
ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ( ਰਜਿ.) ਦੇ ਪ੍ਰਧਾਨ ਚਰਨ ਦਾਸ ਸੰਧੂ ਅਤੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਦੇ ਨਾਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਦਿਨੋ ਦਿਨ ਜੰਗਲ ਰਾਜ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਣ ਪਿਛਲੇ ਦਿਨੀ 9 ਜਨਵਰੀ, 2025 ਨੂੰ ਬਠਿੰਡਾ ਜਿਲੇ ਦੇ ਦਾਨ ਸਿੰਘ ਵਾਲਾ ਪਿੰਡ ਦੀ ( ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ) ਆਬਾਦੀ ਦੇ ਗਰੀਬ 8 ਪਰਿਵਾਰਾਂ ਦੇ ਘਰਾਂ ਨੂੰ ਪੈਟਰੋਲ ਬੰਬਾਂ ਨਾਲ ਸਾੜਨ ਅਤੇ ਉਨ੍ਹਾਂ ਵਿੱਚੋਂ 5 ਗਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਕੁੱਟ-ਮਾਰ ਕਰਕੇ ਬੁਰੀ ਤਰ੍ਹਾਂ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਰਿਪੋਰਟ ਦੇ ਅਨੁਸਾਰ ਪੀੜਤਾਂ ਨੇ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸੀ ਕਿਉਂਕਿ ਸਾਡੇ ਬੱਚਿਆਂ ਤੇ ਇਸ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤੋਂ ਬਾਅਦ ਪਿੰਡ ਦੇ ਹੀ ਤਕਰੀਬਨ 150 ਲੋਕਾਂ ਨੇ ਇਸ ਸ਼ਰਮਸਾਰ ਕਰਨ ਵਾਲੀ ਘਟਨਾ ਨੂੰ ਅੰਜਾਮ ਦਿੱਤਾ । ਚਰਨ ਦਾਸ ਸੰਧੂ ਅਤੇ ਬਲਦੇਵ ਭਾਰਦਵਾਜ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ, ਪਰ ਉਸ ਦੇ ਹੀ ਰਾਜ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ. ਅੰਬੇਡਕਰ ਦੇ ਵਾਰਸਾਂ ਤੇ ਕਹਿਰ ਢਾਏ ਜਾ ਰਹੇ ਹਨ। ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਚੋਰੀ, ਲੁੱਟ-ਖੋਹ ਦੀਆਂ ਘਟਨਾਵਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਆਏ ਦਿਨ ਗੁੰਡਿਆਂ ਵੱਲੋਂ ਆਮ ਲੋਕਾਂ ਦਾ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ। ਗੁੰਡਿਆਂ ਲਈ ਕਾਨੂੰਨ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਮੌਜੂਦਾ ਸਰਕਾਰ ਨੇ ਆਪਣੇ ਚੋਣ-ਮੈਨੀਫੈਸਟੋ ਵਿੱਚ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਅਸੀਂ ਸੱਤਾ ਵਿੱਚ ਆਏ ਤਾਂ ਪੰਜਾਬ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿਆਂਗੇ ਪਰ ਅੱਜ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਤੇ ਉਨ੍ਹਾਂ ਉੱਪਰ ਕਾਤਲਾਨਾ ਹਮਲੇ ਹੋ ਰਹੇ ਹਨ ਅਤੇ ਨਸ਼ਾ ਪਹਿਲਾਂ ਤੋਂ ਵੀ ਵੱਧ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਸਰਕਾਰ ਕੋਲੋਂ ਇਸ ਗੱਲ ਦੀ ਮੰਗ ਕਰਦੀ ਹੈ ਕਿ ਪੰਜਾਬ ਵਿੱਚ ਵਧ ਰਹੀ ਗੁੰਡਾ ਗਰਦੀ ਨੂੰ ਰੋਕਿਆ ਜਾਵੇ, ਗੁੰਡਾ ਗਰਦੀ ਕਰਨ ਵਾਲਿਆਂ ਨੂੰ ਕਾਨੂੰਨ ਮੁਤਾਬਕ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਪੀੜਿਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਮੁੜ ਬਸੇਵਾ ਕਰ ਸਕਣ, ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਸਕਣ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


