ਆਪਣੇ ਭਵਿੱਖ ਲਈ ਚੋਣ ਲੜ ਰਿਹਾ ਹੈ ਪੰਜਾਬ: ਸਿੱਧੂ

 

  • ਸੂਬੇ ਵਿੱਚ ‘ਪੀਲੀ’ ਕ੍ਰਾਂਤੀ ਲਿਆਉਣ ਦਾ ਵਾਅਦਾ
  • ਬਰਨਾਲਾ ਤੋਂ ਕੇਵਲ ਢਿੱਲੋਂ ਨੂੰ ਦਿੱਤਾ ਥਾਪੜਾ

ਬਰਨਾਲਾ (ਸਮਾਜ ਵੀਕਲੀ):  ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਇੱਥੇ ਦਾਣਾ ਮੰਡੀ ਵਿੱਚ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਪੰਜਾਬ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚੋਣ ਲੜ ਰਿਹਾ ਹੈ। ਇਹ ਚੋਣਾਂ ਕਿਸਾਨੀ ਤੇ ਜਵਾਨੀ ਦੇ ਰੋਸ਼ਨ ਭਵਿੱਖ ਲਈ ਹੋਣਗੀਆਂ।

ਉਨ੍ਹਾਂ ਕਿਹਾ ਕਿ ਇਸ ਵਾਰ ਜਾਂ ਤਾਂ ਪੰਜਾਬ ਰਹੇਗਾ ਜਾਂ ਫਿਰ ਮਾਫ਼ੀਆ। ਜੇਕਰ ਸਤਾ ਮਾਫ਼ੀਆ ਚਲਾਉਣ ਵਾਲਿਆਂ ਦੇ ਹੱਥ ਆਈ ਤਾਂ ਪੰਜਾਬ ਸਾਡੇ ਰਹਿਣਯੋਗ ਸੂਬਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੇਕਰ ਕਾਂਗਰਸ ਸਰਕਾਰ ਬਣਦੀ ਹੈ ਤਾਂ ਸੂਬੇ ’ਚ ਹੁਣ ਹਰੀ ਨਹੀਂ ‘ਪੀਲੀ’ ਕ੍ਰਾਂਤੀ ਲਿਆਂਦੀ ਜਾਵੇਗੀ। ਦਾਲਾਂ ਤੇ ਤੇਲ ਬੀਜਾਂ ’ਤੇ ਐੱਮਐੱਸਪੀ ਦਿੱਤੀ ਜਾਵੇਗੀ। ਸੂਬੇ ਦੀਆਂ ਫਸਲਾਂ ਦੀ ਪ੍ਰੋਸੈਸਿੰਗ ਟਾਟੇ, ਬਿਰਲੇ, ਅਡਾਨੀ-ਅੰਬਾਨੀ ਨਹੀਂ ਸਗੋਂ ਕੇਵਲ ਸਿੰਘ ਢਿੱਲੋਂ ਜਿਹੇ ਸਾਡੇ ਆਪਣੇ ਉੱਦਮੀ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ, ਬਾਦਲਾਂ ਤੇ ‘ਆਪ’ ਨੂੰ ਪਾਈਆਂ ਵੋਟਾਂ ਸਮਝੋ ਮੋਦੀ ਨੂੰ ਹੀ ਪੈ ਜਾਣਗੀਆਂ। ਬਾਦਲਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵੇਚਣ ਵਾਲੇ, ਤੇਰਾ-ਤੇਰਾ ਦੀ ਥਾਂ ਮੇਰਾ-ਮੇਰਾ ਤੋਲਣ ਵਾਲੇ ਕਿਸ ਮੂੰਹ ਨਾਲ ਵੋਟਾਂ ਮੰਗਣਗੇ। ਉਨ੍ਹਾਂ ਕੇਜਰੀਵਾਲ ਨੂੰ ਫਰੇਬੀ ਆਖਦਿਆਂ ਕਿਹਾ ਕਿ ਉਨ੍ਹਾਂ ਖੇਤੀ ਕਾਨੂੰਨ ਸਭ ਤੋਂ ਪਹਿਲਾਂ ਨੋਟੀਫਾਈ ਕੀਤੇ ਅਤੇ ਮਜੀਠੀਆ ਤੋਂ ਮੁਆਫ਼ੀ ਮੰਗੀ।

