(ਸਮਾਜ ਵੀਕਲੀ)
ਬਹੁਤੀ ਵਾਰ ਅਸੀਂ ਆਪਣੇ ਹੀ ਰੰਗ ਵਿੱਚ ਰੰਗੇ ਹੁੰਦੇ ਹਾਂ। ਦੂਜਿਆਂ ਦੀ ਪਰਵਾਹ ਨਹੀਂ ਕਰਦੇ। ਆਪਣੀ ਈਰਖਾ, ਆਕੜ ਅਤੇ ਜਲਨ ਆਦਿ ਵਿੱਚ ਕਈਆਂ ਦੀ ਬਲੀ ਦੇ ਦਿੰਦੇ ਹਾਂ, ਪਰ ਫਿਰ ਵੀ ਨਹੀਂ ਸੁਧਰਦੇ।
ਮੰਨ ਲਵੋ ਕਿ ਤੁਹਾਨੂੰ ਕੋਈ ਅਹੁਦਾ ਬਿਨਾਂ ਕਾਬਲੀਅਤ ਤੋਂ ਹੀ ਮਿਲ਼ ਗਿਆ ਤੇ ਤੁਹਾਨੂੰ ਉਸ ਅਹੁਦੇ ਨਾਲ਼ ਸੰਬੰਧਿਤ ਕੰਮ ਦਾ ਕੋਈ ਤਜ਼ੁਰਬਾ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ?
ਮੇਰੇ ਖ਼ਿਆਲ ਨਾਲ਼ ਉਸ ਵਕਤ ਸੱਭ ਤੋਂ ਪਹਿਲਾਂ ਤੁਹਾਨੂੰ ਉਸ ਕੰਮ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਤਾਂ ਹੀ ਉਸ ਅਹੁਦੇ ਨਾਲ਼ ਇਨਸਾਫ਼ ਕਰ ਸਕੋਗੇ।
ਕਈ ਵਾਰੀ ਅਸੀਂ ਚੁਸਤੀ, ਚਾਪਲੂਸੀ, ਰਿਸ਼ਵਤ ਜਾਂ ਕਿਸੇ ਹੋਰ ਤਰੀਕੇ ਨਾਲ਼ ਕੋਈ ਅਹੁਦਾ ਹਾਸਲ ਕਰ ਲੈਂਦੇ ਹਾਂ ਤੇ ਫੇਰ ਆਪਣੀ ਫੋਕੀ ਧੌਂਸ ਵਿੱਚ ਦੂਜਿਆਂ ਤੇ ਹੁਕਮ ਚਲਾਉਂਦੇ ਹਾਂ। ਉਹਨਾਂ ਨੂੰ ਆਪਣੀਆਂ ਗਲਤ ਨੀਤੀਆਂ ਮੰਨਣ ਲਈ ਮਜ਼ਬੂਰ ਕਰਦੇ ਹਾਂ। ਅਸੀਂ ਆਪਣੇ ਵੱਡੇ ਛੋਟੇ ਕਿਸੇ ਜਾਣਕਾਰ ਤੋਂ ਕੁੱਝ ਵੀ ਸਿੱਖਣਾ, ਸਮਝਣਾ ਆਪਣੀ ਹੇਠੀ ਸਮਝਦੇ ਹਾਂ। ਕਈ ਵਾਰ ਤਾਂ ਚੰਗੇ ਚੰਗੇ ਤਜ਼ੁਰਬੇਕਾਰਾਂ ਨੂੰ ਵੀ ਅਨਾੜੀਆਂ ਦੇ ਥੱਲੇ ਕੰਮ ਕਰਨਾ ਪੈਂਦਾ ਹੈ।
ਵੈਸੇ ਤਾਂ ਇਹ ਦਿਖਾਵਾ, ਆਕੜ ਤੇ ਧੌਂਸ ਥੋੜੇ ਸਮੇਂ ਦੀ ਹੀ ਮਹਿਮਾਨ ਹੁੰਦੀ ਹੈ ਪਰ ਜੇਕਰ ਕਿਤੇ ਬਹੁਤੀ ਦੇਰ ਅਜਿਹੇ ਲੋਕਾਂ ਦੇ ਹੇਠਾਂ ਕੰਮ ਕਰਨਾ ਪਵੇ ਤਾਂ ਹਾਲ ਬਹੁਤ ਬੁਰਾ ਹੁੰਦਾ ਹੈ। ਅਜਿਹੇ ਲੋਕਾਂ ਨੂੰ ਆਪ ਕੰਮ ਕਰਨਾ ਨਹੀਂ ਆਉਂਦਾ ਹੁੰਦਾ ਤੇ ਉਹ ਬਾਕੀਆਂ ਦੇ ਕੰਮਾਂ ਵਿੱਚ ਬੇਮਤਲਬ ਨੁਕਸ ਕੱਢਦੇ ਰਹਿੰਦੇ ਹਨ ਜਿਵੇਂ ਕਿ
‘ਨਾਚ ਨਾ ਜਾਣੇ ਆਂਗਨ ਟੇਡਾ’।
ਇਸ ਕਰਕੇ ਜੇਕਰ ਖੁਦ ਨੂੰ ਸਾਬਿਤ ਕਰਨ ਦਾ ਸ਼ੌਂਕ ਤੇ ਇੱਛਾ ਹੋਵੇ ਤਾਂ ਸਹੀ ਤਰੀਕੇ ਅਪਣਾਈਏ। ਆਪਣੇ ਆਪ ਨੂੰ ਦੂਜਿਆਂ ਤੇ ਥੋਪ ਕੇ ਝੂਠੀ ਵਾਹ ਵਾਹ ਖੱਟੀ ਜਾ ਸਕਦੀ ਹੈ ਪਰ ਸੱਚਾ ਪਿਆਰ, ਸਤਿਕਾਰ, ਇੱਜ਼ਤ, ਭਰੋਸਾ ਤੇ ਅਪਣਤ ਕਦੇ ਵੀ ਹਾਸਲ ਨਹੀਂ ਕੀਤੀ ਜਾ ਸਕਦੀ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly