟਿਕਟ ਦੇਣ ਦੀ ਮੰਗ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly