ਲੋਕ -ਹਿੱਤਾਂ ਅਤੇ ਸਮਾਜਿਕ ਜਾਗਰੂਕਤਾ ਦਾ ਕਾਵਿਕ ਪ੍ਰਤੀਕਰਮ ਮਹਿੰਦਰ ਸਿੰਘ ਮਾਨ ਦਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੀ ਪੂੰਜੀ’

ਡਾਕਟਰ ਸਰਦੂਲ ਸਿੰਘ ਔਜਲਾ
(ਸਮਾਜ ਵੀਕਲੀ) ਮਹਿੰਦਰ ਸਿੰਘ ਮਾਨ ਨਾਲ ਮੇਰੀ ਜਾਣ-ਪਹਿਚਾਣ ਉਸ ਦੀ ਕਵਿਤਾ ਦੇ ਜ਼ਰੀਏ ਹੀ ਹੋਈ ਕਿਉਂ ਕਿ ਉਸ ਦੀਆਂ ਕਵਿਤਾਵਾਂ ਨਿਰੰਤਰ ਅਖਬਾਰਾਂ ਅਤੇ ਸਾਹਿਤਕ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ‘ਜ਼ਿੰਦਗੀ ਦੀ ਪੂੰਜੀ’ ਕਾਵਿ ਸੰਗ੍ਰਹਿ ਵੀ ਉਸ ਦੀ ਨਿਰੰਤਰ ਸਾਹਿਤ-ਸਾਧਨਾ ਦਾ ਹੀ ਪ੍ਰਤੀਕ ਹੈ। ਇਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਉਹ ‘ਚੜ੍ਹਿਆ ਸੂਰਜ’, ‘ਫੁੱਲ ਅਤੇ ਖ਼ਾਰ’, ‘ਸੂਰਜ ਦੀਆਂ ਕਿਰਨਾਂ’, ‘ਖ਼ਜ਼ਾਨਾ’, ‘ਸੂਰਜ ਹਾਲੇ ਡੁੱਬਿਆ ਨਹੀਂ ‘ ਸਾਰੇ ਕਾਵਿ ਸੰਗ੍ਰਹਿ ਅਤੇ ‘ਮਘਦਾ ਸੂਰਜ’ ਗ਼ਜ਼ਲ ਸੰਗ੍ਰਹਿ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ। ਜਦੋਂ ਅਸੀਂ ਉਸ ਦੀ ਕਵਿਤਾ ਬਾਰੇ ਗੱਲ ਕਰਦੇ ਹਾਂ ਤਾਂ ਇਹ ਤੱਥ ਸਾਮ੍ਹਣੇ ਆਉਂਦਾ ਹੈ ਕਿ ਉਸ ਦੀ ਕਵਿਤਾ ਅਸਲ ਵਿੱਚ ਲੋਕਾਂ ਦੀ ਭਾਸ਼ਾ ਵਿੱਚ ਲੋਕਾਂ ਲਈ ਲਿਖੀ ਹੋਈ ਹੈ। ਇਹ ਉਹ ਲੋਕ ਹਨ ਜੋ ਜ਼ਿੰਦਗੀ ਜਿਉਣ ਲਈ ਤੰਗੀਆਂ-ਤੁਰਸ਼ੀਆਂ ਝੱਲਦੇ ਹੋਏ ਸੰਘਰਸ਼ ਕਰਦੇ ਹਨ ਪਰ ਸਿਦਕਦਿਲੀ ਅਤੇ ਜ਼ਿੰਦਾਦਿਲੀ ਦਾ ਪੱਲਾ ਨਹੀਂ ਛੱਡਦੇ। ਉਹ ਅਜਿਹੇ ਸੰਘਰਸ਼ਸ਼ੀਲ ਲੋਕਾਂ ਦੀ ਜੀਵਨ ਤੋਰ, ਦੁੱਖਾਂ-ਸੁੱਖਾਂ, ਖੁਸ਼ੀਆਂ-ਗਮੀਆਂ ਨੂੰ ਆਪਣੀ ਕਵਿਤਾ ਵਿੱਚ ਬਾਖੂਬੀ ਪੇਸ਼ ਕਰਦਾ ਹੈ। ਇਕ ਪਾਸੇ ਪੈਸਾਵਾਦੀ ਬਿਰਤੀ ਵਾਲੇ ਧਨਾਢ ਲੋਕ ਹਨ ਅਤੇ ਦੂਜੇ ਪਾਸੇ ਰੋਟੀ ਲਈ ਮੁਥਾਜ ਕਾਮਾ ਹੈ। ਭਾਵੇਂ ਕਿ ਸਮਾਜਿਕ ਪਾੜੇ ਬਾਰੇ ਉਸ ਦੀ ਕਵਿਤਾ ਵਿੱਚ ਬਹੁਤ ਜ਼ਿਕਰ ਮਿਲਦਾ ਹੈ ਪਰ ਕੁਦਰਤੀ ਸਾਧਨਾਂ ਦੀ ਬਰਬਾਦੀ ਅਤੇ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਅਤੇ ਅਵੇਸਲਾਪਨ ਵੀ ਅਜੋਕੀ ਜ਼ਿੰਦਗੀ ਦੀ ਤੋਰ ਨੂੰ ਲੀਹੋਂ ਲਾਹੁਣ ਦਾ ਕੰਮ ਕਰ ਰਿਹਾ ਹੈ ਪਰ ਮਹਿੰਦਰ ਸਿੰਘ ਮਾਨ ਲੋਕਾਂ ਨੂੰ ਇਸ ਕਾਰਜ ਲਈ ਵੀ ਜਾਗਰੂਕ ਕਰਦਾ ਹੈ ਕਿ ਕੁਦਰਤੀ ਸੋਮੇ ਬਚਾਉਣਾ ਵੀ ਅੱਜ ਦਾ ਸੰਘਰਸ਼ ਹੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਗਰੀਬ ਲੋਕ ਮਹਿੰਗਾਈ ਦੀ ਅਤੇ ਕੁਦਰਤੀ ਸਾਧਨਾਂ ਦੀ ਥੋੜ੍ਹ ਦੀ ਮਾਰ ਹੋਰ ਝੱਲਣਗੇ ਜਿਵੇਂ ਉਹ ਪਾਣੀ ਨੂੰ ਬਰਬਾਦ ਕਰਨ ਤੋਂ ਰੋਕਣ ਲਈ ਲਿਖਦਾ ਹੈ:-
ਜੇ ਧਰਤੀ ਹੇਠੋਂ ਯਾਰੋ, ਮੁੱਕ ਗਿਆ ਪਾਣੀ,
ਬਚਣਾ ਨਾ ਫਿਰ ਇੱਥੇ ਕੋਈ ਜੀਵਤ ਪ੍ਰਾਣੀ।
ਪਾਣੀ ਬਿਨਾਂ ਦਿਸਣੇ ਨਾ ਹਰੇ,ਭਰੇ ਰੁੱਖ,
ਜਿਹੜੇ ਮਨੁੱਖ ਨੂੰ ਦਿੰਦੇ ਨੇ ਯਾਰੋ,ਸੌ ਸੁੱਖ।
ਅਸਲ ਵਿੱਚ ਮਹਿੰਦਰ ਸਿੰਘ ਮਾਨ ਦੀ ਕਵਿਤਾ ਮਾਨਵੀ ਕਦਰਾਂ -ਕੀਮਤਾਂ ਦੀ ਕਵਿਤਾ ਹੈ ਜਿਹੜੀ ਸਮਾਜ, ਪਰਿਵਾਰ ਵਿੱਚ ਸਦਭਾਵਨਾ ਦੀ ਤਰਜਮਾਨੀ ਦੀ ਤਲਬਗਾਰ ਹੈ। ਉਹ ਚਾਹੁੰਦਾ ਹੈ ਕਿ ਸਮਾਜ ਵਿੱਚ ਸੁੱਖ-ਸ਼ਾਂਤੀ ਅਤੇ ਇਤਫਾਕ ਦੀ ਸਥਿਤੀ ਹਮੇਸ਼ਾ ਹੀ ਬਣੀ ਰਹੇ। ਇਹ ਸਥਿਤੀ ਤਾਂ ਹੀ ਬਣੇਗੀ ਜੇ ਕਰ ਮਨੁੱਖ ਆਪਣੇ ਆਲੇ-ਦੁਆਲੇ ਪ੍ਰਤੀ ਸ਼ੁਭ ਇੱਛਾ ਦੀ ਭਾਵਨਾ ਰੱਖੇਗਾ। ਝੂਠ, ਫਰੇਬ, ਠੱਗੀ, ਚੋਰੀ, ਭ੍ਰਿਸ਼ਟਾਚਾਰ ਸਮਾਜਿਕ ਕਦਰਾਂ- ਕੀਮਤਾਂ ਦੇ ਖੋਰੇ ਵਿੱਚ ਵਾਧਾ ਕਰਦੇ ਹਨ ਪਰ ਮਿਲਵਰਤਨ, ਪ੍ਰੇਮ ਭਾਵਨਾ ਅਤੇ ਰਿਸ਼ਤਿਆਂ ਵਿਚਲੀ ਅਪਣੱਤ ਸਮਾਜ ਦੀ ਤਰੱਕੀ ਦੀ ਚੂਲ ਵੀ ਬਣਦੀ ਹੈ। ਜਿਵੇਂ ਉਹ ਲਿਖਦਾ ਹੈ:-
ਝੂਠਿਆਂ ਤੋਂ ਦੂਰ ਰਹੋ ਸਦਾ ਹੀ,
ਸੱਚਿਆਂ ਦਾ ਸਾਥ ਨਿਭਾਣਾ ਸਿੱਖੋ।
ਵੱਡੇ ਹੁੰਦੇ ਗੁਣਾਂ ਦੀ ਗੁਥਲੀ,
ਇਨ੍ਹਾਂ ਤੋਂ ਕੁੱਝ ਪਾਣਾ ਸਿੱਖੋ।
ਨਸ਼ੇ ਕਰਦੇ ਭਵਿੱਖ ਖਰਾਬ,
ਇਨ੍ਹਾਂ ਤੋਂ ਦੂਰ ਜਾਣਾ ਸਿੱਖੋ।
ਕਵੀ ਨੂੰ ਇਹ ਵੀ ਚਿੰਤਾ ਹੈ ਕਿ ਦੇਸ਼ ਦਾ ਰਾਜਨੀਤਕ ਵਾਤਾਵਰਨ ਵੀ ਗੰਧਲਾ ਹੋ ਚੁੱਕਾ ਹੈ। ਜੇ ਕਰ ਰਾਜ ਨੇਤਾ ਹੀ ਭ੍ਰਿਸ਼ਟਾਚਾਰੀ ਹੋਣਗੇ ਤਾਂ ਦੇਸ਼ ਦਾ ਭਵਿੱਖ ਸੁਨਹਿਰਾ ਕਿਵੇਂ ਹੋਵੇਗਾ? ਕਵੀ ਸੁਚੇਤ ਕਰਦਾ ਹੈ ਵੋਟਾਂ ਦੌਰਾਨ ਨੇਤਾ ਆਪਣੀ ਮਿੱਠੀ ਅਤੇ ਦੋਗਲੀ ਭਾਸ਼ਾ ਨਾਲ ਭੋਲੇ- ਭਾਲੇ ਲੋਕਾਂ ਕੋਲੋਂ ਵੋਟਾਂ ਬਟੋਰ ਲੈਂਦੇ ਹਨ ਪਰ ਬਾਅਦ ਵਿੱਚ ਉਨ੍ਹਾਂ ਦੀ ਬਾਂਹ ਨਹੀਂ ਫੜਦੇ। ਉਹ ਲੀਡਰਾਂ ਦੇ ਦੋਗਲੇਪਣ ਨੂੰ ਕੁਝ ਇਸ ਤਰ੍ਹਾਂ ਕਾਵਿਕ ਜ਼ਬਾਨ ਦਿੰਦਾ ਹੈ:-
ਨਵੇਂ ਹਸਪਤਾਲ ਖੋਲ੍ਹਣ ਦੀ ਗੱਲ ਨਹੀਂ ਕਰਨਗੇ,
ਯੁਵਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਨਹੀਂ ਕਰਨਗੇ।
ਆਟਾ,  ਦਾਲ ਤੇ ਫਰੀ ਬਿਜਲੀ ਲੋਕਾਂ ਨੂੰ ਦੇਣਗੇ,
ਉਨ੍ਹਾਂ ਨੂੰ ਅੱਗੇ ਵੱਧਣ ਬਾਰੇ ਸੋਚਣ ਤੇ ਰੋਕ ਲਾ ਦੇਣਗੇ।***
ਲੋਕ ਸਭਾ ਦੀਆਂ ਵੋਟਾਂ ਪੈਣ ਦਾ

ਜਦ ਤੋਂ ਹੋਇਆ ਏ ਐਲਾਨ ਬੇਲੀ,
ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ
ਕਵੱਲੀ ਕੱਢ ਲਈ ਏ ਬਾਹਰ ਜ਼ਬਾਨ ਬੇਲੀ।***
ਪੰਜਾਂ ਸਾਲਾਂ ਪਿੱਛੋਂ ਆਵਣ ਵੋਟਾਂ,

ਗਲੀ ਗਲੀ ਫਿਰਾਵਣ ਵੋਟਾਂ।
ਕਿਸੇ ਨੂੰ ਭਾਅ ਜੀ,ਕਿਸੇ ਨੂੰ ਭੈਣ ਜੀ,
ਕਿਸੇ ਨੂੰ ਮਾਤਾ ਜੀ ਕਹਾਵਣ ਵੋਟਾਂ।***
ਕਵੀ ਸਮਾਜ ਨੂੰ ਸਵੱਸਥ ਕਦਰਾਂ -ਕੀਮਤਾਂ ਦੇਣ ਦਾ ਹਾਮੀ ਹੈ। ਉਹ ਆਪਣੀ ਕਵਿਤਾ ਵਿੱਚ ਲੋਕਾਂ ਨੂੰ ਤਾਕੀਦ ਕਰਦਾ ਹੈ :ਮਾੜੀ ਸੰਗਤ ਅਤੇ ਨਸ਼ਿਆਂ ਤੋਂ ਛੁਟਕਾਰਾ ਹੀ ਚੰਗੀ ਸੋਚ ਪੈਦਾ ਕਰ ਸਕਦਾ ਹੈ। ਅਸਲ ਵਿੱਚ ਮਨੁੱਖੀ ਦਿਮਾਗ਼ ਹੀ ਸਭ ਬੁਰਾਈਆਂ ਅਤੇ ਚੰਗਿਆਈਆਂ ਦਾ ਕਾਰਖਾਨਾ ਹੈ। ਜੇ ਕਰ ਦਿਮਾਗ਼ ਉਸਾਰੂ ਸੋਚ ਸੋਚੇਗਾ ਤਾਂ ਸਮਾਜ ਤਰੱਕੀ ਕਰੇਗਾ। ਜੇ ਕਰ ਮਨੁੱਖੀ ਦਿਮਾਗ਼ ਮਾੜੇ ਵਿਚਾਰਾਂ ਦਾ ਘਰ ਬਣ ਜਾਵੇ ਤਾਂ ਸਮਾਜ ਵੀ ਨਿਘਾਰ ਵਾਲੇ ਪਾਸੇ ਚਲਾ ਜਾਵੇਗਾ:-
ਜਿਸ ਬੰਦੇ ਦੀ ਸਿਹਤ ਹੋਵੇ ਨਾ ਚੰਗੀ,
ਉਸ ਨੂੰ ਕੋਈ ਵੀ ਚੀਜ਼ ਲੱਗੇ ਨਾ ਚੰਗੀ।
ਸਿਹਤ ਖ਼ਰਾਬ ਕਰੇ ਜੋ ਨਸ਼ਿਆਂ ਨਾਲ,
ਉਹ ਆਪਣੀ ਜ਼ਿੰਦਗੀ ਆਪੇ ਲਵੇ ਗਾਲ਼।
ਮਹਿੰਦਰ ਸਿੰਘ ਮਾਨ ਦੀ ਕਵਿਤਾ ਵਿੱਚ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਸਿੱਖ ਧਰਮ ਦੀ ਵਡਿਆਈ ਕਰਦੀਆਂ ਕਵਿਤਾਵਾਂ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸਰਬੱਤ ਦੇ ਭਲੇ ਦੇ ਉਪਦੇਸ਼ ਬਾਰੇ ਕਾਵਿਕ ਖ਼ਿਆਲ ਪੇਸ਼ ਕੀਤਾ ਗਿਆ ਹੈ।
ਮਹਿੰਦਰ ਸਿੰਘ ਮਾਨ ਦੀ ਕਵਿਤਾ ਵਿੱਚ ਜਿੱਥੇ ਲੋਕ-ਹਿੱਤਾਂ ਦੀ ਗੱਲ ਕੀਤੀ ਗਈ ਹੈ ਉੱਥੇ ਨਾਂਹ ਵਾਚੀ ਤਾਕਤਾਂ ਪ੍ਰਤੀ ਰੋਹ ਵੀ ਪੇਸ਼ ਹੋਇਆ ਹੈ ਅਤੇ ਕਿਧਰੇ-ਕਿਧਰੇ ਅਜਿਹੀਆਂ ਪ੍ਰਸਥਿਤੀਆਂ ਅਤੇ ਵਿਅਕਤੀਆਂ ਪ੍ਰਤੀ ਵਿਅੰਗਮਈ ਕਾਵਿਕ ਪ੍ਰਤੀਕਰਮ ਵੀ ਪੇਸ਼ ਕੀਤਾ ਗਿਆ ਹੈ। ਜਿਵੇਂ ਉਹ ਲਿਖਦਾ ਹੈ:-
ਕਰਦੇ ਨੇ ਜੋ ਨਿੱਤ ਕਾਲੇ ਕਾਰੇ,
ਉਹ ਇੱਥੇ ਜਾਂਦੇ ਨੇ ਸਤਿਕਾਰੇ।
ਜਿੱਤ ਗਏ ਜੋ ਚੋਣਾਂ ਧੋਖੇ ਨਾ’,                                                      ਉਹਨਾਂ ਦੇ ਹੋ ਗਏ ਵਾਰੇ ਨਿਆਰੇ।
ਪਰ ਕਵੀ ਇਸ ਗੱਲੋਂ ਆਸਵੰਦ ਹੈ ਕਿ ਜੇ ਕਰ ਰਿਸ਼ਤਿਆਂ ਵਿਚਲਾ ਨਿੱਘ, ਪਿਆਰ ਅਤੇ ਸਮਾਜਿਕ ਏਕਤਾ ਬਣੀ ਰਹੇਗੀ ਤਾਂ ਹੀ ਤਰੱਕੀ ਅਤੇ ਸਮਾਜਿਕ ਭਲੇ ਦੀ ਆਸ ਰੱਖੀ ਜਾ ਸਕਦੀ ਹੈ। ਜਿਵੇਂ:-
ਆ ਜਾ ਕੱਠੇ ਹੋ ਕੇ ਹਿਲਾਈਏ ਹਾਕਮ ਨੂੰ,
ਸੁੱਤਾ ਰਹੇ ਨਾ ਕਿਤੇ ਪੰਜੇ ਸਾਲ ਭਰਾਵਾ।***
ਕੁਝ ਨਹੀਂ ਬਦਲੇਗਾ ਇੱਥੇ ਉਦੋਂ ਤੱਕ,
ਜਦ ਤੱਕ ਹੁੰਦੇ ਨਹੀਂ ਕੱਠੇ ਸਾਰੇ।***
ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਮਹਿੰਦਰ ਸਿੰਘ ਮਾਨ ਅਜਿਹਾ ਕਵੀ ਹੈ ਜਿਹੜਾ ਆਪਣੀ ਕਵਿਤਾ ਵਿੱਚ ਸਾਦੀ ਆਮ ਵਰਤੀ ਜਾਂਦੀ ਭਾਸ਼ਾ ਰਾਹੀਂ ਲੋਕਾਂ ਨੂੰ ਸੁਚੇਤ ਵੀ ਕਰਦਾ ਹੈ ਅਤੇ ਲੋਕ-ਹਿੱਤਾਂ ਦੀ ਬਾਤ ਵੀ ਪਾਉਂਦਾ ਹੈ। ਉਸ ਦੀ ਕਵਿਤਾ ਆਸ, ਵਿਸ਼ਵਾਸ ਅਤੇ ਸ਼ੁਭ ਇੱਛਾ ਦੀ ਕਵਿਤਾ ਹੈ ਜੋ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਫਰਜ਼ਾਂ ਤੋਂ ਜਾਣੂ ਕਰਵਾਉਂਦੀ ਹੈ।
 ਡਾਕਟਰ ਸਰਦੂਲ ਸਿੰਘ ਔਜਲਾ
 ਮੁਖੀ ਪੰਜਾਬੀ ਵਿਭਾਗ ਡਿਪਸ ਕਾਲਜ ਢਿੱਲਵਾਂ
 ਜਿਲ੍ਹਾ  ਕਪੂਰਥਲਾ-144807
 ਫੋਨ  9814168611
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਮਾਜਿਕ ਦੂਰੀ
Next articleਸੁਰਜੀਤ ਸਿੰਘ ਮੌਜੀ ਦੀ ਪਤਨੀ ਦਾ ਦੇਹਾਂਤ