ਭਾਰਤੀ ਸੰਵਿਧਾਨ ਦੀ ਸੁਰੱਖਿਆ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ : ਸੁਸ਼ੀਲ ਰਿੰਕੂ

ਭਾਰਤੀ ਸੰਵਿਧਾਨ ਦੀ ਸੁਰੱਖਿਆ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ : ਸੁਸ਼ੀਲ ਰਿੰਕੂ
ਰਮਾਬਾਈ ਅੰਬੇਡਕਰ ਯਾਦਗਾਰ ਹਾਲ ਦਾ ਹੋਇਆ ਉਦਘਾਟਨ

ਜਲੰਧਰ (ਸਮਾਜ ਵੀਕਲੀ)-  ਅੰਬੇਡਕਰ ਭਵਨ ਟਰਸਟ (ਰਜਿ.) ਵੱਲੋਂ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸਹਿਯੋਗ ਨਾਲ ਡਾ. ਅੰਬੇਡਕਰ ਜੀ ਦੀ ਚਰਨ ਛੋਹ ਪ੍ਰਾਪਤ ਭੂਮੀ, ਅੰਬੇਡਕਰ ਭਵਨ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਵਿਸ਼ਵ ਪ੍ਰਸਿੱਧ ਦਾਰਸ਼ਨਿਕ, ਸਮਾਜਿਕ ਬਰਾਬਰੀ ਦੇ ਅਲੰਬਰਦਾਰ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 68ਵੇਂ ਪਰਿਨਿਰਵਾਣ ਦਿਵਸ ‘ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਮੈਂਬਰ ਪਾਰਲੀਮੈਂਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਅੰਬੇਡਕਰ ਭਵਨ ਵਿਖੇ ਨਵੇਂ ਉਸਾਰੇ ਗਏ ਰਮਾਬਾਈ ਅੰਬੇਡਕਰ ਯਾਦਗਾਰ ਹਾਲ ਦਾ ਉਦਘਾਟਨ ਕੀਤਾ। ਯਾਦ ਰਹੇ ਕਿ ਇਸ ਹਾਲ ਦੀ ਉਸਾਰੀ ਅਤੇ ਅੰਬੇਡਕਰ ਭਵਨ ਦੇ ਸੁੰਦਰੀਕਰਨ ਲਈ ਸ੍ਰੀ ਰਿੰਕੂ ਨੇ 2021 ਵਿੱਚ ਪੰਜਾਬ ਸਰਕਾਰ ਵੱਲੋਂ 39.57 ਲੱਖ ਰੁਪਏ ਮਨਜੂਰ ਕਰਵਾਏ ਜਦ ਕਿ ਸ੍ਰੀ ਸ਼ਮਸ਼ੇਰ ਸਿੰਘ ਦੂਲੋ, ਤਤਕਾਲੀ ਮੈਂਬਰ ਰਾਜ ਸਭਾ ਵੱਲੋਂ 20 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਸ ਮੌਕੇ ਤੇ ਸ਼੍ਰੀ ਸੁਸ਼ੀਲ ਰਿੰਕੂ ਨੇ ਆਪਣੇ ਭਾਸ਼ਣ ਵਿੱਚ ਰਮਾਬਾਈ ਅੰਬੇਡਕਰ ਵੱਲੋਂ ਬਾਬਾ ਸਾਹਿਬ ਦੁਆਰਾ ਆਰੰਭੇ ਲੋਕ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤ ਵਿੱਚ ਪੀੜਿਤ ਅਤੇ ਸ਼ੋਸ਼ਿਤ ਸਮਾਜਾਂ ਨੂੰ ਡਾ. ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਤੇ ਚੱਲਣ ਦੀ ਸਖਤ ਜਰੂਰਤ ਹੈ, ਨਹੀਂ ਤਾਂ ਬਚੇ ਖੁਚੇ ਸੰਵਿਧਾਨਕ ਅਧਿਕਾਰ ਵੀ ਪੂਰਨ ਤੌਰ ਤੇ ਖਤਰੇ ਵਿੱਚ ਪੈ ਸਕਦੇ ਹਨ। ਸ੍ਰੀ ਰਿੰਕੂ ਨੇ ਇਸ ਗੱਲ ਤੇ ਜੋਰ ਦਿੰਦਿਆਂ ਕਿਹਾ ਕਿ ਵਾਸਤਵ ਵਿੱਚ ਸੰਵਿਧਾਨ ਨੂੰ ਬਚਾਉਣਾ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈ।

