HOME ਪੀਐੱਸਪੀਸੀਐਲ ਰਾਏਕੋਟ ਸਬ-ਡਿਵੀਜ਼ਨ ’ਚ ਡਿਊਟੀ ਪ੍ਰਬੰਧਾਂ ਦੀ ਖੁੱਲ੍ਹੀ ਉਲੰਘਣਾ

ਪੀਐੱਸਪੀਸੀਐਲ ਰਾਏਕੋਟ ਸਬ-ਡਿਵੀਜ਼ਨ ’ਚ ਡਿਊਟੀ ਪ੍ਰਬੰਧਾਂ ਦੀ ਖੁੱਲ੍ਹੀ ਉਲੰਘਣਾ

3

ਔਟਸੋਰਸ ਕਰਮਚਾਰੀ ਦੀ ਮਨਮਰਜ਼ੀ, ਖਪਤਕਾਰ ਪਰੇਸ਼ਾਨ — ਪ੍ਰਬੰਧਨ ਦੀ ਚੁੱਪੀ ’ਤੇ ਸਵਾਲ

ਰਾਏਕੋਟ  (ਸਮਾਜ ਵੀਕਲੀ)  (ਲੁਧਿਆਣਾ) ਗੁਰੀ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐੱਸਪੀਸੀਐਲ) ਦੀ ਸਬ-ਡਿਵੀਜ਼ਨ ਰਾਏਕੋਟ ਵਿੱਚ ਡਿਊਟੀ ਪ੍ਰਬੰਧਾਂ ਦੀ ਸਥਿਤੀ ’ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਦਫ਼ਤਰ ਵਿੱਚ ਟੈਲੀਪਰਫਾਰਮੈਂਸ ਕੰਪਨੀ ਦੇ ਅਧੀਨ ਤੈਨਾਤ ਇੱਕ ਕੰਪਿਊਟਰ ਓਪਰੇਟਰ ਦੀ ਡਿਊਟੀ ਕਾਰਗੁਜ਼ਾਰੀ ਨੂੰ ਲੈ ਕੇ ਖਪਤਕਾਰਾਂ ਵੱਲੋਂ ਲਗਾਤਾਰ ਅਤੇ ਗੰਭੀਰ ਸ਼ਿਕਾਇਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਪੂਰੇ ਸਬ-ਡਿਵੀਜ਼ਨ ਦੀ ਕਾਰਗੁਜ਼ਾਰੀ ਉੱਤੇ ਦਾਗ਼ ਲੱਗ ਰਿਹਾ ਹੈ। ਖਪਤਕਾਰਾਂ ਅਨੁਸਾਰ, ਸਬੰਧਤ ਕਰਮਚਾਰੀ ਅਕਸਰ ਹਫ਼ਤਿਆਂ ਤੱਕ ਬਿਨਾਂ ਕਿਸੇ ਲਿਖਤੀ ਛੁੱਟੀ ਅਰਜ਼ੀ ਜਾਂ ਅਧਿਕਾਰਤ ਮਨਜ਼ੂਰੀ ਦੇ ਡਿਊਟੀ ਤੋਂ ਗੈਰਹਾਜ਼ਰ ਰਹਿੰਦੀ ਹੈ। ਦੋਸ਼ ਲਗਾਇਆ ਗਿਆ ਹੈ ਕਿ ਉਹ ਆਪਣੀ ਮਰਜ਼ੀ ਅਨੁਸਾਰ ਦਫ਼ਤਰ ਆਉਂਦੀ-ਜਾਂਦੀ ਹੈ, ਪਰ ਇਸ ਸਭ ਦੇ ਬਾਵਜੂਦ ਹਾਜ਼ਰੀ ਰਜਿਸਟਰ ਵਿੱਚ ਪੂਰੀ ਹਾਜ਼ਰੀ ਦਰਜ ਹੋ ਰਹੀ ਹੈ, ਜੋ ਕਿ ਗੰਭੀਰ ਪ੍ਰਬੰਧਕੀ ਲਾਪਰਵਾਹੀ ਵੱਲ ਇਸ਼ਾਰਾ ਕਰਦੀ ਹੈ।ਸ਼ਿਕਾਇਤਕਰਤਾਵਾਂ ਨੇ ਖ਼ਾਸ ਤੌਰ ’ਤੇ ਹਰ ਸ਼ਨੀਵਾਰ ਦੀ ਹਾਜ਼ਰੀ ਨੂੰ ਲੈ ਕੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਗਜ਼ੀ ਤੌਰ ’ਤੇ ਪੂਰੇ ਦਿਨ ਦੀ ਡਿਊਟੀ ਦਰਜ ਹੁੰਦੀ ਹੈ, ਪਰ ਅਸਲ ਵਿੱਚ ਕਾਊਂਟਰ ’ਤੇ ਸੇਵਾਵਾਂ ਨਗਣ ਹੁੰਦੀਆਂ ਹਨ। ਬਿੱਲਿੰਗ, ਖਪਤਕਾਰ ਸ਼ਿਕਾਇਤਾਂ, ਕਨੈਕਸ਼ਨ ਸਬੰਧੀ ਕਾਰਵਾਈਆਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਘੰਟਿਆਂ ਉਡੀਕ ਕਰਨੀ ਪੈਂਦੀ ਹੈ। ਖਪਤਕਾਰਾਂ ਮੁਤਾਬਕ, ਕਰਮਚਾਰੀ ਅਕਸਰ ਸਵੇਰੇ ਨਿਰਧਾਰਤ ਸਮੇਂ ਦੀ ਥਾਂ ਲਗਭਗ 10 ਵਜੇ ਦਫ਼ਤਰ ਪਹੁੰਚਦੀ ਹੈ। ਇਸ ਤੋਂ ਇਲਾਵਾ, ਕਈ ਵਾਰ ਆਪਣੀ ਗੋਦ ਲਈ ਬੇਟੀ ਨੂੰ ਵੀ ਦਫ਼ਤਰ ਲੈ ਆਉਣ ਕਾਰਨ ਦਫ਼ਤਰਕਾਰੀ ਮਾਹੌਲ ਪ੍ਰਭਾਵਿਤ ਹੁੰਦਾ ਹੈ ਅਤੇ ਕਾਊਂਟਰ ’ਤੇ ਕੰਮ ਲਗਭਗ ਠੱਪ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਦਫ਼ਤਰ ਨੂੰ ਨਿੱਜੀ ਜਗ੍ਹਾ ਵਾਂਗ ਵਰਤਣਾ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਖਪਤਕਾਰਾਂ ਨੇ ਖੁਲਾਸਾ ਕੀਤਾ ਹੈ ਕਿ ਮਿਤੀ 20 ਜਨਵਰੀ 2026 ਨੂੰ ਡਿਊਟੀ ਸਮੇਂ ਦੌਰਾਨ ਕਰਮਚਾਰੀ ਆਪਣੀ ਬੇਟੀ ਨੂੰ ਸਟ੍ਰੋਲਰ ਵਿੱਚ ਬਿਠਾ ਕੇ ਉਸ ਦੀ ਦੇਖਭਾਲ ਅਤੇ ਖੇਡ ਵਿੱਚ ਵਿਆਸਤ ਰਹੀ, ਜਦਕਿ ਦਫ਼ਤਰ ਵਿੱਚ ਖਪਤਕਾਰ ਆਪਣੀਆਂ ਸਮੱਸਿਆਵਾਂ ਲੈ ਕੇ ਕਾਊਂਟਰਾਂ ’ਤੇ ਖੜ੍ਹੇ ਰਹੇ। ਦੋਸ਼ ਹੈ ਕਿ ਇਸ ਦੌਰਾਨ ਨਾ ਸਿਰਫ਼ ਦਫ਼ਤਰਕਾਰੀ ਕੰਮ ਪ੍ਰਭਾਵਿਤ ਹੋਇਆ, ਸਗੋਂ ਖਪਤਕਾਰਾਂ ਨਾਲ ਵਰਤਾਓ ਵੀ ਸੰਤੋਸ਼ਜਨਕ ਨਹੀਂ ਸੀ। ਇਸ ਸਾਰੀ ਸਥਿਤੀ ਨੇ ਪੀਐੱਸਪੀਸੀਐਲ ਪ੍ਰਬੰਧਨ ਅਤੇ ਸੰਬੰਧਤ ਔਟਸੋਰਸਿੰਗ ਕੰਪਨੀ ਦੀ ਨਿਗਰਾਨੀ ਪ੍ਰਣਾਲੀ ਉੱਤੇ ਵੱਡਾ ਸਵਾਲ ਚਿੰਨ੍ਹ ਲਾ ਦਿੱਤਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਜੇ ਕਰਮਚਾਰੀ ਡਿਊਟੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ, ਤਾਂ ਉਸ ਦੀ ਜ਼ਿੰਮੇਵਾਰੀ ਸਿਰਫ਼ ਉਸ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਉਹ ਅਧਿਕਾਰੀ ਵੀ ਕਟਘਰੇ ’ਚ ਖੜੇ ਹੁੰਦੇ ਹਨ ਜੋ ਇਹ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਮੂੰਦ ਕੇ ਬੈਠੇ ਹਨ। ਖਪਤਕਾਰਾਂ ਨੇ ਪੀਐੱਸਪੀਸੀਐਲ ਦੇ ਉੱਚ ਅਧਿਕਾਰੀਆਂ ਅਤੇ ਟੈਲੀਪਰਫਾਰਮੈਂਸ ਕੰਪਨੀ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ, ਨਿਰਪੱਖ ਅਤੇ ਤੱਥਾਂ ਅਧਾਰਿਤ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਮੇਂ ਸਿਰ ਕਾਰਵਾਈ ਨਾ ਹੋਈ, ਤਾਂ ਉਹ ਇਸ ਮਸਲੇ ਨੂੰ ਉੱਚ ਪੱਧਰ ’ਤੇ ਉਠਾਉਣ ਲਈ ਮਜਬੂਰ ਹੋਣਗੇ। ਖਪਤਕਾਰਾਂ ਦਾ ਸਾਫ਼ ਕਹਿਣਾ ਹੈ ਕਿ ਬਿਜਲੀ ਵਰਗੀ ਅਹਿਮ ਸੇਵਾ ਨਾਲ ਜੁੜੇ ਦਫ਼ਤਰਾਂ ਵਿੱਚ ਮਨਮਰਜ਼ੀ, ਗੈਰਹਾਜ਼ਰੀ ਅਤੇ ਲਾਪਰਵਾਹੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤਯੋਗ ਨਹੀਂ। ਲੋਕਾਂ ਨੂੰ ਬਿਨਾਂ ਰੁਕਾਵਟ, ਸਮੇਂ ਸਿਰ ਅਤੇ ਇਜ਼ਜ਼ਤ ਨਾਲ ਸੇਵਾਵਾਂ ਮੁਹੱਈਆ ਕਰਵਾਉਣਾ ਪੀਐੱਸਪੀਸੀਐਲ ਦੀ ਪਹਿਲੀ ਜ਼ਿੰਮੇਵਾਰੀ ਹੈ, ਜਿਸ ਤੋਂ ਭੱਜਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਰਵਿਦਾਸ ਜੀ ਦੇ ਸੰਦੇਸ਼ ਮੁਤਾਬਕ ਬੇਗਮਪੁਰਾ ਰਾਜ ਦੀ ਸਥਾਪਨਾ ਕਰਨ ਲੋਕ : ਡਾ. ਕਰੀਮਪੁਰੀ
Next articleगैंडे की रक्षा से विकास की पटरी तक: असम ने संरक्षण की मिसाल कायम की