(ਸਮਾਜ ਵੀਕਲੀ) – ਗਵੰਤਰੀ ਲਿਖਣਤਰੀ ਬੰਟੀ ਮਾਨ ਦੀ ਚਾਰੇ ਪਾਸੇ ਖ਼ਾਸੀ ਮਸ਼ਹੂਰੀ ਹੈ। ਓਹਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੈਂਡਲ ਕਰਨ ਵਾਲੇ ਚਿੜ੍ਹ ਘੁੱਗ ਕੁੜੀਆਂ ਮੁੰਡਿਆਂ ਦੀ ਟੀਮ ਨੇ ਵਾਹਵਾ ਰੌਲਾ ਪਾਇਆ ਹੋਇਆ ਏ। ਅਖੇ, ਬੰਟੀ ਮਾਨ ਇਹ ਹੈ, ਓਹ ਹੈ, ਸਭ ਕੁਝ ਹੈ।
***
ਲੰਘੇ ਮਹੀਨੇ, ਗਵੰਤਰੀ ਲਿਖਣਤਰੀ ਬੰਟੀ ਮਾਨ ਸਾਡੇ ਘਰ ਲਾਗੇ ਉੱਸਰੇ ਪ੍ਰਾਈਵੇਟ ਸਕੂਲ ਵਿਚ ਪੁੱਜਾ ਸੀ, ਅਖੇ ਮੈਂ, ਵਲੰਟੀਅਰ ਦੇ ਤੌਰ ਉੱਤੇ ਪੰਜਾਬੀ ਪੜ੍ਹਾਉਣੀ ਐ। ਸਕੂਲ ਦਾ ਮਾਲਕ ਮੰਨ ਗਿਆ ਸੀ, ਹੁਣ ਰੋਜ਼ ਬੰਟੀ ਪੜ੍ਹਾਉਣ ਆਉਂਦਾ ਐ।
***
ਗਾਇਕ ਕਲਾਕਾਰ ਬੰਟੀ ਮਾਨ ਖੁਦ ਨੂੰ ਐੱਮ ਏ ਉਰਦੂ ਪਾਸ ਵੀ ਦੱਸਦਾ ਐ। … ਪਰ, ਉਰਦੂ ਤਲਫ਼ਫੁਜ਼ ਪੱਖੋਂ ਕਮਜ਼ੋਰ ਹੈ। ਅੱਜ ਓਹ ਜਮਾਤ ਵਿਚ ਬਾਲਾਂ ਨੂੰ ਪੜ੍ਹਾ ਰਿਹਾ ਸੀ, ਏਸ ਦੌਰਾਨ ਇਕ ਬੱਚੇ ਨੇ ਕਲਾਸ ਨੂੰ ਜਮਾਤ ਕਹਿ ਦਿੱਤਾ ਤਾਂ ਬੰਟੀ ਦੇ ਬੋਲ ਵਿਗੜ ਗਏ। ਅਖੇ, ਤੁਸੀਂ ਜਾਹਲ ਓ, ਕਲਾਸ ਆਖਿਆ ਕਰੋ, ਜਮਾਤ ਕੀ ਹੁੰਦਾ ਆ!!!
****
ਬੰਟੀ ਦੀ ਉੱਚੀ ਆਵਾਜ਼ ਸੁਣ ਕੇ ਮੈਥੋਂ ਰਿਹਾ ਨ੍ਹੀ ਗਿਆ! ਮੈਂ ਸਕੂਲ ਇਮਾਰਤ ਦੇ ਅੰਦਰ ਜਾ ਵੜਿਆ। ਮੈਂ ਆਖਿਆ, “ਹਾਂਜੀ ਗਵੰਤਰੀ ਵੀਰੇ, ਕੀ ਗੱਲ ਹੋ ‘ਗੀ? ਬੋਲ ਬੜਾ ਉੱਚਾ ਚੱਕ ਲਿਆ!”