ਇਸ ਸ਼ਰਧਾਂਜਲੀ ਸਮਾਗਮ ਦੇ ਮੁੱਖ ਬੁਲਾਰੇ ਉੱਘੇ ਅੰਬੇਡਕਰੀ ਬੋਧੀ ਚਿੰਤਕ ਅਤੇ ਦਰਜਨਾਂ ਪੁਸਤਕਾਂ ਦੇ ਲੇਖਕ ਡਾ. ਸੁਰਿੰਦਰ ਅਜਨਾਤ ਨੇ ਸਮਾਜਿਕ ਬਰਾਬਰੀ ਅਤੇ ਨਿਆਂ ਲਈ ਬਾਬਾ ਸਾਹਿਬ ਵੱਲੋਂ ਕੀਤੇ ਅਣਥੱਕ ਤੇ ਨਿਰੰਤਰ ਸੰਘਰਸ਼ ਦੀ ਵਿਸਤਰਿਤ ਚਰਚਾ ਕਰਦਿਆਂ ਕਿਹਾ ਕਿ ਭਾਰਤੀ ਵਰਣ-ਵਿਵਸਥਾ ਦੇ ਅੰਤਰਗਤ ਜਾਤ-ਪਾਤੀ ਸਿਸਟਮ ਦੇ ਪ੍ਰਭਾਵ ਅਧੀਨ ਖੁਦ ਅਪਮਾਨ ਅਤੇ ਨਿਰਾਦਰੀ ਸਹਿ ਕੇ ਦੁਨੀਆ ਦੇ ਮਹਾਨ ਸਮਾਜਿਕ ਕ੍ਰਾਂਤੀਕਾਰੀ ਬਣੇ ਅਤੇ ਉਨਾਂ ਦੇ ਬੇਮਿਸਾਲ ਯਤਨਾਂ ਦੁਆਰਾ ਸਦੀਆਂ ਉਪਰੰਤ ਮਨੁੱਖੀ ਹੱਕਾਂ ਤੋਂ ਵੰਚਤ ਭਾਰਤੀ ਔਰਤ ਅਤੇ ਸ਼ੋਸ਼ਤ ਵਰਗ ਨੂੰ ਸੰਵਿਧਾਨ ਦੁਆਰਾ ਸੁਤੰਤਰਤਾ ਅਤੇ ਸਮਾਨਤਾ ਦੇ ਅਧਿਕਾਰ ਪ੍ਰਾਪਤ ਹੋਏ। ਉਨ੍ਹਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਤੌਰ ਤੇ ਆਪਣੇ ਜੀਵਨ ਵਿੱਚ ਧਾਰਨ ਕਰਨਾ ਅਤੇ ਉਨ੍ਹਾਂ ਵੱਲੋਂ ਸਥਾਪਿਤ ਆਦਰਸ਼ਾਂ ਤੇ ਚੱਲਣਾ ਹੀ ਸਹੀ ਅਰਥਾਂ ਵਿੱਚ ਉਹਨਾਂ ਨੂੰ ਯਾਦ ਕਰਨਾ ਹੈ।

