– ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ ਕੀਤੇ ਲੋਕਾਂ ਨੂੰ ਸਮਰਪਿਤ
– ਆਮ ਆਦਮੀ ਕਲੀਨਿਕਾਂ ਵਿੱਚ ਮਿਲੇਗੀ 47 ਤਰ੍ਹਾਂ ਦੇ ਟੈਸਟ ਅਤੇ 107 ਤਰ੍ਹਾਂ ਦੀਆਂ ਦਵਾਈਆਂ ਦੀ ਮੁਫਤ ਸਹੂਲਤ
ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਘਰ ਦੇ ਨੇੜੇ ਦੇਣ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਨਵੇਂ ਕਲੀਨਿਕ ਮੋਤਾ ਸਿੰਘ ਨਗਰ (ਸਰਕਾਰੀ ਨਸ਼ਾ ਮੁਕਤੀ ਕੇਂਦਰ ਦੇ ਪਿੱਛੇ), ਪੰਡੌਰਾ ਮੁਹੱਲਾ (ਸੇਵਾ ਕੇਂਦਰ ਦੇ ਪਿੱਛੇ) ਅਤੇ ਹਰਗੋਬਿੰਦ ਨਗਰ (ਕੁਲਾਮ ਰੋਡ), ਨਵਾਂਸ਼ਹਿਰ ਵਿੱਚ ਸਥਾਪਿਤ ਕੀਤੇ ਗਏ ਹਨ। ਇਸ ਨਾਲ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਚੱਲ ਰਹੇ 19 ਕਲੀਨਿਕਾਂ ਸਮੇਤ ਕੁੱਲ ਗਿਣਤੀ 22 ਹੋ ਗਈ ਹੈ। ਸਾਰੇ ਕਲੀਨਿਕ ਆਈ.ਟੀ. ਸਮਰੱਥ ਹਨ ਅਤੇ ਇੱਥੇ ਡਿਜੀਟਲ ਰਜਿਸਟ੍ਰੇਸ਼ਨ, ਡਾਕਟਰੀ ਸਲਾਹ, ਲੈਬ ਟੈਸਟ ਅਤੇ ਦਵਾਈ ਵੰਡ ਆਦਿ ਦੀ ਸਹੂਲਤ ਉਪਲੱਬਧ ਹੈ। ਆਮ ਆਦਮੀ ਪਾਰਟੀ ਦੇ ਹਲਕਾ ਨਵਾਂਸ਼ਹਿਰ ਦੇ ਇੰਚਾਰਜ ਤੇ ਪੰਜਾਬ ਰਾਜ ਉਦਯੋਗਿਕ ਸਿਖਲਾਈ ਬੋਰਡ ਦੇ ਡਿਪਟੀ ਚੇਅਰਮੈਨ ਲਲਿਤ ਮੋਹਨ ਪਾਠਕ ਨੇ ਸ਼ਨਿੱਚਰਵਾਰ ਨੂੰ ਮੋਤਾ ਸਿੰਘ ਨਗਰ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ, ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਹਰਪਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਹਸਤੀਆਂ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਲਲਿਤ ਮੋਹਨ ਪਾਠਕ ਨੇ ਦੱਸਿਆ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਬਿਹਤਰ ਸਿਹਤ ਦੇਖਰੇਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਦਾ ਮੰਤਵ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁੱਢਲੀਆਂ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਸ੍ਰੀ ਪਾਠਕ ਨੇ ਦੱਸਿਆ ਕਿ ਲੋਕਾਂ ਨੂੰ ਬੇਹਤਰੀਨ ਸਿਹਤ ਸਹੂਲਤਾਂ ਦੇ ਕੇ ਸਿਹਤ ਸਹੂਲਤਾਂ ਵਿਚ ਢਾਂਚਾਗਤ ਸੁਧਾਰ ਲੈ ਕੇ ਆਉਣਾ ਪੰਜਾਬ ਸਰਕਾਰ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ। ਇਨ੍ਹਾਂ ਨਾਲ ਜਿੱਥੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤ ਇੱਕ ਹੀ ਛੱਤ ਹੇਠ ਮਿਲ ਰਹੀ ਹੈ, ਉੱਥੇ ਹੀ ਦੂਸਰੇ ਪਾਸੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦਾ ਬੋਝ ਘੱਟਿਆ ਹੈ ਅਤੇ ਮਰੀਜ਼ਾਂ ਦੇ ਵੀ ਟਾਈਮ ਦੀ ਬੱਚਤ ਹੋ ਰਹੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਵਿੱਚ 47 ਤਰ੍ਹਾਂ ਦੇ ਟੈਸਟ ਅਤੇ 107 ਤਰ੍ਹਾਂ ਦੀਆਂ ਦਵਾਈਆਂ ਮੁਫਤ ਉੱਪਲੱਬਧ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਓ.ਪੀ.ਡੀ. ਸੇਵਾਵਾਂ, ਜੱਚਾ-ਬੱਚਾ ਸਿਹਤ ਸਹੂਲਤਾਂ, ਟੀਕਾਕਰਨ ਸਹੂਲਤਾਂ, ਪਰਿਵਾਰ ਨਿਯੋਜਨ ਸੇਵਾਵਾਂ, ਗੈਰ-ਸੰਚਾਰੀ ਰੋਗਾਂ ਦੀ ਰੋਕਥਾਮ ਲਈ ਸਕਰੀਨਿੰਗ, ਕੁਪੋਸ਼ਿਤ ਬੱਚਿਆਂ ਦੀ ਪਛਾਣ ਤੇ ਦੇਖਭਾਲ, ਕੁੱਤੇ ਦੇ ਵੱਢਣ ‘ਤੇ ਐਂਟੀ ਰੇਬੀਜ਼ ਟੀਕਾਕਰਨ ਆਦਿ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



