23 ਮਾਰਚ ਦੇ ਸ਼ਹੀਦਾ ਨੂੰ ਸਮਰਪਿਤ
(ਨੋਟ:ਇਹ ਪ੍ਰਤੀਕਿਰਿਆ ਪੇਰੀਅਰ ਈ.ਵੀ.ਰਾਮਾਸਵਾਮੀ ਨੇ ਆਪਣੇ ਤਮਿਲ ਹਫਤਾਵਰੀ ‘ਕੁਡਈ ਆਰਸੂ’ ਵਿਚ 29 ਮਾਰਚ,1931 ਨੂੰ ਵਿਅਕਤ ਕੀਤੀ ਸੀ)

(ਸਮਾਜ ਵੀਕਲੀ) ਅਜਿਹਾ ਕੋਈ ਵਿਅਕਤੀ ਨਹੀਂ ਹੈ ਜਿਸਨੂੰ ਭਗਤ ਸਿੰਘ ਦੀ ਫਾਂਸੀ ਕਾਰਨ ਦੁੱਖ ਨਾ ਹੋਇਆ ਹੋਵੇ।ਹਰ ਇਕ ਵਿਅਕਤੀ ਨੇ ਉਸਨੂੰ ਫਾਂਸੀ ਦਿੱਤੇ ਜਾਣ ਦੇ ਕਾਰਨ ਸਰਕਾਰ ਦੀ ਅਲੋਚਨਾ ਕੀਤੀ ਹੈ। ਇਸ ਦੇ ਇਲਾਵਾ ਅਸੀ ਇਹ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ,ਜਿਨ੍ਹਾ ਅਸੀ ਦੇਸ਼ ਭਗਤ ਅਤੇ ਰਾਸ਼ਟਰੀ ਨਾਇਕ ਦੇ ਤੌਰ ਤੇ ਜਾਣਦੇ ਹਾਂ,ਉਹ ਗਾਂਧੀ ਦੀ ਅਲੋਚਨਾ ਕਰ ਰਹੇ ਹਨ ਕਿ ਉਸਨੇ ਇਹ ਸਾਰਾ ਕੁਝ ਕਿਉਂ ਵਾਪਰਨ ਦਿੱਤਾ? ਜਦਕਿ ਇਕ ਸਥਾਨ ‘ਤੇ ਇਹ ਸਾਰਾ ਕੁਝ ਹੋ ਰਿਹਾ ਹੈ,ਤਾਂ ਦੇਖਦੇ ਹਾਂ,ਦੂਜੇ ਸਥਾਨਾਂ ‘ਤੇ ਇਹੀ ਲੋਕ ਕੀ ਕਰ ਰਹੇ ਹਨ। ਉਹ ਵਾਇਸਰਾਏ ਲਾਰਡ ਇਰਵਿਨ ਨੂੰ ਵਧਾਈ ਦੇ ਰਹੇ ਹਨ। ਉਹ ਸ੍ਰੀ ਗਾਂਧੀ ਦੀ ਪ੍ਰਸੰਸਾ ਕਰ ਰਹੇ ਹਨ ਕਿਉਂਕਿ ਉਸ ਨੇ ਲਾਰਡ ਇਰਵਿਨ ਨਾਲ ਇਕ ਸਮਝੌਤਾ ਕੀਤਾ ਹੋਇਆ ਹੈ। ਉਹ ਨਾ ਕੇਵਲ ਇਸ ਗੱਲੋ ਸੰਤੁਸ਼ਟ ਹਨ ਕਿ ਇਹ ਸਮਝੌਤਾ ਭਗਤ ਸਿੰਘ ਨੂੰ ਫਾਂਸੀ ਨਾ ਚੜ੍ਹਾਏ ਜਾਣ ਦੀ ਸ਼ਰਤ ਸ਼ਾਮਲ ਕੀਤੇ ਬਿਨਾਂ ਹੋ ਗਿਆ ਬਲਕਿ ਉਹ ਸਮਝੌਤੇ ਨੂੰ ਇੱਕ ਅਹਿਮ ਜਿੱਤ ਵੀ ਮੰਨਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਇਸ ਜਿੱਤ ‘ਤੇ ਖੁਸ਼ੀ ਮਨਾਈ ਜਾਣੀ ਚਾਹੀਦੀ ਹੈ।