ਯੂ.ਕੇ. ਤੋਂ ਆਏ ਵਿਸ਼ੇਸ਼ ਮਹਿਮਾਨ, ਫੈਡਰੇਸ਼ਨ ਆਫ ਅੰਬੇਡਕਰਾਈਟਸ ਐਂਡ ਬੁੱਧਿਸਟ ਔਰਗੇਨਾਈਜ਼ੇਸ਼ਨਜ਼ (ਫੈਬੋ) ਦੇ ਪ੍ਰਧਾਨ ਸ੍ਰੀ ਰਾਮਪਾਲ ਰਾਹੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਰੂੜ੍ਹੀਵਾਦੀ ਵਿਚਾਰਧਾਰਾ ਦੁਆਰਾ ਫੈਲਾਏ ਗਏ ਭਰਮ-ਜਾਲ, ਕਰਮਕਾਂਡ, ਵਹਿਮਾ-ਭਰਮਾ, ਪਖੰਡਾਂ ਅਤੇ ਅਡੰਬਰਾਂ ਨੂੰ ਤਿਆਗ ਕੇ ਬਾਬਾ ਸਾਹਿਬ ਦੀ ਸੋਚ ਮੁਤਾਬਕ ਵਿਗਿਆਨ ਅਤੇ ਤਰਕਸ਼ੀਲ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ।

