ਧੂਰੀ (ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਵੱਲੋਂ ਤਥਾ ਕਥਿਤ ਨਵੇਂ ਪੰਜਾਬ ਦਿਵਸ ‘ਤੇ ਸੂਬੇ , ਦੇਸ ਅਤੇ ਵਿਦੇਸ਼ ਵਿੱਚ ਵਸਦੇ ਸਮੂੰਹ ਪੰਜਾਬੀਆਂ ਨੂੰ ਸੂਬੇ ਨੂੰ ਦਰਪੇਸ਼ ਚੁਣੌਤੀਆਂ ਦਾ ਰਲ਼ ਮਿਲ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ ਹੈ। ਸਭਾ ਦੇ ਸਮੂੰਹ ਅਹੁਦੇਦਾਰਾਂ ਅਤੇ ਮੈਂਬਰ ਮਹਿਸੂਸ ਕਰਦੇ ਹਨ ਕਿ ਅਜੋਕਾ ਪੰਜਾਬ ਅਨੇਕਾਂ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ , ਇਹਨਾਂ ਲਈ ਜਿੱਥੇ ਸਮੇੰ ਸਮੇਂ ਦੀਆਂ ਕੇਂਦਰੀ ਸਰਕਾਰਾਂ ਜਿੰਮੇਂਵਾਰ ਹਨ ਓਥੇ ਪੰਜਾਬ ਦੀ ਸੱਤਾ ‘ਤੇ ਕਾਬਜ ਰਹੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਬਰਾਬਰ ਦੀਆਂ ਜਿੰਮੇਂਵਾਰ ਹਨ।ਉਨ੍ਹਾਂ ਕਿਹਾ ਕਿ ਇਹਨਾਂ ਚੁਣੌਂਤੀਆਂ ਤੋਂ ਘਬਰਾਉਂਣ ਦੀ ਲੋੜ ਨਹੀਂ ਸਗੋਂ ਇਸ ਲੜਾਈ ਵਿੱਚ ਹਰ ਪੰਜਾਬੀ ਨੂੰ ਆਪਣੇ ਪੱਧਰ ‘ਤੇ ਬਣਦਾ ਯੋਗਦਾਨ ਪਾਉਂਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਸਮੂੰਹ ਪੰਜਾਬੀਆਂ ਨੂੰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ ਖਾਸ ਕਰ ਕੇ ਰਾਜਧਾਨੀ ਚੰਡੀਗੜ੍ਹ ਪ੍ਰਾਪਤ ਕਰਨ , ਦਰਿਆਈ ਪਾਣੀਆਂ ਸੰਬੰਧੀ ਇਨਸਾਫ਼ ਪ੍ਰਾਪਤ ਕਰਨ , ਖੇਤੀ ਸੰਕਟ ਹੱਲ ਕਰਵਾਉਂਣ , ਸਨੱਅਤੀਕਰਨ ਨੂੰ ਉਤਸਾਹਿਤ ਕਰਨ , ਨਵੀਂ ਪੀੜ੍ਹੀ ਨੂੰ ਚੰਗੀ ਸਿੱਖਿਆ , ਚੰਗੀਆਂ ਸਿਹਤ ਸੇਵਾਵਾਂ, ਰੋਜ਼ਗਾਰ ਦੇ ਢੁੱਕਵੇਂ ਮੌਕੇ ਪ੍ਰਦਾਨ ਕਰਨ ਅਤੇ ਖ਼ਾਸ ਤੌਰ ਤੇ ਮਾਂ ਬੋਲੀ ਤੇ ਮਾਤ ਭਾਸਾ ਨੂੰ ਰਾਜ ਵਿੱਚ ਢੁੱਕਵਾਂ ਸਥਾਨ ਦਿਵਾਉਂਣ ਲਈ ਆਪਣਾ ਪੁਰ ਅਮਨ ਸੰਘਰਸ਼ ਵਿੱਢਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਮਾਤ ਭਾਸ਼ਾ ‘ਚ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਹਿੱਤ ਸਾਇੰਸ , ਕਾਨੂੰਨ ਅਤੇ ਤਕਨੀਕੀ ਸਿੱਖਿਆ ਸਮੇਤ ਉਚੇਰੀ ਸਿੱਖਿਆ ਸਮੱਗਰੀ ਦਾ ਬੰਦੋਬਸਤ ਪੰਜਾਬੀ ਵਿੱਚ ਕਰਕੇ ਸਕੂਲਾਂ ਕਾਲਜਾਂ ਵਿੱਚ ਖਾਲੀ ਆਸਾਮੀਆਂ ਪਹਿਲ ਦੇ ਆਧਾਰ ‘ਤੇ ਭਰੀਆਂ ਜਾਣ ਅਤੇ ਭਾਸ਼ਾ ਟ੍ਰਿਬਿਊਨਲ ਕਾਇਮ ਕਰ ਕੇ ਪੰਜਾਬੀ ਵਿੱਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਜਾ ਦੀ ਮੰਗ ਵੀ ਕੀਤੀ ਹੈ। ਇਹ ਜਾਣਕਾਰੀ ਪ੍ਰੈਸ ਨਾਲ਼ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਸਾਡਾ ਘਰ ਤੇ ਸਾਡੀ ਪਛਾਣ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੇ ਗੌਰਵਮਈ ਵਿਰਸੇ ਅਤੇ ਇਤਿਹਾਸ ਉੱਤੇ ਮਾਣ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਦੇ ਨਾਲ਼ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ , ਮੈਨੇਜਰ ਜਗਦੇਵ ਸ਼ਰਮਾ ਬੁਗਰਾ , ਚਰਨਜੀਤ ਸਿੰਘ ਮੀਮਸਾ , ਸੰਜੇ ਲਹਿਰੀ , ਗੁਰਮੀਤ ਸਿੰਘ ਸੋਹੀ ਅਤੇ ਬਲਜੀਤ ਸਿੰਘ ਬਾਂਸਲ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