ਇਸ ਤੋਂ ਬਿਨਾਂ ਸ੍ਰੀ ਗਾਂਧੀ ਦਾ ਮੱਤ ਹੈ ਕਿ ਲਾਰਡ ਇਰਵਿਨ ਇੱਕ ਮਹਾਤਮਾ ਹੈ। ਲਾਰਡ ਇਰਵਿਨ ਨੂੰ ਗਾਂਧੀ ਗੋਰੇ ਲੋਕਾ ਤੋਂ ਵਧੇਰੇ ਦਿੱਵ ਦ੍ਰਿਸ਼ਟੀ ਯੁਕਤ ਇਕ ਮਹਾਨ ਵਿਅਕਤੀ ਗਰਦਾਨਦਾ ਹੈ। ਉਹ ਲੋਕ ਜੋ ਗਾਂਧੀ ਨੂੰ ਮਹਾਨ ਮੰਨ ਰਹੇ ਸਨ,ਉਹ ਹੁਣ ‘ਗਾਂਧੀ ਮੁਰਦਾਬਾਦ’ ,’ਕਾਗਰਸ-ਮੁਰਦਾਬਾਦ’ ਕਹਿ ਕੇ ਚਿੱਲਾਅ ਰਹੇ ਹਨ। ਗਾਂਧੀ ਜਿੱਥੇ ਕਿੱਧਰੇ ਵੀ ਜਾਂਦਾ ਹੈ, ਉਸਨੂੰ ਕਾਲੇ ਝੰਡੇ ਦਿਖਾਏ ਜਾਂਦੇ ਹਨ ਅਤੇ ਲੋਕ ਉਸ ਸਭਾ ਵਿਚ ਰੁਕਾਵਟ ਵੀ ਪਾਉਂਦੇ ਹਨ ਜਿੱਥੇ ਗਾਂਧੀ ਸੰਬੋਧਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਰੀਆਂ ਗੱਲਾ ਹੁਣ ਆਮ ਹੋ ਗਈਆਂ ਹਨ। ਜਦ ਅਸੀਂ ਇਹ ਸਾਰੀਆਂ ਚੀਜਾਂ ਦੇਖਦੇ ਹਾਂ, ਤਾਂ ਇਹ ਕਹਿਣਾ ਕਠਿਨ ਹੈ ਕਿ ਇਹ ਲੋਕਾਂ ਦਾ ਆਪਣਾ ਮੱਤ ਹੈ ਜਾਂ ਕਿਸੇ ਰਾਜਨੀਤਿਕ ਮਾਮਲੇ ਨਾਲ ਜੁੜੇ ਸਿਧਾਂਤ ਦਾ ਅਨੁਸਰਨ ਹੈ,ਪ੍ਰੰਤੂ ਇਸ ਗੱਲ ਵਿਚ ਵੀ ਸੰਦੇਹ ਹੈ ਕਿ ਇਹ ਕਿਸੇ ਸਿਧਾਂਤ ਦਾ ਅਨੁਸਰਨ ਹੈ। ਖੈਰ ਜਨਤਾ ਦੀ ਸਥਿਤੀ ਕੋਈ ਵੀ ਹੋਵੇ, ਜਦ ਗਾਂਧੀ ਨੇ ਨਮਕ ਅੰਦੋਲਨ ਆਰੰਭ ਕੀਤਾ ਸੀ ਤਾਂ ਅਸੀਂ ਇਸ ਗੱਲ ਦੀ ਵਿਸਥਾਰਪੂਰਵਕ ਚਰਚਾ ਕੀਤੀ ਸੀ ਕਿ ਇਹ ਅੰਦੋਲਨ ਲੋਕਾਂ ਦੇ ਕਿਸੇ ਕੰਮ ਨਹੀਂ ਆਵੇਗਾ ਬਲਕਿ ਇਹ ਦੇਸ਼ ਦੀ ਪ੍ਰਗਤੀ ਅਤੇ ਪੀੜਤ ਲੋਕਾਂ ਦੀ ਅਜ਼ਾਦੀ ਲਈ ਘਾਤਕ ਹੀ ਸਿੱਧ ਹੋਵੇਗਾ।