ਵਿਧਾਇਕ ਨੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਆਲ ਇੰਡੀਆ ਹਾਕੀ ਕੱਪ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਇਥੇ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਿਆ ਹੈ ਜਿਸ ਨਾਲ ਰਾਜ ਦੇ ਵੱਖ-ਵੱਖ ਖੇਤਰਾਂ ਵਿਚ ਲੋਕ ਖੇਡਾਂ ਨਾਲ ਜੁੜ ਰਹੇ ਹਨ। ਸਥਾਨਕ ਰੇਲਵੇ ਮੰਡੀ ਸਕੂਲ ਵਿਖੇ ਰਾਣਾ ਅਕੈਡਮੀ ਹੁਸ਼ਿਆਰਪੁਰ ਵਲੋਂ ਕਰਵਾਏ ਜਾ ਰਹੇ ਆਲ ਇੰਡੀਆ ਹਾਕੀ ਕੱਪ ਨੂੰ ਸ਼ੁਰੂ ਕਰਵਾਉਣ ਵੇਲੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ’ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕਰਵਾ ਕੇ ਪੰਜਾਬ ਵਿਚ ਖੇਡ ਸਭਿਆਚਾਰ ਨੂੰ ਹੋਰ ਪ੍ਰਫੁਲਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਦਕਾ ਹਰ ਵਰਗ ਦਾ ਵਿਅਕਤੀ ਆਪਣੀ ਮਨਪਸੰਦ ਖੇਡ ਨਾਲ ਜੁੜਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਵੱਖ-ਵੱਖ ਖੇਡ ਸਰਗਰਮੀਆਂ ਵਿਚ ਸ਼ਿਰਕਤ ਕਰਨ ਤਾਂ ਜੋ ਸਿਹਤਮੰਦ ਅਤੇ ਨਿੱਗਰ ਸਮਾਜ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਐਮ.ਐਲ.ਏ. ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਹੇਠਲੇ ਪੱਧਰ ਤੱਕ ਖਿਡਾਰੀਆਂ ਨੂੰ ਵਧੀਆ ਮੌਕੇ ਪ੍ਰਦਾਨ ਕਰ ਰਹੀ ਹੈ ਅਤੇ ਸੂਬੇ ਦੇ ਅਨੇਕਾਂ ਖਿਡਾਰੀਆਂ ਵਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡਾਂ ਵਿਚ ਭਾਗ ਲੈਂਦਿਆਂ ਨਾਮਣਾ ਖੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਣਾ ਹਾਕੀ ਅਕੈਡਮੀ ਵਲੋਂ ਹਾਕੀ ਖਾਸ ਕਰ ਮਹਿਲਾ ਹਾਕੀ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਕਸਦ ਨਾਲ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਵੱਖ-ਵੱਖ ਰਾਜਾਂ ਤੋਂ ਟੀਮਾਂ ਆਈਆਂ ਹਨ ਜਿਨ੍ਹਾਂ ਵਿਚ ਲੜਕਿਆਂ ਦੇ ਅੰਡਰ-14 ਗਰੁੱਪ ਵਿਚ 16 ਅਤੇ ਲੜਕੀਆ ਦੇ ਅੰਡਰ-17 ਗਰੁੱਪ ਵਿਚ 17 ਟੀਮਾਂ ਸ਼ਾਮਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹੁਸ਼ਿਆਰਪੁਰ ਵਿਖੇ ਖੇਡਾਂ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰਨ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਰਾਣਾ ਹਾਕੀ ਅਕੈਡਮੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੂੰ ਸਮਰਪਿਤ ਅਜਿਹੇ ਕਦਮ ਚੁੱਕਣਾ ਸਮੇਂ ਦੀ ਮੁੱਖ ਮੰਗ ਹੈ ਜਿਸ ਵਿਚ ਸਾਰਿਆ ਦਾ ਸਹਿਯੋਗ ਲੋੜੀਂਦਾ ਹੈ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਬਾਬਾ ਰਾਮ ਮੂਰਤੀ ਰਾਣਾ, ਹਾਕੀ ਅਕੈਡਮੀ ਦੇ ਸੰਚਾਲਕ ਰਣਜੀਤ ਰਾਣਾ, ਕੌਸਲਰ ਜਸਵੰਤ ਰਾਏ, ਸਾਬਕਾ ਮੰਤਰੀ ਤੀਕਸ਼ਨ ਸੂਦ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਹੁੰਦਲ, ਪ੍ਰੀਤਮ ਦਾਸ, ਭੂਸ਼ਨ ਕਪੂਰ, ਰਾਜੀਵ ਅਤੇ ਰਵੀ ਕੁਮਾਰ ਆਦਿ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj