ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਰਜਿ: 283 ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਹੋਈ ਇਸ ਮਹੱਤਵਪੂਰਨ ਮੀਟਿੰਗ ਵਿੱਚ ਐਸਕੇਐਮ ਦੇ ਲੀਡਰਾਂ ਵੱਲੋਂ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਗਿਆ ਕਿ ਆਪ ਜੀ ਵੱਲੋਂ ਸਾਡੇ ਨਾਲ 19 ਨਵੰਬਰ 2023 ਦੀ ਮੀਟਿੰਗ 12 ਕਿਸਾਨੀ ਮੰਗਾਂ ਮੰਨ ਕੇ ਲਾਗੂ ਕਰਨੀਆਂ ਮੰਨੀਆਂ ਸਨ ਪਰ ਲਗਭਗ ਸਵਾ ਸਾਲ ਬੀਤਣ ਤੇ ਵੀ ਇੱਕ ਵੀ ਮੰਗ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤੀ । ਸਮੇਂ ਸਮੇਂ ਤੇ ਐਸਕੇਐਮ ਵੱਲੋਂ ਪੰਜਾਬ ਸਰਕਾਰ ਨੂੰ ਇਨਾ ਮੰਗਾਂ ਸੰਬੰਧੀ ਬੇਨਤੀ ਕੀਤੀ ਜਾਂਦੀ ਰਹੀ ਪਰ ਸਰਕਾਰ ਨੇ ਕਿਸਾਨੀ ਮੰਗਾਂ ਨੂੰ ਅਣਗੌਲਿਆ ਕਰੀ ਰੱਖਿਆ ਇਸ ਲਈ ਹੁਣ ਐਸਕੈਮ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਸੀ । ਇਸ ਵਿਸ਼ਾਲ ਰੈਲੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਐਸਕੇਐਮ ਨੂੰ ਮੀਟਿੰਗ ਲਈ ਸੱਦਾ ਦਿੱਤਾ ਇਹ ਸੱਦਾ ਪ੍ਰਵਾਨ ਕਰਦੇ ਹੋਏ ਐਸਕੇਐਮ ਨੇ ਮੁੱਖ ਮੰਤਰੀ ਪੰਜਾਬ ਨਾਲ ਕੱਲ੍ਹ ਮੀਟਿੰਗ ਕੀਤੀ ਇਹ ਮੀਟਿੰਗ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਚੱਲ ਰਹੀ ਸੀ ਲਗਭਗ ਇੱਕ ਡੇਢ ਘੰਟਾ ਇਹ ਮੀਟਿੰਗ ਹੋਈ ਕਿਸਾਨਾਂ ਨੇ ਮੁੱਖ ਮੰਤਰੀ ਤੋਂ ਆਪਣੇ ਪਿਛਲੇ ਕੀਤੇ ਹੋਏ ਵਾਅਦੇ ਪੂਰੇ ਕਰਨ ਦੀ ਗੱਲ ਰੱਖੀ ਤੇ ਛੇ ਫਸਲਾਂ ਤੇ ਐਮਐਸਪੀ ਦੀ ਖਰੀਦ ਗਰੰਟੀ ਲਾਗੂ ਕਰਨ ਦੀ ਮੰਗ ਵੀ ਰੱਖੀ । ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਸਾਨ ਲੀਡਰਾਂ ਨਾਲ ਅੜੀਅਲ ਰਵੱਈਆ ਅਪਣਾਇਆ ਤੇ ਉਹਨਾਂ ਨੂੰ ਸਾਫ ਸਾਫ ਕਿਹਾ ਕਿ ਤੁਹਾਡੇ ਕੋਲੋਂ ਜੋ ਹੁੰਦਾ ਹੈ ਉਹ ਕਰ ਲਵੋ ਪੰਜਾਬ ਸਰਕਾਰ ਪੁਰਾਣੀਆਂ ਮੰਨੀਆਂ ਹੋਈਆਂ ਮੰਗਾਂ ਵੀ ਲਾਗੂ ਨਹੀਂ ਕਰੇਗੀ । ਇਨਾ ਕਹਿੰਦੇ ਹੋਏ ਉਹ ਬੜੇ ਹੀ ਗੁੱਸੇ ਵਿੱਚ ਮੀਟਿੰਗ ਛੱਡ ਕੇ ਚਲੇ ਗਏ ਜਿਸ ਤੋਂ ਸਾਫ ਹੁੰਦਾ ਹੈ ਕਿ ਜੋ ਪਾਰਟੀ ਖੁਦ ਧਰਨੇ ਮੁਜ਼ਾਹਰੇ ਕਰਕੇ ਸੱਤਾ ਵਿੱਚ ਆਈ ਸੀ ਅੱਜ ਉਹ ਧਰਨੇ ਮੁਜ਼ਾਹਰਿਆਂ ਤੇ ਰੋਕ ਲਗਾ ਰਹੀ ਹੈ । 5 ਮਾਰਚ ਦਾ ਚੰਡੀਗੜ੍ਹ ਧਰਨਾ ਰੋਕਣ ਲਈ ਸਰਕਾਰ ਦੇਰ ਰਾਤ ਤੋਂ ਹੀ ਐਸਕੇਐਮ ਦੇ ਲੀਡਰਾਂ ਤੇ ਵੱਖ-ਵੱਖ ਜਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨਾਂ,ਆਗੂਆਂ, ਅਹੁਦੇਦਾਰਾਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਉਹਨਾਂ ਦੀ ਗ੍ਰਿਫਤਾਰੀ ਕਰ ਰਹੀ ਹੈ। ਕਈ ਆਗੂਆਂ ਨੂੰ ਤੜਕਸਾਰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ । ਸਰਕਾਰ ਪੂਰੇ ਜ਼ੋਰ ਨਾਲ ਚੰਡੀਗੜ੍ਹ ਧਰਨਾ ਨਾ ਲੱਗਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਕਿਸਾਨਾਂ ਮਜ਼ਦੂਰਾਂ ਦੇ ਘਰਾਂ ਵਿੱਚ ਜਾ ਜਾ ਕੇ ਪੁਲਿਸ ਦੁਆਰਾ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ । ਕਿਸਾਨ ਲੀਡਰਾਂ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ । ਸੰਵਿਧਾਨ ਸਭ ਨੂੰ ਆਪਣੀ ਗੱਲ ਰੱਖਣ ਲਈ ਧਰਨੇ ਮੁਜਾਹਰੇ ਕਰਨ ਦਾ ਹੱਕ ਦਿੰਦਾ ਹੈ ਪਰ ਇਹ ਸਰਕਾਰ ਵੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਮੁੱਖ ਮੰਤਰੀ ਨੇ ਮੀਡੀਆ ਵਿੱਚ ਕਿਹਾ ਹੈ ਕਿ ਧਰਨਿਆਂ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਦਕਿ ਐਸਕੇਐਮ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਤੋਂ 34 ਸੈਕਟਰ ਵਿੱਚ ਰੈਲੀ ਕਰਨ ਲਈ ਇਜਾਜ਼ਤ ਮੰਗੀ ਹੋਈ ਹੈ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਮੁੱਖ ਮੰਤਰੀ ਪੰਜਾਬ ਇਸ ਤਰ੍ਹਾਂ ਦੇ ਬਿਆਨ ਦੇ ਕੇ ਆਮ ਲੋਕਾਂ ਵਿੱਚ ਪਾੜਾ ਪਾਉਣ ਦਾ ਯਤਨ ਕਰ ਰਿਹਾ ਹੈ ਜਦਕਿ ਕਿਸਾਨਾਂ ਦੁਆਰਾ ਇਹ ਧਰਨਾ ਪੂਰਨ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਕੀਤਾ ਜਾ ਰਿਹਾ, ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਦਾ ਖਾਸ ਖਿਆਲ ਰੱਖਿਆ ਜਾ ਰਿਹਾ l ਲੱਖੋਵਾਲ ਨੇ ਪੰਜਾਬ ਦੇ ਸਾਰੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬੱਚਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 5 ਮਾਰਚ ਨੂੰ ਚੰਡੀਗੜ੍ਹ ਵਿੱਚ ਪਹੁੰਚਣ ਤਾਂ ਕਿ ਇਸ ਹੰਕਾਰੀ ਮੁੱਖ ਮੰਤਰੀ ਨੂੰ ਇਹ ਦਿਖਾਇਆ ਜਾ ਸਕੇ ਕਿ ਪੰਜਾਬ ਦਾ ਕਿਸਾਨ ਆਪਣੇ ਹੱਕ ਲੈਣ ਲਈ ਸਰਕਾਰ ਦੀਆਂ ਇਹਨਾਂ ਗ੍ਰਿਫਤਾਰੀਆਂ ਨਜ਼ਰਬੰਦੀਆਂ ਤੋਂ ਨਹੀਂ ਡਰਦਾ ਜਿੱਥੇ ਕਿਤੇ ਵੀ ਸਰਕਾਰ ਕਿਸਾਨਾਂ ਦੇ ਕਾਫਲੇ ਰੋਕੇਗੀ ਕਿਸਾਨ ਬਗ਼ੈਰ ਕੋਈ ਟਰੈਫਿਕ ਰੋਕੇ ਸ਼ਾਂਤਮਈ ਤਰੀਕੇ ਨਾਲ ਉਥੇ ਹੀ ਆਪਣੇ ਧਰਨੇ ਲਗਾ ਲੈਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਕਿਸਾਨ ਆਪਣੇ ਹੱਕ ਲੈਣ ਲਈ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਬੈਠਾ ਹੈ । ਆਓ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਬੱਸਾਂ, ਕਾਰਾਂ ਤੇ ਚੰਡੀਗੜ੍ਹ ਵੱਲ ਨੂੰ ਚਾਲੇ ਪਾਈਏ ਤਾਂ ਕਿ ਇਹ ਕਿਸਾਨ ਵਿਰੋਧੀ ਸਰਕਾਰਾਂ ਨੂੰ ਸਬਕ ਸਿਖਾਇਆ ਜਾ ਸਕੇ ਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj