ਮਿਲਾਵਟ ‘ਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਨਵਾਂਸ਼ਹਿਰ ਵਿੱਚ ਪਨੀਰ ‘ਤੇ ਵੱਡੀ ਰੇਡ, ਨਾਕਾਬੰਦੀ ਦੌਰਾਨ ਡੇਢ ਕੁਇੰਟਲ ਸ਼ੱਕੀ ਪਨੀਰ ਜ਼ਬਤ
– ਦੁਕਾਨਦਾਰ ਸਾਵਧਾਨ: ਬਾਹਰਲੇ ਪਨੀਰ ਤੋਂ ਬਣਾਓ ਦੂਰੀ
ਨਵਾਂਸ਼ਹਿਰ, (ਸਮਾਜ ਵੀਕਲੀ) (ਮਨੋਰੰਜਨ ਕਾਲੀਆ ): ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਨਤਾ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਾ ਕਰਦੇ ਹੋਏ, ਫੂਡ ਸੇਫਟੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਸਵੇਰੇ ਮਾਛੀਵਾੜਾ ਰੋਡ, ਨਵਾਂਸ਼ਹਿਰ ਵਿਖੇ ਅਚਾਨਕ ਨਾਕਾਬੰਦੀ ਕਰਕੇ ਸ਼ਹਿਰ ਵਿੱਚ ਬਾਹਰੋਂ ਆ ਰਹੀਆਂ ਦੁੱਧ ਅਤੇ ਪਨੀਰ ਦੀਆਂ ਗੱਡੀਆਂ ਦੀ ਸਖ਼ਤ ਚੈਕਿੰਗ ਕੀਤੀ ਗਈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਅਤੇ ਫੂਡ ਸੇਫਟੀ ਅਫਸਰ ਸ. ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਮਿਲਾਵਟ ‘ਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆ ਰਹੀ ਇੱਕ ਗੱਡੀ ਨੂੰ ਰੋਕ ਕੇ ਉਸ ਵਿੱਚ ਲੋਡ ਪਨੀਰ ਦੀ ਜਾਂਚ ਕੀਤੀ। ਜਾਂਚ ਦੌਰਾਨ ਤਕਰੀਬਨ ਡੇਢ ਕੁਇੰਟਲ ਸ਼ੱਕੀ ਪਨੀਰ ਬਰਾਮਦ ਕਰਕੇ ਮੌਕੇ ‘ਤੇ ਹੀ ਜ਼ਬਤ ਕੀਤਾ ਗਿਆ। ਇਸ ਸਬੰਧੀ ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਫੂਡ ਸੇਫਟੀ ਟੀਮ ਵੱਲੋਂ ਪਨੀਰ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਸਟੇਟ ਲੈਬਾਰਟਰੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਮਿਲਾਵਟਖੋਰਾਂ ਵਿਰੁੱਧ ਫੂਡ ਸੇਫਟੀ ਐਕਟ ਅਧੀਨ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਦੁਕਾਨਦਾਰਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਸ਼ਹਿਰ ਤੋਂ ਬਾਹਰੋਂ ਆਉਣ ਵਾਲਾ ਪਨੀਰ ਖਰੀਦਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਖੁਦ ਹੀ ਦੁੱਧ ਤੋਂ ਪਨੀਰ ਤਿਆਰ ਕੀਤਾ ਜਾਵੇ। ਘਟੀਆ ਜਾਂ ਮਿਲਾਵਟੀ ਪਨੀਰ ਦੀ ਖਰੀਦ-ਫਰੋਖ਼ਤ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮਿਲਾਵਟਖੋਰਾਂ ਖ਼ਿਲਾਫ਼ ਇਸ ਤਰ੍ਹਾਂ ਦੀਆਂ ਅਚਾਨਕ ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਕਿਸੇ ਨੂੰ ਵੀ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਖਾਧ ਪਦਾਰਥਾਂ ਦੀ ਖਰੀਦਦਾਰੀ ਸਮੇਂ ਸਿਰਫ਼ ਭਰੋਸੇਯੋਗ ਵਿਕਰੇਤਾਵਾਂ ਨੂੰ ਤਰਜੀਹ ਦੇਣ ਅਤੇ ਤਾਜ਼ਾ ਤਿਆਰ ਕੀਤਾ ਹੋਇਆ ਸਮਾਨ ਹੀ ਖਰੀਦਣ। ਖ਼ਾਸ ਕਰਕੇ ਗਰਮੀ ਦੇ ਮੌਸਮ ਵਿੱਚ ਖਾਣ-ਪੀਣ ਦੀਆਂ ਵਸਤੂਆਂ ਨੂੰ ਧਿਆਨ ਨਾਲ ਜਾਂਚ ਕੇ ਹੀ ਵਰਤੋਂ ਵਿੱਚ ਲਿਆ ਜਾਵੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



