(ਸਮਾਜ ਵੀਕਲੀ)
ਪਿਆਰ
ਤਦ ਅਲਮਿਤਰਾ ਨੇ ਕਿਹਾ: ‘‘ਸਾਨੂੰ ਪਿਆਰ ਬਾਰੇ ਦੱਸ।’’
ਅਲਮੁਸਤਫ਼ਾ ਨੇ ਆਪਣਾ ਸਿਰ ਉੱਪਰ ਚੁੱਕਿਆ ਅਤੇ ਲੋਕਾਂ ਵੱਲ ਝਾਤ ਮਾਰੀ, ਅਤੇ ਉਨ੍ਹਾਂ ਵਿੱਚ ਚੁੱਪ ਛਾ ਗਈ। ਉੱਚੀ ਆਵਾਜ਼ ਵਿੱਚ ਉਸ ਨੇ ਕਿਹਾ:
‘‘ਜਦੋਂ ਪਿਆਰ ਤੁਹਾਨੂੰ ਇਸ਼ਾਰੇ ਨਾਲ਼ ਬੁਲਾਵੇ, ਤਾਂ ਉਸ ਦੇ ਪਿੱਛੇ ਤੁਰ ਪਵੋ, ਭਾਵੇਂ ਉਸ ਦੇ ਰਸਤੇ ਔਖੇ ਅਤੇ ਤਿਰਛੇ ਹੁੰਦੇ ਹਨ।
ਅਤੇ ਜਦੋਂ ਉਹ ਤੁਹਾਨੂੰ ਆਪਣੇ ਖੰਭਾਂ ਵਿੱਚ ਸਮੇਟੇ ਤਾਂ ਸਿਮਟ ਜਾਓ, ਭਾਵੇਂ ਉਸ ਦੇ ਖੰਭਾਂ ਹੇਠ ਲੁਕੀ ਕਟਾਰ ਤੁਹਾਨੂੰ ਜ਼ਖ਼ਮੀ ਹੀ ਕਰ ਦੇਵੇ। ਜਦੋਂ ਉਹ ਤੁਹਾਨੂੰ ਕੁਝ ਕਹੇ ਤਾਂ ਯਕੀਨ ਕਰ ਲਵੋ, ਭਾਵੇਂ ਉਸ ਦੀ ਆਵਾਜ਼ ਤੁਹਾਡੇ ਸੁਪਨਿਆਂ ਨੂੰ ਇਸ ਤਰ੍ਹਾਂ ਚਕਨਾਚੂਰ ਕਰ ਦੇਵੇ ਜਿਵੇਂ ਪੁਰੇ ਦੀ ਹਵਾ ਬਾਗ਼ ਉਜਾੜ ਦਿੰਦੀ ਹੈ। ਪਿਆਰ ਜਿੱਥੇ ਤੁਹਾਨੂੰ ਤਾਜ ਪਹਿਨਾਉਂਦਾ ਹੈ, ਉੱਥੇ ਇਹ ਤੁਹਾਨੂੰ ਸੂਲ਼ੀ ਉੱਤੇ ਵੀ ਟੰਗਦਾ ਹੈ; ਜਿੱਥੇ ਉਹ ਤੁਹਾਡਾ ਵਿਕਾਸ ਕਰਦਾ ਹੈ, ਉੱਥੇ ਉਹ ਛੰਗਾਈ ਵੀ ਕਰਦਾ ਹੈ।
ਪਿਆਰ ਤੁਹਾਡੀ ਚੋਟੀ ਤੱਕ ਚੜ੍ਹ ਜਾਂਦਾ ਹੈ ਅਤੇ ਤੁਹਾਡੀਆਂ ਧੁੱਪ ਵਿੱਚ ਕੰਬ ਰਹੀਆਂ ਕਰੂੰਬਲ਼ਾਂ ਨੂੰ ਪਲੋਸਦਾ ਹੈ। ਉਹ ਤੁਹਾਡੀਆਂ ਜੜ੍ਹਾਂ ਤੱਕ ਵੀ ਉਤਰ ਜਾਂਦਾ ਹੈ ਅਤੇ ਧਰਤੀ ਦੇ ਅੰਦਰ ਤੱਕ ਉਨ੍ਹਾਂ ਨੂੰ ਝੰਜੋੜ ਦਿੰਦਾ ਹੈ। ਕੱਟੀ ਹੋਈ ਫ਼ਸਲ ਦੀਆਂ ਭਰੀਆਂ ਵਾਂਗ, ਉਹ ਤੁਹਾਨੂੰ ਆਪਣੇ ਕੋਲ਼ ਸੰਭਾਲ ਲੈਂਦਾ ਹੈ ਅਤੇ ਗਾਹ ਕੇ ਤੁਹਾਨੂੰ ਨੰਗੇ ਕਰ ਦਿੰਦਾ ਹੈ। ਹਵਾ ਵਿੱਚ ਉਡਾ ਕੇ ਉਹ ਤੁਹਾਨੂੰ ਤੂੜੀ ਤੋਂ ਵੱਖ ਕਰ ਦਿੰਦਾ ਹੈ। ਉਹ ਤੁਹਾਨੂੰ ਪੀਹ ਕੇ ਚਿੱਟੇ ਕੱਢ ਦਿੰਦਾ ਹੈ, ਤੁਹਾਨੂੰ ਗੁੰਨ੍ਹ ਕੇ ਨਰਮ ਕਰ ਦਿੰਦਾ ਹੈ ਅਤੇ ਫਿਰ ਉਹ ਤੁਹਾਨੂੰ ਆਪਣੀ ਪਵਿੱਤਰ ਅੱਗ ’ਤੇ ਪਾ ਦਿੰਦਾ ਹੈ ਤਾਂ ਕਿ ਤੁਸੀਂ ਪਰਮਾਤਮਾ ਦੀ ਪਵਿੱਤਰ ਦਾਅਵਤ ਲਈ ਪ੍ਰਸ਼ਾਦ ਬਣ ਜਾਵੋ।
ਪਿਆਰ ਤੁਹਾਡੇ ਨਾਲ਼ ਇਹ ਸਭ ਕੁਝ ਕਰੇਗਾ ਤਾਂ ਕਿ ਤੁਸੀਂ ਆਪਣੇ ਦਿਲ ਦੇ ਭੇਤ ਸਮਝ ਸਕੋ ਅਤੇ ਉਸ ਗਿਆਨ ਕਾਰਨ ਜੀਵਨ-ਧੜਕਣ ਦਾ ਹਿੱਸਾ ਬਣ ਜਾਓ। ਜੇਕਰ ਤੁਸੀਂ ਡਰ ਕਾਰਨ ਸਿਰਫ਼ ਪਿਆਰ ਦੀ ਸ਼ਾਂਤੀ ਅਤੇ ਆਨੰਦ ਹੀ ਚਾਹੋ, ਤਾਂ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਆਪਣਾ ਨੰਗੇਜ਼ ਢਕ ਲਵੋ ਅਤੇ ਪਿਆਰ ਦੇ ਪਿੜ ਵਿੱਚੋਂ ਨਿਕਲ ਜਾਓ ਅਤੇ ਉਸ ਬੇਮੌਸਮੀ ਦੁਨੀਆਂ ਵਿੱਚ ਚਲੇ ਜਾਓ ਜਿੱਥੇ ਤੁਸੀਂ ਹੱਸੋਗੇ ਤਾਂ ਸਹੀ, ਪਰ ਉਹ ਹਾਸਾ ਅਧੂਰਾ ਹੋਵੇਗਾ; ਜਿੱਥੇ ਤੁਸੀਂ ਰੋਵੋਗੇ ਤਾਂ ਸਹੀ, ਪਰ ਸਾਰੇ ਅੱਥਰੂ ਨਹੀਂ ਵਗ ਸਕਣਗੇ।
ਪਿਆਰ ਆਪਣੇ ਆਪ ਤੋਂ ਸਿਵਾਏ ਹੋਰ ਕੁਝ ਨਹੀਂ ਦਿੰਦਾ ਅਤੇ ਜੋ ਲੈਂਦਾ ਹੈ ਆਪਣੇ ਆਪ ਤੋਂ ਲੈਂਦਾ ਹੈ। ਉਹ ਨਾ ਕਬਜ਼ਾ ਕਰਦਾ ਹੈ ਅਤੇ ਨਾ ਹੀ ਕਬਜ਼ੇ ਵਿੱਚ ਆਉਂਦਾ ਹੈ, ਕਿਉਂਕਿ ਪਿਆਰ ਆਪਣੇ ਆਪ ਵਿੱਚ ਸੰਪੂਰਨ ਹੁੰਦਾ ਹੈ।
ਜਦੋਂ ਪਿਆਰ ਕਰੋ ਤਾਂ ਇਹ ਨਹੀਂ ਕਹਿਣਾ ਚਾਹੀਦਾ: ‘‘ਪਰਮਾਤਮਾ ਮੇਰੇ ਦਿਲ ਵਿੱਚ ਹੈ’’, ਸਗੋਂ ਇਹ ਕਹਿਣਾ ਚਾਹੀਦਾ ਹੈ: ‘‘ਮੈਂ ਪ੍ਰਮਾਤਮਾ ਦੇ ਦਿਲ ਵਿੱਚ ਹਾਂ।’’
ਅਤੇ ਇਹ ਨਾ ਸੋਚੋ ਕਿ ਤੁਸੀਂ ਪਿਆਰ ਦਾ ਵੇਗ ਮੋੜ ਸਕਦੇ ਹੋ ਕਿਉਂਕਿ ਜੇ ਪਿਆਰ ਤੁਹਾਨੂੰ ਇਸ ਕਾਬਲ ਸਮਝੇ ਤਾਂ ਉਹ ਤੁਹਾਡਾ ਰੁਖ਼ ਮੋੜ ਸਕਦਾ ਹੈ। ਪਿਆਰ ਨੂੰ ਆਪਣੀ ਸੰਤੁਸ਼ਟੀ ਤੋਂ ਬਿਨਾਂ ਹੋਰ ਕੋਈ ਚਾਹਤ ਨਹੀਂ ਹੁੰਦੀ। ਜੇਕਰ ਤੁਸੀਂ ਪਿਆਰ ਕਰੋ ਅਤੇ ਇੱਛਾਵਾਂ ਤੋਂ ਮੁਕਤ ਨਾ ਹੋ ਸਕੋ ਤਾਂ ਇਨ੍ਹਾਂ ਨੂੰ ਆਪਣੇ ਕੋਲ਼ ਹੀ ਰੱਖੋ।
– ਪਿਘਲ ਜਾਓ ਅਤੇ ਉਸ ਵਗਦੇ ਚਸ਼ਮੇ ਵਾਂਗ ਬਣ ਜਾਓ ਜਿਹੜਾ ਰਾਤ ਨੂੰ ਰਾਗ ਸੁਣਾਉਂਦਾ ਹੈ।
– ਅਤਿਅੰਤ ਕੋਮਲਤਾ ਦੇ ਦਰਦ ਨੂੰ ਸਮਝੋ।
– ਪਿਆਰ ਦੀ ਸੂਝ ਦੇ ਹੱਥੋਂ ਜ਼ਖ਼ਮੀ ਹੋ ਜਾਓ ਅਤੇ ਇੱਛਾਪੂਰਵਕ ਅਤੇ ਖ਼ੁਸ਼ੀ ਖ਼ੁਸ਼ੀ ਖ਼ੂਨ ਵਹਾ ਦਿਓ।
– ਪ੍ਰਭਾਤ ਵੇਲੇ ਉੱਡਦੇ ਹੋਏ ਹੌਸਲੇ ਨਾਲ ਜਾਗੋ ਅਤੇ ਧੰਨਵਾਦ ਕਰੋ ਕਿ ਪਿਆਰ ਭਰਿਆ ਇੱਕ ਹੋਰ ਦਿਨ ਚੜ੍ਹਿਆ ਹੈ।
– ਦੁਪਹਿਰ ਵੇਲੇ ਆਰਾਮ ਕਰੋ ਅਤੇ ਪਿਆਰ ਦਾ ਪਰਮ-ਆਨੰਦ ਮਾਣੋ।
– ਸ਼ਾਮ ਢਲੇ ਧੰਨਵਾਦ ਸਹਿਤ ਘਰ ਵਾਪਸ ਚਲੇ ਜਾਓ ।
– ਫਿਰ ਆਪਣੇ ਪਿਆਰੇ ਨੂੰ ਦਿਲ ਵਿੱਚ ਸਮੋ ਕੇ ਪ੍ਰਾਰਥਨਾ ਕਰਦੇ ਹੋਏ ਅਤੇ ਬੁੱਲ੍ਹਾਂ ਉੱਤੇ ਪ੍ਰਸ਼ੰਸਾ ਦਾ ਗੀਤ ਲੈ ਕੇ ਸੌਂ ਜਾਓ।
ਵਿਆਹ
ਅਲਮਿਤਰਾ ਫਿਰ ਬੋਲੀ: ‘‘ਵਿਆਹ ਬਾਰੇ ਤੁਹਾਡੇ ਕੀ ਵਿਚਾਰ ਹਨ, ਮਾਲਿਕ?’’
ਅਤੇ ਉਸ ਨੇ ਇਹ ਕਹਿ ਕੇ ਉੱਤਰ ਦਿੱਤਾ:
‘‘ਤੁਸੀਂ ਇਕੱਠੇ ਜਨਮ ਲਿਆ ਅਤੇ ਹਮੇਸ਼ਾ ਇਕੱਠੇ ਰਹੋਗੇ, ਜਦੋਂ ਮੌਤ ਦੇ ਚਿੱਟੇ ਖੰਭ ਤੁਹਾਡੇ ਜੀਵਨ ਖਿੰਡਾ ਦੇਣਗੇ, ਤੁਸੀਂ ਤਦ ਵੀ ਇਕੱਠੇ ਹੋਵੋਗੇ,
ਹਾਂ, ਹਾਂ, ਰੱਬ ਦੇ ਖ਼ਾਮੋਸ਼ ਚੇਤੇ ਵਿੱਚ ਵੀ ਤੁਸੀਂ ਇਕੱਠੇ ਹੋਵੋਗੇ, ਪਰ ਇਕੱਠੇ ਹੁੰਦੇ ਹੋਏ ਵੀ ਕੁਝ ਫਾਸਲਾ ਜ਼ਰੂਰ ਰਹਿਣ ਦਿਓ, ਅਤੇ ਜੰਨਤ ਦੀਆਂ ਹਵਾਵਾਂ ਤੁਹਾਡੇ ਵਿਚਕਾਰ ਨੱਚਣ ਦਿਓ। ਇਕ ਦੂਜੇ ਨੂੰ ਪਿਆਰ ਕਰੋ ਪਰ ਇਸ ਨੂੰ ਜ਼ੰਜੀਰ ਨਾ ਬਣਾਓ, ਸਗੋਂ ਇਸ ਨੂੰ ਤੁਹਾਡੀਆਂ ਰੂਹਾਂ ਦੇ ਕੰਢਿਆਂ ਵਿਚਕਾਰ ਝੂਮਦਾ ਸਾਗਰ ਬਣਨ ਦਿਓ।
ਇਕ ਦੂਜੇ ਦਾ ਪਿਆਲਾ ਭਰ ਦਿਓ, ਪਰ ਇੱਕ ਪਿਆਲੇ ਵਿੱਚੋਂ ਨਾ ਪੀਓ।
ਇਕ ਦੂਜੇ ਵਿਚਕਾਰ ਰੋਟੀ ਵੰਡ ਕੇ ਖਾਓ, ਪਰ ਇੱਕ ਹੀ ਰੋਟੀ ਨੂੰ ਇਕੱਠੇ ਨਾ ਖਾਓ।
ਇਕੱਠੇ ਗਾਓ, ਇਕੱਠੇ ਨੱਚੋ ਅਤੇ ਖ਼ੁਸ਼ ਰਹੋ, ਪਰ ਇੱਕ ਦੂਜੇ ਨੂੰ ਇਕੱਲਾ ਰਹਿਣ ਦਿਓ, ਜਿਵੇਂ ਵੀਣਾ ਦੇ ਤਾਰ ਅਲੱਗ-ਅਲੱਗ ਹੁੰਦੇ ਹਨ ਪਰ ਉਹ ਇੱਕ ਹੀ ਸੰਗੀਤ ਵਿੱਚ ਥਰਥਰਾਉਂਦੇ ਹਨ।
ਆਪਣਾ ਦਿਲ ਦਿਓ ਪਰ ਇੱਕ ਦੂਜੇ ਦੇ ਹਵਾਲੇ ਨਾ ਕਰੋ ਕਿਉਂਕਿ ਸਿਰਫ਼ ਜ਼ਿੰਦਗੀ ਦਾ ਹੱਥ ਹੀ ਤੁਹਾਡੇ ਦਿਲਾਂ ਨੂੰ ਸੰਭਾਲ ਸਕਦਾ ਹੈ।