ਓਹ ਨਹੀਂ … ਕੁਸ ਨਹੀਂ, ਇਹ ਬੱਚੇ ਗ਼ਲਤ ਉਚਾਰਣ ਕਰਦੇ ਸੀ ਪਰ ਤੁਸੀਂ ਮੈਨੂੰ “ਗਵੰਤਰੀ” ਕਾਹਨੂੰ ਆਖਦੇ ਓ! ਮੈਂ ਤਾਂ ਸਿੰਗਰ ਪਲੱਸ ਟੀਚਰ ਹਾਂ!!!
ਓ ਵੀਰ, ਸਿੰਗਰ ਕਿਓੰ ਆਖੀਏ? ਸਾਡੇ ਕੋਲ ਦੇਸੀ ਲਫ਼ਜ਼ ‘ਗਵੰਤਰੀ” ਮੌਜੂਦ ਐ!! ਮੇਰਾ ਜੁਆਬ ਸੁਣ ਕੇ ਬੰਟੀ ਮਾਨ ਖਿਝ ਗਿਆ ਜਾਪਦਾ ਸੀ!
****
ਨਾਲੇ… “ਮਾਣ” ਸਾਹਬ, ਬੱਚੇ ਜੇ ਗ਼ਲਤ ਲਫ਼ਜ਼ ਬੋਲਦੇ ਹੋਣ ਤਾਂ ਬੋਲ ਨ੍ਹੀ ਉੱਚਾ ਚੁੱਕੀਦਾ! ਮੋਹੱਬਤ ਨਾਲ ਸਮਝਾਈਦਾ ਐ! (ਮੈਂ ਆਖਿਆ)
ਹੁਣ ਜਿਵੇਂ ਤੁਸੀਂ ਆਪਣਾ ਨਾਂ “ਬੰਟੀ ਮਾਨ” ਲਿਖਦੇ ਓ! ਪੰਜਾਬੀ ਵਿਚ ਤਾਂ ਸਹੀ ਲਫ਼ਜ਼ “ਮਾਣ” ਹੁੰਦਾ ਏ!!! “ਮਾਨ” ਦਾ ਕੀ ਮਤਲਬ ਬਣਿਆ?
“… ਨਹੀਂ, ਨਹੀਂ ਦੱਸੋ! ਮਾਣ ਸਹੀ ਸ਼ਬਦ ਬਣਤਰ ਨਹੀਂ..ਬਜਾਏ ਮਾਨ ਦੇ ..?”
***
ਮੈਂ ਜਮਾਤ ਕਮਰੇ ਵਿੱਚੋਂ ਬਾਹਰ ਆ ਚੁੱਕਿਆ ਹਾਂ। ਜਾਪਦਾ ਹੈ ਮਾਣ ਸਾਬ੍ਹ ਸੋਚ ਰਹੇ ਹੋਣਗੇ ਕਿ ਬੱਚੇ ਜੇ ਕੋਈ ਲਫ਼ਜ਼ ਗ਼ਲਤ ਲਿਖਦੇ ਬੋਲਦੇ ਹੋਣ ਤਾਂ ਪਿਆਰ ਨਾਲ ਬੋਲਣਾ ਚਾਹੀਦਾ ਹੁੰਦੈ, ਇਹੀ, ਬੰਦੇ ਦਾ ਅਸਲੀ ਮਾਣ ਤਾਣ ਹੁੰਦੈ! ਉਂਝ ਵੀ, ਉੱਚਾ ਬੋਲਣ ਵਾਲੇ ਅਧਿਆਪਕ ਕਦੇ ਵੀ ਪੜ੍ਹਾਕੂਆਂ ਦੇ ਦਿਲਾਂ ਵਿਚ ਨਹੀਂ ਵੱਸਦੇ ਹੁੰਦੇ!
ਯਾਦਵਿੰਦਰ
ਰਾਬਤਾ : ਸਰੂਪ ਨਗਰ। ਰਾਓਵਾਲੀ।
+916284336773 946529617
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly