ਭਾਜਪਾ ਦੀ ਤਿਰੰਗਾ ਯਾਤਰਾ ਦਾ ਵਿਰੋਧ ਨਹੀਂ ਕਰਨਗੇ ਕਿਸਾਨ

Flag of India

ਨਵੀਂ ਦਿੱਲੀ (ਸਮਾਜ ਵੀਕਲੀ):  ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੀਆਂ ਸਾਜ਼ਿਸ਼ੀ ਚਾਲਾਂ ਦੇ ਜਾਲ ਵਿੱਚ ਨਾ ਫਸਣ। ਮੋਰਚੇ ਨੇ ਕਿਹਾ ਕਿ ਭਾਜਪਾ ਦੀ ਹਰਿਆਣਾ ਇਕਾਈ ਵੱਲੋਂ ਪ੍ਰਸਤਾਵਿਤ ‘ਤਿਰੰਗਾ ਯਾਤਰਾ’ ਮੁੱਖ ਤੌਰ ’ਤੇ ਕਿਸਾਨਾਂ ਨੂੰ ਭੜਕਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਇਸ ਮਨਘੜਤ ਯੋਜਨਾ ਨੂੰ ਵੇਖਣ ਤੇ ਰਾਸ਼ਟਰੀ ਝੰਡੇ ਦੀ ਆੜ ਵਿੱਚ ਗੰਦੀ ਚਾਲ ਨੂੰ ਕਾਮਯਾਬ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਕਿਸਾਨ ਕਿਤੇ ਵੀ ਵਿਰੋਧ ਨਾ ਕਰਨ ਅਤੇ ਕੌਮੀ ਝੰਡੇ ਦੇ ਸਤਿਕਾਰ ਨੂੰ ਵੀ ਯਕੀਨੀ ਬਣਾਇਆ ਜਾਵੇ।

ਉਂਜ ਮੋਰਚੇ ਨੇ ਸਪੱਸ਼ਟ ਕੀਤਾ ਕਿ ਭਾਜਪਾ, ਜੇਜੇਪੀ ਅਤੇ ਉਨ੍ਹਾਂ ਦੇ ਨੇਤਾਵਾਂ ਦਾ ਬਾਈਕਾਟ ਤੇ ਕਾਲੇ ਝੰਡਿਆਂ ਰਾਹੀਂ ਵਿਰੋਧ ਦੇ ਹੋਰ ਸਾਰੇ ਪ੍ਰੋਗਰਾਮ ਜਾਰੀ ਰਹਿਣਗੇ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸੰਸਦ ਦੀ ਕਾਰਵਾਈ ਦੇ ਸਮਾਨਾਂਤਰ ਭਲਕੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦੇ ਸੈਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜਾਣਕਾਰੀ ਮੁਤਾਬਕ ਸੰਸਦ ਨੇ 107 ਘੰਟਿਆਂ ਵਿੱਚੋਂ ਸਿਰਫ 18 ਘੰਟਿਆਂ ਲਈ ਕੰਮ ਕੀਤਾ ਹੈ ਅਤੇ ਹਉਮੈਵਾਦੀ ਤੇ ਆਡੰਬਰਾਂ ਵਾਲੀ ਸਰਕਾਰ ਆਪਣੇ ਗੈਰ-ਜਮਹੂਰੀ ਕੰਮਕਾਜ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਗੱਲ ਨਾ ਸੁਣਨ ਵਿੱਚ ਕਰੋੜਾਂ ਰੁਪਏ ਗੁਆਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਮਹੱਤਵਪੂਰਨ ਮਾਮਲੇ ਉਠਾਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਕਮੇਟੀ ਵੱਲੋਂ ਹਰਿਆਣਾ ਤੇ ਦਿੱਲੀ ਵਿੱਚ ਝੂਠੇ ਪਰਚੇ ਦਰਜ ਕਰਕੇ ਫਸਾਏ ਗਏ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਦੇਣ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਸਬੰਧੀ ਅੰਤਰਿਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਸਦਭਾਵਨਾ ਮਿਸ਼ਨ ਦੇ ਨਾਮ ’ਤੇ ਚਲਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪਾਂ ਵਿੱਚ ਸਿੰਘੂ ਬਾਰਡਰ ’ਤੇ ਸੇਵਾ ਪ੍ਰਦਾਨ ਕਰਨ ਵਾਲੀ ਡਾਕਟਰਾਂ ਦੀ ਟੀਮ ਦਾ ਅੱਜ ਸਨਮਾਨ ਕੀਤਾ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleThailand’s Covid-19 tally tops 600,000, tighter curbs extended
Next articleਲਾਹੌਲ-ਸਪਿਤੀ ਵਿੱਚ ਫਸੇ ਸਾਰੇ ਲੋਕ ਕੱਢੇ ਗਏ