ਸਜ਼ਾ ਜਾਂ ਸਜਾ ?

ਗੁਲਾਫ਼ਸ਼ਾਂ ਬੇਗਮ

ਸਜ਼ਾ ਜਾਂ ਸਜਾ ? (ਆਪਣੇ ਜਨਮਦਿਨ ‘ਤੇ)

(ਸਮਾਜ ਵੀਕਲੀ)- ਇਹ ਵੀ ਯਾਦ ਨਹੀਂ ਕਿ ਮੇਰੇ ਜਨਮਦਿਨ ਦਾ ਪੱਕਾ ਦਿਨ, ਮਹੀਨਾ ਕਿਹੜਾ ਸੀ। ਮਾਂ ਕਹਿੰਦੀ ਹੈ ਕਿ “ਦੁਸਹਿਰੇ ਤੋਂ ਦੋ ਦਿਨ ਬਾਅਦ ਜਾਂ ਦੋ ਦਿਨ ਪਹਿਲਾਂ।” ਘਰ ’ਚ ਚੌਥੀ ਕੁੜੀ ਦਾ ਜਨਮਦਿਨ, ਮਹੀਨਾ ਕੌਣ ਯਾਦ ਰੱਖਦਾ ਹੈ ਭਲਾਂ! ਸ਼ੁਕਰ, ਕਿ ਜਨਮ ਕੁੰਡਲੀ ਦੇ ਆਧਾਰ ’ਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਜ਼ਿੰਦਗੀ ’ਚ ਕੀ-ਕੀ ਹੋਵੇਗਾ। ਸਭ ਅਨ-ਕਸਪੈਕਟਡ।

ਕੁਮਾਰ ਬਟਾਲਵੀ ਕਹਿੰਦਾ ਹੈ ਕਿ “ਮੁਹੱਬਤ ਦੀ ਤਸਵੀਰ ਕਦੇ ਬਣੀ ਹੀ ਨਹੀਂ, ਕਦੇ ਕਿਸੇ ਦੇ ਹੱਥਾਂ ’ਚੋਂ, ਕਿਸੇ ਦੇ ਵਾਲ਼ਾਂ ’ਚੋਂ, ਕਿਸੇ ਦੇ ਲਿਪਸ ’ਚੋਂ।” ਮੇਰੇ ਪਿਤਾ ਨਾਲ ਮੇਰਾ ਰਿਸ਼ਤਾ ਅਜਿਹਾ ਹੀ ਰਿਹਾ। ਅੱਠ ਸਾਲ ਦੀ ਸਾਂ ਜਦੋਂ ਤੋਂ ਉਹਦੀ ਛੋਹ ਨੂੰ ਲੱਭ ਰਹੀ ਹਾਂ ਕਿਸੇ ਦੇ ਹੱਥਾਂ ‘ਚੋਂ, ਕਿਸੇ ਦੇ ……………………!

ਸੰਘਰਸ਼, ਹਰ ਸਫ਼ਲ ਵਿਅਕਤੀ ਦੀ ਪਰਛਾਈ ਹੁੰਦਾ ਹੈ। ਜਦ ਤਥਾਗਤ ਬੁੱਧ ਦਾ ਸ਼ਾਂਤੀ ਨਾਲ ਭਰਿਆ ਚਿਹਰਾ ਤੱਕਦੀ ਹਾਂ ਤਾਂ ਸ਼ਾਂਤੀ ਤੋਂ ਪਿਛਲਾ 6 ਸਾਲਾਂ ਦਾ ਤਪ-ਖਪ ਵੱਧ ਦਿਸਦਾ ਹੈ ਮੈਨੂੰ। ਜਿਵੇਂ ‘ਜਸਵੰਤ ਜ਼ਫ਼ਰ’ ਨੂੰ ਗੁਰੂ ਨਾਨਕ ਕਦੇ ਓਨਾ ਕੋਮਲ ਨਹੀਂ ਲੱਗਾ ਜਿੰਨਾ ਤਸਵੀਰਾਂ ’ਚ ਦਿਖਦਾ ਹੈ।

ਹੁਣ ਤਾਂ ਖ਼ੁਦ ਨੂੰ ਸ਼ਾਬਾਸ਼ ਦੇਣ ਵਾਲੀ ਵੀ ਖ਼ੁਦ ਹੀ ਬਚੀ ਹਾਂ। ਜਿਸਨੇ ਸਜ਼ਾ ਤੋਂ ਸਜਾ (ਸਜਾਵਟ) ਤੱਕ ਦਾ ਸਫ਼ਰ ਖ਼ੁਦ ਹੀ ਤਹਿ ਕੀਤਾ ਹੈ। ਆਪਣੇ ਜਨਮਦਿਨ ਦੇ ਕੇਕ ’ਤੇ ਬਲ਼ ਰਹੀ ਮੋਮਬੱਤੀ ਨੂੰ ਦੇਖ ਕੇ ਲੱਗਦਾ ਹੈ ਕਿ ਮੋਮਬੱਤੀਆਂ ਅਤੇ ਔਰਤਾਂ ਬਲ਼ ਜਾਂਦੀਆਂ ਹਨ, ਮੋਮ ’ਚ…….ਮੋਹ ’ਚ।

ਗੁਲਾਫ਼ਸ਼ਾਂ ਬੇਗਮ

Previous articleਗੁਰੂ ਰਵਿਦਾਸ ਮਹਾਰਾਜ ਜੀ ਦੀ ਮੁਕੰਮਲ ਜੀਵਨੀ ‘ਤੇ ਬਹੁਪੱਖੀ ਖੋਜ ਕਰਵਾਉਣ ਲਈ ਵਿਸ਼ੇਸ਼ ਸੈਮੀਨਾਰ
Next articleवैश्विक भूख सूचकांक रिपोर्ट सन् 2023: एक समालोचनात्मक मूल्यांकन