HOME ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਬੰਗਾ ਨੇ ਐਸਡੀਐਮ ਬੰਗਾ ਨੂੰ ਦਿੱਤਾ ਮੰਗ ਪੱਤਰ

ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਬੰਗਾ ਨੇ ਐਸਡੀਐਮ ਬੰਗਾ ਨੂੰ ਦਿੱਤਾ ਮੰਗ ਪੱਤਰ

1

ਆਰਟੀਆਈ ਕਾਰਕੁੰਨ ਅਤੇ ਪੱਤਰਕਾਰਾਂ ਖਿਲਾਫ ਦਰਜ ਮਾਮਲਾ ਰੱਦ ਕਰਵਾਉਣ ਲਈ ਦਿੱਤਾ ਮੰਗ ਪੱਤਰ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ) :- ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ‌ ਬੰਗਾ ਦੇ ਪ੍ਰਧਾਨ ਸੰਜੀਵ ਭਨੋਟ ਅਤੇ ਜ਼ਿਲ੍ਹਾ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਆਰ.ਟੀ.ਆਈ. ਕਾਰਕੁੰਨ ਅਤੇ ਪੱਤਰਕਾਰਾਂ ਖਿਲਾਫ ਦਰਜ ਕੀਤੇ ਕੇਸ ਦੇ ਵਿਰੋਧ ਵਿੱਚ ਅੱਜ ਇੱਕ ਮੰਗ ਪੱਤਰ ਐਸ ਡੀ ਐਮ ਬੰਗਾ ਵਿਪਨ ਭੰਡਾਰੀ ਨੂੰ ਦਿੱਤਾ ਗਿਆ। ਵਿਪਨ ਭੰਡਾਰੀ ਐਸ ਡੀ ਐਮ ਬੰਗਾ ਗਣਤੰਤਰ ਦਿਵਸ ਨੂੰ ਹੋਣ ਵਾਲੇ ਸਮਾਗਮ ਦੇ ਮੱਦੇਨਜ਼ਰ ਨਵਾਂਸ਼ਹਿਰ ਵਿਖੇ ਇਕ ਮੀਟਿੰਗ ਵਿੱਚ ਹਾਜ਼ਰ ਹੋਣ ਕਰਕੇ ਉਨ੍ਹਾਂ ਨੇ ਸਪੈਸ਼ਲ ਤੌਰ ਤੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਨੂੰ ਇਹ ਮੰਗ ਪੱਤਰ ਪ੍ਰਾਪਤ ਕਰਨ ਲਈ ਭੇਜਿਆ। ਸ੍ਰੀ ਵਿਕਰਮ ਗੁੰਬਰ ਨੇ ਇਹ ਮੰਗ ਪੱਤਰ ਪੱਤਰਕਾਰਾਂ ਤੋਂ ਪ੍ਰਾਪਤ ਕੀਤਾ ਅਤੇ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਉਹ ਇਹ ਮੰਗ ਪੱਤਰ ਪ੍ਰੈਸ ਕੋਂਸਲ ਆਫ ਇੰਡੀਆ ਨਵੀਂ ਦਿੱਲੀ ਦੇ ਚੇਅਰਮੈਨ/ਸਕੱਤਰ ਨੂੰ ਪੁੱਜਦਾ ਕਰਨਗੇ। ਇਸ ਮੌਕੇ ਬੰਗਾ ਇਕਾਈ ਦੇ ਪ੍ਰਧਾਨ ਸੰਜੀਵ ਭਨੋਟ ਅਤੇ ਜ਼ਿਲ੍ਹਾ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ ਨੇ ਆਖਿਆ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਨੂੰ ਬਰਕਰਾਰ ਰੱਖਣ ਲਈ ਸਾਨੂੰ ਜਿੰਨਾ ਮਰਜੀ ਤਿੱਖਾ ਅਤੇ ਸਖਤ ਸੰਘਰਸ਼ ਕਰਨਾ ਪਵੇ, ਉਹ ਜਰੂਰ ਕਰਾਂਗੇ, ਨਹੀਂ ਤਾਂ ਆਉਣ ਵਾਲੀਆਂ ਹੋਰ ਸਰਕਾਰਾਂ ਵੀ ਇਸ ਤਰ੍ਹਾਂ ਦੇ ਕੋਝੇ ਹੱਥ ਕੰਢੇ ਵਰਤ ਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਲਈ ਖਤਰਾ ਪੈਦਾ ਕਰਨਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਹਰ ਸਟੇਜ ਤੋਂ ਬੜੀ ਪ੍ਰਮੁੱਖਤਾ ਨਾਲ ਆਰਟੀਆਈ ਕਾਨੂੰਨ ਦੀ ਵਰਤੋਂ ਵੱਧ ਤੋਂ ਵੱਧ ਕਰਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਆਸਤਦਾਨਾਂ ਅਤੇ ਅਫਸਰਾਂ ਨੂੰ ਸਵਾਲ ਕਰਨ ਦੀ ਵਕਾਲਤ ਕਰਦੇ ਸਨ। ਪਰ ਅੱਜ ਆਰਟੀਆਈ ਕਾਰਕੁੰਨ ਅਤੇ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਖਿਲਾਫ ਝੂਠਾ ਮਾਮਲਾ ਦਰਜ ਕਰਨ ਵਾਲੀ ਕਾਰਵਾਈ ਨੇ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦਾ ਛੁਪਿਆ ਚਿਹਰਾ ਅਤੇ ਏਜੰਡਾ ਵੀ ਨੰਗਾ ਕਰ ਦਿੱਤਾ ਹੈ। ਸਮੂਹ ਪੱਤਰਕਾਰਾਂ ਨੇ ਕਿਹਾ ਕਿ ਹਰ ਲੇਖਕ, ਗਾਇਕ, ਗੀਤਕਾਰ, ਸਾਹਿਤਕਾਰ ਸਮੇਤ ਦੇਸ਼ ਦੀ 150 ਕਰੋੜ ਦੀ ਆਬਾਦੀ ਵਾਲੇ ਹਰ ਨਾਗਰਿਕ ਕੋਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਹੈ ਪਰ ਜੇਕਰ ਲੋਕਤੰਤਰ ਦੇ ਚੌਥੇ ਥੰਮ ‘ਪ੍ਰੈਸ’ ਖਿਲਾਫ ਹੀ ਐਮਰਜੈਂਸੀ ਲਾਗੂ ਕਰਕੇ ਝੂਠੇ ਮਾਮਲੇ ਦਰਜ ਕਰਕੇ ਪੱਤਰਕਾਰਾਂ ਦੀ ਆਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਨੂੰ ਦੇਸ਼ ਦੇ ਭਵਿੱਖ ਲਈ ਸ਼ੁੱਭ ਸੰਕੇਤ ਨਹੀਂ ਮੰਨਿਆ ਜਾ ਸਕਦਾ। ਇਸ ਮੌਕੇ ਵਿਕਰਮ ਗੁੰਬਰ ਨਾਇਬ ਤਹਿਸੀਲਦਾਰ ਬੰਗਾ ਨੂੰ ਪ੍ਰੈਸ ਕੋਂਸਲ ਆਫ ਇੰਡੀਆ ਨਵੀਂ ਦਿੱਲੀ ਦੇ ਨਾਮ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ 10 ਪੱਤਰਕਾਰਾਂ, ਆਰਟੀਆਈ ਕਾਰਕੁੰਨ ਅਤੇ ਸਮਾਜਸੇਵੀਆਂ ਖਿਲਾਫ ਦਰਜ ਕੀਤਾ ਮਾਮਲਾ ਰੱਦ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਸੰਜੀਵ ਭਨੋਟ, ਜ਼ਿਲ੍ਹਾ ਜਨਰਲ ਸਕੱਤਰ ਨਵਕਾਂਤ ਭਰੋਮਜਾਰਾ, ਕੈਸ਼ੀਅਰ ਮਨੀਸ਼ ਚੁੱਘ, ਨਰਿੰਦਰ ਮਾਹੀ, ਮਨਜਿੰਦਰ ਸਿੰਘ, ਧਰਮਵੀਰ ਪਾਲ, ਕੁੱਲਦੀਪ ਸਿੰਘ ਪਾਬਲਾ, ਰਾਜ ਮਜਾਰੀ ਅਤੇ ਚਰਨਜੀਤ ਸੱਲਾਂ ਆਦਿ ਵੀ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਤਾ ਕੈਲਾਸ਼ ਕੌਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ
Next articleਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ,ਕਿਹਾ, ਅਸੀਂ ਗੱਲਾਂ ‘ਚ ਨਹੀਂ, ਕੰਮ ਕਰਨ ‘ਚ ਰੱਖਦੇ ਹਾਂ ਵਿਸ਼ਵਾਸ