ਰਾਹੀ ਜੀ ਨੇ ਮਰਹੂਮ ਸ੍ਰੀ ਐਲ ਆਰ ਬਾਲੀ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਅਗਵਾਈ ਹੇਠ ਪਿਛਲੇ ਲਗਭਗ ਛੇ ਦਹਾਕਿਆਂ ਤੋਂ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਸਾਰ ਲਈ ਅੰਬੇਡਕਰ ਭਵਨ ਟਰਸਟ ਵੱਲੋਂ ਪਾਏ ਗਏ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਵੱਲੋਂ ਅਤੇ ਸ੍ਰੀਮਤੀ ਨਿਰਮਲਾ ਚਾਹਲ ਸਪਤਨੀ ਮਰਹੂਮ ਸ੍ਰੀ ਚਾਨਣ ਚਾਹਲ ਵੱਲੋਂ ਟਰਸਟ ਨੂੰ 2 ਲੱਖ ਰੁਪਏ ਭੇਂਟ ਕਰਨ ਦਾ ਐਲਾਨ ਕੀਤਾ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਉਪ ਪ੍ਰਧਾਨ ਡਾ. ਰਵੀਕਾਂਤ ਪਾਲ ਅਤੇ ਰੋਜ਼ਾਨਾ ਜਨਤਕ ਲਹਿਰ ਦੇ ਪ੍ਰਮੁੱਖ ਸਾਥੀ ਸ੍ਰੀ ਜਰਨੈਲ ਸਿੰਘ ਨੂੰ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਅੰਬੇਡਕਰ ਭਵਨ ਟਰਸਟ ਦੇ ਚੇਅਰਮੈਨ ਸ਼੍ਰੀ ਸੋਹਨ ਲਾਲ ਸੇਵਾਮੁਕਤ ਡੀਪੀਆਈ (ਕਾਲਜਾਂ) ਨੇ ਕੀਤੀ । ਇਸ ਮੌਕੇ ਤੇ ਸਰਬਸ਼੍ਰੀ ਮਦਨ ਲਾਲ ਬੈਂਕ ਮੈਨੇਜਰ (ਰਿਟਾ.), ਐਕਸੀਅਨ ਸ੍ਰੀ ਬੀ ਐੱਸ ਤੁਲੀ ਅਤੇ ਸ੍ਰੀ ਸੇਵਾ ਸਿੰਘ ਕਾਜਲਾ ਆਰਕੀਟੈਕਟ ਨੂੰ ਟਰਸਟ ਵੱਲੋਂ ਸਨਮਾਨਿਤ ਕੀਤਾ ਗਿਆ । ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਡਾ. ਜੀ ਸੀ ਕੌਲ, ਸਰਬਸ੍ਰੀ ਬਲਦੇਵ ਰਾਜ ਭਾਰਦਵਾਜ, ਮੈਡਮ ਸੁਦੇਸ਼ ਕਲਿਆਣ, ਹਰਮੇਸ਼ ਜਸਲ, ਚਰਨ ਦਾਸ ਸੰਧੂ, ਡਾ.ਟੀ ਐਲ ਸਾਗਰ, ਜਸਵਿੰਦਰ ਵਰਿਆਣਾ, ਨਿਰਮਲ ਬਿੰਜੀ,ਪਸ਼ੌਰੀ ਲਾਲ ਸੰਧੂ, ਡਾ. ਮਹਿੰਦਰ ਸੰਧੂ, ਡਾ. ਕਮਲਸ਼ੀਲ ਬਾਲੀ, ਕਰਨਲ (ਰਿਟਾ.) ਡਾ. ਕਰਮ ਸਿੰਘ, ਅਨਿਲ ਮਹੇ ਡਿਪਟੀ ਡਾਰੈਕਟਰ (ਰਿਟਾ.), ਜਗਦੀਸ਼ ਡਾਲੀਆ, ਚੌਧਰੀ ਹਰੀ ਰਾਮ, ਸੂਰਜ ਪ੍ਰਕਾਸ਼ ਬਿਰਦੀ, ਪ੍ਰੋਫੈਸਰ ਬਲਬੀਰ, ਪ੍ਰੋਫੈਸਰ ਅਰਵਿੰਦਰ ਸਿੰਘ, ਯੂਐਸਏ ਤੋਂ ਐਡਵੋਕੇਟ ਸ਼ਸ਼ੀਕਾਂਤ ਪਾਲ, ਮਦਨ ਬੱਧਣ ਅਤੇ ਚਰਨਜੀਤ ਕੌਲ, ਮੁਲਖਰਾਜ, ਮਾਸਟਰ ਅਸ਼ਵਨੀ ਕੁਮਾਰ, ਸੋਹਣ ਲਾਲ ਕੌਲ, ਚਿਰੰਜੀ ਲਾਲ ਕੰਗਣੀਵਾਲ, ਪਰਮਜੀਤ ਕੁਮਾਰ, ਓਮ ਪ੍ਰਕਾਸ਼ ਬੈਂਕ ਮੈਨੇਜਰ, ਮਾਸਟਰ ਚਮਨ ਸਾਂਪਲਾ, ਐਡਵੋਕੇਟ ਹਰਭਜਨ ਸਾਂਪਲਾ, ਅਮਰੀਕ ਮਹੇ, ਹਰੀ ਸਿੰਘ ਥਿੰਦ, ਡਾ. ਮਦਨ ਲਾਲ, ਐਸ ਆਰ ਕੌਲ, ਕਮਲ ਕੁਮਾਰ ਬੈਂਕ ਮੈਨੇਜਰ, ਤਰਸੇਮ ਲਾਲ ਡਰੋਲੀ, ਮਲਕੀਤ ਸਿੰਘ ਬੈਂਕ ਮੈਨੇਜਰ, ਵਿਸ਼ਾਲ ਗੋਰਕਾ, ਹੁਕਮ ਸਿੰਘ ਉੱਪਲ, ਜੁਗਿੰਦਰ ਪਾਲ, ਨਰਿੰਦਰ ਲੇਖ, ਹਰਦਿਆਲ ਬੰਗੜ, ਗੁਰਦਿਆਲ ਜੱਸਲ, ਰਾਮਨਾਥ ਸੁੰਡਾ ਸਮੇਤ ਭਾਰੀ ਗਿਣਤੀ ਵਿਚ ਬਾਬਾ ਸਾਹਿਬ ਦੇ ਸ਼ਰਧਾਲੂ ਸ਼ਾਮਿਲ ਹੋਏ। ਇਹ ਜਾਣਕਾਰੀ ਅੰਬੇਡਕਰ ਭਵਨ ਟਰਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰਸਟ (ਰਜਿ), ਜਲੰਧਰ

ਫੋਟੋ ਕੈਪਸ਼ਨ: ਸਮਾਗਮ ਦੀਆਂ ਕੁੱਝ ਝਲਕੀਆਂ

Previous articleਏਹੁ ਹਮਾਰਾ ਜੀਵਣਾ ਹੈ – 455
Next articleभारतीय संविधान की रक्षा ही बाबा साहब को सच्ची श्रद्धांजलि: सुशील रिंकू