ਉਨ੍ਹਾਂ ਕੇਜਰੀਵਾਲ ਨੂੰ ਬਹਿਸ ਦੀ ਮੁੜ ਚੁਣੌਤੀ ਦਿੰਦਿਆਂ ਕਿਹਾ ਕਿ ਪੰਜਾਬ ਤੇ ਬਰਨਾਲਾ ਦੇ ਲੋਕ ਕੇਜਰੀਵਾਲ ਰੂਪੀ ਕਰੋਨਾ ਨੂੰ ਭਜਾ ਕੇ ਹਟਣਗੇ। ਉਨ੍ਹਾਂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦੀ ਨੀਤੀ ਤੇ ਯੋਜਨਾ ਵੀ ਦੁਹਰਾਈ। ਅਖੀਰ ’ਚ ਉਨ੍ਹਾਂ ਮੇਜ਼ਬਾਨ ਕੇਵਲ ਸਿੰਘ ਢਿੱਲੋਂ ਨੂੰ ਥਾਪੜਾ ਦਿੰਦਿਆਂ ਲੋਕਾਂ ਨੂੰ ਅਪੀਲ ਵੀ ਕੀਤੀ, ‘ਤੁਸੀਂ ਢਿੱਲੋਂ ਨੂੰ ਵਿਧਾਇਕ ਬਣਾਓ ਤੇ ਫੀਤੀ (ਮੰਤਰੀ ਪਦ) ਅਸੀਂ ਲਾਵਾਂਗੇ।’ ਕੇਵਲ ਸਿੰਘ ਢਿੱਲੋਂ ਨੇ ਜ਼ਿਲ੍ਹੇ ਦੀਆਂ ਤਿੰਨੋਂ ਬਰਨਾਲਾ, ਮਹਿਲ ਕਲਾਂ ਤੇ ਭਦੌੜ ਸੀਟਾਂ ਜਿੱਤ ਕੇ ਝੋਲੀ ਪਾਉਣ ਦਾ ਭਰੋਸਾ ਦਿੱਤਾ। ਕੇਵਲ ਢਿੱਲੋਂ ਪਰਿਵਾਰ ਤੇ ਸਥਾਨਕ ਆਗੂਆਂ ਵੱਲੋਂ ਨਵਜੋਤ ਸਿੱਧੂ ਨੂੰ ਕ੍ਰਿਕਟ ਬੈਟ ਭੇਟ ਕਰਕੇ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਕਰਨਇੰਦਰ ਸਿੰਘ ਢਿੱਲੋਂ, ਕੰਵਰਇੰਦਰ ਸਿੰਘ ਢਿੱਲੋਂ, ਮਨਜੀਤ ਕੌਰ ਢਿੱਲੋਂ, ਜ਼ਿਲ੍ਹਾ ਅਬਜ਼ਰਵਰ ਸੀਤਾ ਰਾਮ ਲਾਂਬਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ, ਦਲਜੀਤ ਸਿੰਘ ਸਹੋਰਾ ਕਾਂਗਰਸ ਐੱਨਆਰਆਈ ਸੈੱਲ, ਚੇਅਰਮੈਨ ਜੀਵਨ ਬਾਂਸਲ, ਮਾਰਕੀਟ ਕਮੇਟੀ ਚੇਅਰਮੈਨ ਅਸ਼ੋਕ ਕੁਮਾਰ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਹਾਜ਼ਰ ਸਨ।

‘ਭੀੜ ਨਾ ਜੁਟਣ ਕਾਰਨ ਮੋਦੀ ਨੇ ਰੈਲੀ ਰੱਦ ਕੀਤੀ’

ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਰੱਦ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਾਡੇ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੱਧ ਸਮਾਂ ਗਰਮੀ-ਸਰਦੀ, ਝੱਖੜਾਂ-ਹਨੇਰੀਆਂ ’ਚ ਬਿਠਾ ਰੱਖਿਆ ਅਤੇ ਪੱਗ ਰੋਲੀ ਤੇ ਸਾਰ ਤੱਕ ਨਹੀਂ ਲਈ, ਹੁਣ ਬੀਤੇ ਦਿਨ ਰਸਤੇ ’ਚ 15 ਮਿੰਟ ਰੁਕਣ ’ਤੇ ਹੀ ਦੁਹਾਈ ਪਾ ਰਹੇ ਹਨ। ਉਨ੍ਹਾਂ ਕਿ ਕਿਹਾ ਕਿ ਫਿਰੋਜ਼ਪੁਰ ਰੈਲੀ ’ਚ ਮਸਾਂ 5-7 ਸੌ ਲੋਕ ਹੀ ਪੁੱਜਣ ਤੋਂ ਖਫ਼ਾ ਹੋ ਕੇ ਪ੍ਰਧਾਨ ਮੰਤਰੀ ਮੋਦੀ ਵਾਪਸ ਚਲੇ ਗਏ, ਨਾ ਕਿ ਕਿਸੇ ਸੁਰੱਖਿਆ ਖਾਮੀ ਕਾਰਨ। ਹੁਣ ਅਸਲ ਮੁੱਦੇ ਨੂੰ ‘ਕੌਮੀ ਸੁਰੱਖਿਆ’ ਨਾਲ ਜੋੜ ਕੇ ਸੂਬੇ ਦੇ ਲੋਕਾਂ ’ਚ ਵੰਡੀਆਂ ਪਾਉਣ ਦਾ ਯਤਨ ਕਰ ਰਹੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਵੱਲੋਂ ਕੋਵਿੰਦ ਨਾਲ ਮੁਲਾਕਾਤ
Next articleਡੇਰਾ ਮੁਖੀ ਨੂੰ ਪੰਜਾਬ ਦੀ ਅਦਾਲਤ ’ਚ ਪੇਸ਼ ਕਰਨਾ ਅਸੁਰੱਖਿਅਤ: ਹਾਈ ਕੋਰਟ