ਗਾਂਧੀ ਨੇ ਵੀ ਸਪੱਸ਼ਟ ਅਤੇ ਖੁੱਲ੍ਹੇ ਤੌਰ ‘ਤੇ ਇਹ ਸਵੀਕਾਰ ਕੀਤਾ ਹੈ ਕਿ ਇਸ ਅੰਦੋਲਨ ਨੂੰ ਸ਼ੁਰੂ ਕਰਨ ਦਾ ਉਦੇਸ਼ ਭਗਤ ਸਿੰਘ ਵਰਗੇ ਲੋਕਾਂ ਦੁਆਰਾ ਕੀਤੇ ਗਏ ਕਾਰਜਾਂ ਨੂੰ ਫੇਲ ਕਰਨਾ ਅਤੇ ਉਸਨੂੰ ਅਪ੍ਰਭਾਵੀ ਬਣਾਉਣਾ ਹੈ।ਇਹਨਾਂ ਚੀਜ਼ਾਂ ਤੋਂ ਇਲਾਵਾ ਸਾਡੇ ਗੁਆਂਢੀ ਸਪਸ਼ਟ ਭਾਸ਼ਾ ਵਿਚ ਕਹਿੰਦੇ ਰਹਿੰਦੇ ਹਨ ਕਿ ਸ਼੍ਰੀ ਗਾਂਧੀ ਨੇ ਗਰੀਬਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਉਹ ਇਹ ਚੀਜ਼ਾ ਸਮਾਜਵਾਦੀ ਸਿਧਾਂਤਾਂ ਨੂੰ ਮਿਟਾਉਣ ਲਈ ਕਰਦਾ ਹੈ। ਗਾਂਧੀ ਮੁਰਦਾਬਾਦ,ਪਰ ਸਾਡੇ ਰਾਸ਼ਟਰੀ ਨਾਇਕਾਂ ਅਤੇ ਦੇਸ਼ ਭਗਤਾਂ ਨੇ ਕਦੇ ਇਹਨਾਂ ਪ੍ਰਤੀਕਿਰਿਆਵਾਂ ‘ਤੇ ਧਿਆਨ ਹੀ ਨਹੀਂ ਦਿੱਤਾ। ਉਹ ਕਦੇ ਕਿਸੇ ਚੀਜ਼ ਦਾ ਨਫਾ-ਨੁਕਸਾਨ ਨਹੀਂ ਸੋਚਦੇ,ਠੀਕ ਉਹਨਾਂ ਲੋਕਾਂ ਵਾਂਗ ਜੋ ਦੀਵਾ ਹੱਥ ਵਿਚ ਲੈ ਕੇ ਖੂਹ ਵਿਚ ਡਿੱਗ ਜਾਂਦੇ ਹਨ, ਚੁਣੌਤੀਆਂ ਨੂੰ ਸਵੀਕਾਰਦਿਆਂ ਪੱਥਰਾਂ ਨਾਲ ਟਕਰਾਉਂਦੇ ਹਨ,ਉਹ ਜੇਲ੍ਹ ਗਏ ਅਤੇ ਜੇਤੂ ਹੋ ਕੇ ਪਰਤੇ। ਉਹਨਾਂ ਨੇ ਜੇਲ੍ਹ ਜਾਣ ਨਾਲ ਜੁੜੇ ‘ਗੌਰਵ’ ਨੂੰ ਸਵਿਕਾਰ ਕੀਤਾ। ਕਾਗਰਸ-ਮੁਰਦਾਬਾਦ! ਸਾਨੂੰ ਇਹ ਸਮਝ ਨਹੀਂ ਆਉਂਦਾ ਕਿ ਅਜਿਹੇ ਵਿਵਹਾਰ ਨਾਲ ਉਸਨੂੰ ਕੀ ਹਾਨੀ-ਲਾਭ ਮਿਲੇਗਾ।
ਜਿਥੋਂ ਤੱਕ ਸਾਡੀ ਗੱਲ ਹੈ,ਤਾਂ ਅਸੀਂ ਜੋ ਸੱਚ ਕਹਿਣਾ ਚਾਹੁੰਦੇ ਹਾਂ ਉਹ ਇਹ ਹੈ ਕਿ ਇਸ ਦੇਸ਼ ਵਿਚ ਮੂਰਖ ਅਤੇ ਜਾਹਲ ਲੋਕ ਬਹੁਤ ਹਨ,ਇਹ ਲੋਕ ਕਿਸੇ ਕੰਮ ਦਾ ਨਫਾ-ਨੁਕਸਾਨ ਨਹੀਂ ਸੋਚਦੇ, ਉਹ ਸਵਾਰਥੀ ਭਾਵ ਨਾਲ ਸਿਰਫ ਆਪਣੇ ਸਨਮਾਨ ਬਾਰੇ ਹੀ ਸੋਚਦੇ ਹਨ। ਜੇਕਰ ਭਗਤ ਸਿੰਘ ਜਿਊਂਦਾ ਹੁੰਦਾ ਤਾਂ ਉਸਨੂੰ ਹਰ ਪਲ ਅਜਿਹੇ ਲੋਕਾਂ ਦੀਆਂ ਹਰਕਤਾਂ ਦੇਖ ਕੇ ਦੁੱਖ ਹੋਣਾ ਸੀ। ਇਸ ਤੋਂ ਇਹੀ ਚੰਗਾ ਹੈ ਕਿ ਭਗਤ ਸਿੰਘ ਨੇ ਮਰ ਕੇ ‘ਸ਼ਾਂਤੀ’ ਪਾ ਲਈ ਹੈ। ਮੈਨੂੰ ਦੁੱਖ ਹੈ ਕਿ ਮੈਨੂੰ ਅਜਿਹਾ ਦੁਰਲੱਭ ਸੁਭਾਗ ਪ੍ਰਾਪਤ ਨਹੀਂ ਹੋਇਆ। ਸਵਾਲ ਇਹ ਹੈ ਕਿ ਕਿਸੇ ਵਿਅਕਤੀ ਨੇ ਆਪਣਾ ਫਰਜ਼ ਨਿਭਾਇਆਹੈ ਜਾਂ ਨਹੀਂ? ਸਵਾਲ ਇਹ ਨਹੀਂ ਹੈ ਕਿ ਉਸਦੇ ਕੰਮਾਂ ਦਾ ਫਲ ਨਿਕਲਿਆ ਹੈ ਜਾਂ ਨਹੀਂ,ਹਾਲਾਂਕਿ ਅਸੀਂ ਇਹ ਜਾਣਦੇ ਹਾਂ ਕਿ ਸਾਨੂੰ ਦੇਸ਼ ਅਤੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਆਪਣਾ ਕਰਤੱਵ ਨਿਭਾਉਣਾ ਚਾਹੀਦਾ ਹੈ। ਅਸੀਂ ਇਹ ਗੱਲ ਮੰਨਦੇ ਹਾਂ ਕਿ ਸਮਾਂ,ਸਥਾਨ ਅਤੇ ਸਾਮਾਨਯ ਰੁਝਾਨ ਨੇ ਨਿਸਚੇ ਹੀ ਭਗਤ ਸਿੰਘ ਦੁਆਰਾ ਪਰਚਾਰਤ ਸਿਧਾਂਤਾਂ ਨੂੰ ਵਿਵਹਾਰ ਵਿਚ ਬਦਲਣ ਲਈ ਢੰਗ ਤਰੀਕੇ ਚੁਣਨ ਵਿਚ ਥੋੜੀ ਜਿਹੀ ਗਲਤੀ ਕਰ ਦਿੱਤੀ, ਪਰ ਅਸੀਂ ਇਹ ਕਦੇ ਨਹੀਂ ਮੰਨਾਂਗੇ ਕਿ ਉਸਦੇ ਸਿਧਾਂਤਾਂ ਵਿਚ ਕੋਈ ਕਮੀ ਸੀ,ਕੇਵਲ ਇਸ ਗੱਲ ਨਾਲ ਹੀ ਸੰਸਾਰ ਵਿੱਚ ਸ਼ਾਂਤੀ ਫੈਲੇਗੀ। ਜਦ ਭਗਤ ਸਿੰਘ ਨੂੰ ਇਹ ਦ੍ਰਿੜ ਵਿਸ਼ਵਾਸ ਸੀ ਕਿ ਉਸਦੇ ਸਾਰੇ ਸਿਧਾਂਤ ਸਹੀ ਸਨ ਅਤੇ ਉਸਨੇ ਜਿਹੜੇ ਰਾਹਾਂ ਦਾ ਪ੍ਰਯੋਗ ਕੀਤਾ,ਉਹ ਨਿਆਂ ਸੰਗਤ ਸਨ,ਤਾਂ ਉਸਨੂੰ ਇਹੋ ਕਰਨਾ ਚਾਹੀਦਾ ਸੀ,ਜੋ ਉਸਨੇ ਕੀਤਾ। ਜੇਕਰ ਉਸਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਅਸੀਂ ਉਸਨੂੰ ਇਮਾਨਦਾਰ ਨਹੀਂ ਕਹਿਣਾ ਸੀ। ਇਸ ਲਈ ਅਸੀਂ ਅੱਜ ਇਹ ਕਹਿੰਦੇ ਹਾਂ ਕਿ ਉਹ ਇੱਕ ਸੱਚਾ ਵਿਅਕਤੀ ਸੀ। ਸਾਡਾ ਦ੍ਰਿੜ ਮੱਤ ਹੈ ਕਿ ਅੱਜ ਭਾਰਤ ਨੂੰ ਕੇਵਲ ਭਗਤ ਸਿੰਘ ਦੇ ਸਿਧਾਂਤਾਂ ਦੀ ਜਰੂਰਤ ਹੈ।
ਜਿੱਥੋਂ ਤੱਕ ਅਸੀਂ ਜਾਣਦੇ ਹਾਂ,ਭਗਤ ਸਿੰਘ ਦੇ ਸਿਧਾਂਤਾਂ ਨੇ ਸਮਾਜਵਾਦ ਅਤੇ ਸਾਮਵਾਦ ਦਾ ਪ੍ਰਤੀਨਿਧਤਵ ਕੀਤਾ ਹੈ। ਇਸ ਦ੍ਰਿਸ਼ਟੀਕੋਣ ਨੂੰ ਆਪਣੇ ਸਾਹਮਣੇ ਰੱਖ ਕੇ ਉਸ ਦੀਆਂ ਦੋ ਪੰਗਤੀਆਂ ਅਸੀਂ ਦੇਖ ਸਕਦੇ ਹਾਂ, ਜੋ ਭਗਤ ਸਿੰਘ ਨੇ ਪੰਜਾਬ ਸੂਬੇ ਦੇ ਗਵਰਨਰ ਨੂੰ ਲਿਖੀਆਂ ਸਨ, ਉਹ ਇਹ ਸਨ ਕਿ,”ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਕਮਿਊਨਿਸਟ ਪਾਰਟੀ ਸੱਤਾ ਵਿਚ ਨਹੀਂ ਆ ਜਾਂਦੀ ਅਤੇ ਲੋਕ ਗ਼ੈਰ-ਬਰਾਬਰੀ ਤੋਂ ਬਗੈਰ ਨਹੀਂ ਰਹਿੰਦੇ। ਕੇਵਲ ਸਾਨੂੰ ਮਾਰ ਕੇ ਇਸਦਾ ਅੰਤ ਨਹੀਂ ਕੀਤਾ ਜਾ ਸਕਦਾ,ਇਹ ਸ਼ੰਘਰਸ਼ ਖੁੱਲ੍ਹੇ ਅਤੇ ਗੁਪਤ ਤੌਰ ‘ਤੇ ਚੱਲਦਾ ਰਹੇਗਾ।”
ਅਸੀਂ ਇਹ ਸੋਚਦੇ ਹਾਂ ਕਿ ਭਗਤ ਸਿੰਘ ਦਾ ਈਸ਼ਵਰ ਅਤੇ ਦੈਵੀ ਸ਼ਕਤੀ ਵਿੱਚ ਵਿਸ਼ਵਾਸ ਨਹੀਂ ਸੀ ਪ੍ਰੰਤੂ ਉਹ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਵਿਅਕਤੀ ਸੀ। ਇਸ ਤਰਾਂ ਦੇ ਵਿਚਾਰ (ਈਸ਼ਵਰ ਸੰਬੰਧੀ) ਰੱਖਣਾ ਕਿਸੇ ਵੀ ਕਾਨੂੰਨ ਦੇ ਮੁਤਾਬਕ ਅਪਰਾਧ ਨਹੀਂ ਹਨ। ਜੇਕਰ ਅਜਿਹਾ ਮੰਨਣਾ ਅਪਰਾਧ ਹੈ ਤਾਂ ਵੀ ਕਿਸੇ ਨੂੰ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਸਾਡਾ ਇਹ ਦ੍ਰਿੜ ਮੱਤ ਹੈ ਕਿ ਇਸ ਤਰਾਂ ਦੇ ਸਿਧਾਂਤਾਂ(ਭਗਤ ਸਿੰਘ ਵਲੋਂ ਪ੍ਰਚਾਰਤ) ਤੋਂ ਨਾ ਕੋਈ ਹਾਨੀ ਹੋਏਗੀ,ਨਾ ਹੀ ਉਹ ਕਿਸੇ ਨੂੰ ਹਾਨੀ ਪਹਿਚਾਉਣਗੇ, ਜੇਕਰ ਸੰਯੋਗਵੱਸ ਕਿਸੇ ਨੂੰ ਠੇਸ ਪਹੁੰਚਦੀ ਵੀ ਹੈ ਤਾਂ ਇਹ ਗ਼ੈਰ-ਇਰਾਦਤਨ ਹੋਵੇਗੀ। ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵਿਅਕਤੀ, ਕਿਸੇ ਸੰਸਥਾ,ਫਿਰਕੇ ਅਤੇ ਦੇਸ਼ ਦੇ ਨਿਵਾਸੀਆਂ ਵਿਰੁੱਧ ਕੋਈ ਦੂਈ ਦਵੈਸ਼ ਫੈਲਾਏ ਬਿਨਾਂ ਆਪਣੇ ਸਿਧਾਂਤਾਂ ਤੇ ਕਾਰਜਾਂ ਨੂੰ ਪੂਰੇ ਦਿਲੋਂ ਸਿਰੇ ਲਾਇਆ ਜਾਵੇ। ਅਸੀਂ ਕਿਸੇ ਨੂੰ ਦੁੱਖ ਪਹੁੰਚਾਏ ਬਿਨਾਂ ਆਪਣੇ ਕਾਰਜ ਕਰਦੇ ਹਾਂ ਪਰ ਸਾਨੂੰ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਅਤੇ ਤਿੱਖੇ ਕੰਡਿਆਂ ਨੂੰ ਸਹਿਣ ਲਈ ਵੀ ਤਿਆਰ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਕਿਸੇ ਚੀਜ਼ ਤੋਂ ਘਬਰਾਉਣ ਜਾਂ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ। ਇਹੀ ਦਰਸ਼ਨ ਜੋ ਸਾਡੇ ਛੂਆਛੂਤ ਦੂਰ ਕਰਨ ਦੇ ਪਿੱਛੇ ਹੈ, ਉਹੀ ਦਰਸ਼ਨ ਗ਼ਰੀਬੀ ਹਟਾਉਣ ਦੇ ਯਤਨਾਂ ਦਾ ਅਧਾਰ ਵੀ ਹੈ। ਛੂਆਛੂਤ ਹਟਾਉਣ ਲਈ ਸਾਨੂੰ ਉੱਚੀਆਂ ਅਤੇ ਨੀਵੀਆਂ ਜਾਤੀਆਂ ਦੇ ਪਾੜੇ ਨੂੰ ਮਿਟਾਉਣਾ ਪਵੇਗਾ। ਇਸ ਤਰਾਂ ਗ਼ਰੀਬੀ ਹਟਾਉਣ ਲਈ ਸਾਨੂੰ ਪੂੰਜੀਪਤੀ ਅਤੇ ਮਜਦੂਰ ਵਿਚਲੇ ਪਾੜੇ ਨੂੰ ਮਿਟਾਉਣਾ ਪਵੇਗਾ। ਸਮਾਜਵਾਦ ਅਤੇ ਸਾਮਵਾਦ ਹੋਰ ਕੁਝ ਵੀ ਨਹੀਂ ਬਲਕਿ ਇਨ੍ਹਾਂ ਅਵਧਾਰਨਾਵਾਂ ਅਤੇ ਵਿਵਸਥਾਵਾਂ ਤੋਂ ਮੁਕਤੀ ਪਾਉਣਾ ਹੈ। ਇਹੋ ਵਿਚਾਰ ਹਨ ਜਿਨ੍ਹਾ ‘ਤੇ ਭਗਤ ਸਿੰਘ ਖੜ੍ਹਾ ਰਿਹਾ ਹੈ। ਇਹੋ ਕਾਰਨ ਹੈ ਕਿ ਜੋ ਲੋਕ ਇਨਾਂ ਵਿਚਾਰਾਂ ਨੂੰ ਨਿਆਂ ਸੰਗਤ ਅਤੇ ਸਹੀ ਮੰਨਦੇ ਹਨ, ਉਹ ਗਾਂਧੀ-ਮੁਰਦਾਬਾਦ,ਕਾਗਰਸ-ਜਿੰਦਾਬਾਦ ਕਰਦੇ ਰਹਿੰਦੇ ਹਨ।
ਜਿਸ ਦਿਨ ਗਾਂਧੀ ਨੇ ਇਹ ਕਿਹਾ ਸੀ ਕਿ ਭਗਵਾਨ ਉਸਦਾ ਮਾਰਗ-ਦਰਸ਼ਨ ਕਰਦਾ ਹੈ,ਸੰਸਾਰ ਨੂੰ ਚਲਾਉਣ ਲਈ ਵਰਣ-ਵਿਵਸਥਾ ਸਭ ਤੋਂ ਵਧੀਆ ਵਿਵਸਥਾ ਹੈ ਅਤੇ ਜੋ ਕੁਝ ਹੁੰਦਾ ਹੈ, ਭਗਵਾਨ ਦੀ ਇੱਛਾ ਅਨੁਸਾਰ ਹੀ ਹੁੰਦਾ ਹੈ,ਉਸੇ ਦਿਨ ਅਸੀਂ ਇਸ ਫੈਸਲੇ ‘ਤੇ ਪੁੱਜੇ ਸੀ ਕਿ ਗਾਂਧੀਵਾਦ ਅਤੇ ਬ੍ਰਾਹਮਣਵਾਦ ਵਿਚ ਕੋਈ ਵੀ ਫਰਕ ਨਹੀਂਹੈ। ਅਸੀਂ ਇਹ ਵੀ ਸਿੱਟਾ ਕੱਢਿਆ ਹੈ ਕਿ ਇਸ ਦੇਸ਼ ਦਾ ਭਲਾ ਉਦੋਂ ਤੱਕ ਨਹੀਂ ਹੋ ਸਕਦਾ ਜਦ ਤੱਕ ਕਾਂਗਰਸ ਪਾਰਟੀ ਇਨਾਂ ਸਿਧਾਂਤਾ ਅਤੇ ਦਰਸ਼ਨ ‘ਤੇ ਚੱਲਦੀ ਹੈ,ਇਨਾਂ ਤੋਂ ਮੁਕਤੀ ਪਾਉਣਾ ਜਰੂਰੀ ਹੈ, ਪਰ ਹੁਣ ਇਹ ਤੱਥ ਘੱਟੋ-ਘੱਟ ਕੁਝ ਲੋਕ ਮੰਨਣ ਲੱਗ ਪਏ ਹਨ, ਉਨਾਂ ਕੋਲ ਇੰਨਾ ਗਿਆਨ ਅਤੇ ਹਿੰਮਤ ਆ ਗਈ ਹੈ ਕਿ ਉਹ ਗਾਂਧੀਵਾਦ ਦੇ ਪਤਨ ਲਈ ਯਤਨ ਕਰ ਸਕਣਗੇ। ਇਹ ਸਾਡੇ ਦੇਸ਼ ਉਦੇਸ਼ ਦੀ ਮਹਾਨ ਸਫਲਤਾ ਹੈ। ਜੇਕਰ ਭਗਤ ਸਿੰਘ ਨੂੰ ਫਾਂਸੀ ਨਾ ਦਿੱਤੀ ਗਈ ਹੁੰਦੀ ਤਾਂ ਇੰਨੇ ਲੋਕ-ਪ੍ਰਿਆ ਢੰਗ ਨਾਲ ਇਸ ਜਿੱਤ ਦੇ ਅਧਾਰ ਨਹੀਂ ਹੋਣੇ ਸਨ, ਬਲਕਿ ਅਸੀਂ ਤਾਂ ਇਹ ਗੱਲ ਕਹਿਣ ਦਾ ਜੋਖਮ ਉਠਾ ਸਕਦੇ ਹਾਂ ਕਿ ਜੇਕਰ ਭਗਤ ਸਿੰਘ ਨੂੰ ਫਾਂਸੀ ਨਾ ਹੋਈ ਹੁੰਦੀ ਤਾਂ ਗਾਂਧੀਵਾਦ ਨੂੰ ਹੋਰ ਜ਼ਮੀਨ ਨਹੀਂ ਮਿਲਣੀ ਸੀ। ਭਗਤ ਸਿੰਘ ਬੀਮਾਰ ਪੈ ਕੇ ਨਹੀਂ ਮਰਿਆਂ,ਜਿਵੇਂ ਆਮ ਤੌਰ ‘ਤੇ ਲੋਕ ਮਰ ਜਾਂਦੇ ਹਨ। ਉਸਨੇ ਨਾ ਕੇਵਲ ਭਾਰਤ ਬਲਕਿ ਪੂਰੇ ਸੰਸਾਰ ਨੂੰ ਵਾਸਤਵਿਕ ਸਮਾਨਤਾ ਅਤੇ ਸ਼ਾਂਤੀ ਦਾ ਮਾਰਗ ਦਿਖਾਉਣ ਦੇ ਮਹਾਨ ਉਦੇਸ਼ ਲਈ ਆਪਣੇ ਪ੍ਰਾਣ ਵਾਰ ਦਿੱਤੇ। ਭਗਤ ਸਿੰਘ ਇੱਕ ਅਜਿਹੀ ਉਚਾਈ ਤੱਕ ਪਹੁੰਚ ਗਿਆ ਹੈ ਜਿੱਥੇ ਆਮ ਕਰਕੇ ਹਰ ਕੋਈ ਨਹੀਂ ਪੁੱਜ ਸਕਦਾ। ਸਾਨੂੰ ਉਸਦੀ ਸ਼ਹਾਦਤ ‘ਤੇ ਦਿਲ ਦੀ ਗਹਿਰਾਈ ‘ਚੋਂ ਗਰਵ ਹੈ। ਨਾਲ ਹੀ ਨਾਲ ਅਸੀਂ ਸਰਕਾਰ ਵਿਚ ਬੈਠੇ ਲੋਕਾਂ ਨੂੰ ਇਹ ਪ੍ਰਾਥਨਾ ਵੀ ਕਰਦੇ ਹਾਂ ਕਿ ਉਹ ਹਰ ਸੂਬੇ ਵਿਚੋਂ ਚਾਰ ਭਗਤ ਸਿੰਘ ਵਰਗੇ ਸੱਚੇ ਵਿਅਕਤੀ ਲੱਭੇ ਅਤੇ ਉਨਾਂ ਨੂੰ ਫਾਂਸੀ ਚੜ੍ਹਾ ਦੇਵੇ।
( ਨੋਟ: ਇਹ ਲੇਖ ਨਵਚੇਤਨਾ ਪਬਲੀਕੇਸ਼ਨ ਦੇ ਪ੍ਰਕਾਸ਼ਨ ਹੇਠ ਚਰਨ ਦਾਸ ਸੰਧੂ ਦੁਆਰਾ ਸੰਪਾਦਿਤ ਕਿਤਾਬ ਸ਼ਹੀਦ ਭਗਤ ਸਿੰਘ ਅਤੇ ਡਾਂ. ਅੰਬੇਡਕਰ ਦੀ ਸਿਧਾਂਤਕ ਸਾਂਝ ਵਿੱਚੋ ਲਿਆਂ ਗਿਆ ਹੈ ਇਜਾਜ਼ਤ ਦੇਣ ਲਈ ਧੰਨਵਾਦ ਕੀਤਾ ਜਾਂਦਾ ਹੈ)
ਪੇਸ਼ਕਸ਼ ਤੇ ਸ਼ਬਦ ਬਣਤਰ:ਨਿੰਦਰ ਮਾਈ ਦਿੱਤਾ(ਪ੍ਰਧਾਨ)
ਸ਼ਹੀਦੇ ਆਜਮ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਮਾਈਦਿੱਤਾ ਜਿਲਾ ਸ਼ਹੀਦ ਭਗਤ ਸਿੰਘ ਨਗਰ
9463251568
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj