ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ ਤਵੱਜੋ ਦੇ ਕੇ ਹੱਲ ਕਰੇ। :- ਡਾਕਟਰ ਕਟਾਰੀਆ।

ਨਵਾਂਸ਼ਹਿਰ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਸ਼ਹਾਦਤ ਏ ਸਫ਼ਰ ਦੇ ਸ਼ਹੀਦੀ ਹਫ਼ਤੇ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ, ਸੂਬਾ ਵਾਇਸ ਪ੍ਰਧਾਨ ਡਾਕਟਰ ਬਲਵੀਰ ਗਰਚਾ ਅਤੇ ਜ਼ਿਲ੍ਹਾ ਚੇਅਰਮੈਨ ਡਾਕਟਰ ਸੁਰਿੰਦਰ ਪਾਲ ਸਿੰਘ ਜੈਨਪੁਰ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਪੋਹ ਮਹੀਨੇ ਦਾ ਇਹ ਸ਼ਹੀਦੀ ਹਫ਼ਤਾ ਸਿੱਖ ਕੌਮ ਲਈ ਅਤੇ ਪੂਰੇ ਦੇਸ਼ ਲਈ ਨਾ ਭੁੱਲਣ ਯੋਗ ਹਫ਼ਤਾ ਹੈ ਕਿਉਂਕਿ ਇਸ ਇੱਕ ਹਫ਼ਤੇ ਦੇ ਅੰਦਰ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਕੌਮ ਦੇ ਲੇਖੇ ਲਾ ਦਿੱਤਾ ਸੀ। ਰਹਿੰਦੀ ਦੁਨੀਆਂ ਤੱਕ ਕੌਮ ਸਰਬੰਸ ਦਾਨੀ ਦੀ ਇਸ ਕੁਰਬਾਨੀ ਨੂੰ ਕਦੀ ਭੁੱਲ ਨਹੀਂ ਸਕਦੀ। ਸਾਨੂੰ ਹਮੇਸ਼ਾ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਮੀਟਿੰਗ ਦੌਰਾਨ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਇਹ ਵੀ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਆਪਣੇ ਵਾਅਦੇ ਅਨੁਸਾਰ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ ਤਵੱਜੋ ਦੇ ਕੇ ਜਲਦ ਤੋਂ ਜਲਦ ਮਸਲੇ ਦਾ ਹੱਲ ਕਰੇ ਤਾਂ ਜੋ ਮੈਡੀਕਲ ਪ੍ਰੈਕਟੀਸ਼ਨਰਜ਼ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਆਮ ਗਰੀਬ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰ ਸਕਣ। ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਪ੍ਰੇਮ ਸਲੋਹ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਬਛੌੜੀ ਅਤੇ ਜ਼ਿਲ੍ਹਾ ਆਰਗੇਨਾਈਜ਼ਿਰ ਸਕੱਤਰ ਡਾਕਟਰ ਰਜਿੰਦਰ ਸਿੰਘ ਲੱਕੀ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵੱਖ ਵੱਖ ਬਲਾਕ ਪ੍ਰਧਾਨ ਨੂੰ ਆਪਣੇ ਆਪਣੇ ਬਲਾਕ ਦੀ ਮੈਂਬਰਸ਼ਿਪ ਵਧਾਉਣ ਲਈ ਇੱਕ ਮੁਹਿੰਮ ਚਲਾਉਣ ਲਈ ਅਤੇ ਸਮੂਹ ਮੈਂਬਰਾਂ ਨੂੰ ਆਪਣੇ ਕਿੱਤੇ ਨੂੰ ਬਚਾਉਣ ਲਈ ਆਪਣੀ ਏਕਤਾ ਬਣਾਈ ਰੱਖਣ ਲਈ ਦੇ ਨਾਲ ਨਾਲ ਆਪਣੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਇਸ ਸਮੇਂ ਡਾਕਟਰ ਅਨੁਪਿੰਦਰ ਸਿੰਘ, ਡਾਕਟਰ ਅਮ੍ਰਿਤ ਲਾਲ ਫਰਾਲਾ, ਡਾਕਟਰ ਸਤਨਾਮ ਸਿੰਘ ਬਾਜ਼ੀਦ ਪੁਰ, ਡਾਕਟਰ ਜਤਿੰਦਰ ਸਹਿਗਲ, ਜ਼ਿਲ੍ਹਾ ਆਰਗੇਨਾਈਜ਼ਿਰ ਡਾਕਟਰ ਸੁਰਿੰਦਰ ਮਹਾਲੋਂ, ਡਾਕਟਰ ਗੁਰਨਾਮ ਸਿੰਘ, ਡਾਕਟਰ ਜਗੀਰ ਸਿੰਘ, ਡਾਕਟਰ ਪ੍ਰਵੀਨ ਕੁਮਾਰ ਅਤੇ ਡਾਕਟਰ ਮਲਕੀਤ ਸਿੰਘ ਆਦਿ ਮੈਂਬਰ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੂਨਦਾਨ ਕਰਨਾ ਹੀ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ – ਸੇਠੀ
Next articleਸਫਰ-ਏ-ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