ਇਕੱਠੇ ਖੜ੍ਹੋ ਪਰ ਬਹੁਤਾ ਨੇੜੇ ਨਹੀਂ ਕਿਉਂਕਿ ਮੰਦਿਰ ਦੇ ਥੰਮ੍ਹ ਅਲੱਗ- ਅਲੱਗ ਖੜ੍ਹੇ ਹੁੰਦੇ ਹਨ ਅਤੇ ਬਲੂਤ, ਬੋਹੜ ਅਤੇ ਸਰੂ ਦੇ ਦਰਖ਼ਤ ਇੱਕ ਦੂਜੇ ਦੀ ਛਾਂ ਵਿੱਚ ਨਹੀਂ ਵਧ ਸਕਦੇ।
ਬੱਚੇ
ਅਤੇ ਇੱਕ ਔਰਤ, ਜਿਸ ਨੇ ਛਾਤੀ ਨਾਲ਼ ਬੱਚਾ ਲਾਇਆ ਹੋਇਆ ਸੀ, ਨੇ ਕਿਹਾ: ‘‘ਸਾਨੂੰ ਬੱਚਿਆਂ ਬਾਰੇ ਦੱਸੋ।’’
ਅਤੇ ਅਲਮੁਸਤਫ਼ਾ ਨੇ ਕਿਹਾ:‘‘ਤੁਹਾਡੇ ਬੱਚੇ ਤੁਹਾਡੀ ਮਲਕੀਅਤ ਨਹੀਂ ਹੁੰਦੇ।
ਉਹ ‘ਜ਼ਿੰਦਗੀ’ ਦੀ ਆਪਣੀ ਤਾਂਘ ਦੇ ਪੁੱਤਰ ਧੀਆਂ ਹੁੰਦੇ ਹਨ। ਉਹ ਤੁਹਾਡੇ ਜ਼ਰੀਏ ਆਉਂਦੇ ਹਨ ਪਰ ਤੁਹਾਡੇ ਤੋਂ ਨਹੀਂ, ਅਤੇ ਭਾਵੇਂ ਉਹ ਤੁਹਾਡੇ ਕੋਲ਼ ਹੁੰਦੇ ਹਨ, ਫਿਰ ਵੀ ਉਹ ਤੁਹਾਡੇ ਨਹੀਂ ਹੁੰਦੇ।
ਤੁਸੀਂ ਭਾਵੇਂ ਆਪਣਾ ਪਿਆਰ ਉਨ੍ਹਾਂ ਨੂੰ ਦਿਓ ਪਰ ਆਪਣੇ ਵਿਚਾਰ ਨਾ ਦਿਓ, ਕਿਉਂਕਿ ਉਨ੍ਹਾਂ ਦੇ ਆਪਣੇ ਵਿਚਾਰ ਹੁੰਦੇ ਹਨ।
ਤੁਸੀਂ ਉਨ੍ਹਾਂ ਦੇ ਤਨ ਉੱਤੇ ਛੱਤ ਕਰ ਸਕਦੇ ਹੋ ਪਰ ਉਨ੍ਹਾਂ ਦੀ ਆਤਮਾ ਉੱਤੇ ਨਹੀਂ, ਕਿਉਂਕਿ ਉਨ੍ਹਾਂ ਦੀਆਂ ਰੂਹਾਂ ਕੱਲ੍ਹ ਦੇ ਮਕਾਨ ਵਿੱਚ ਰਹਿੰਦੀਆਂ ਹਨ ਜਿੱਥੇ ਤੁਸੀਂ ਨਹੀਂ ਜਾ ਸਕਦੇ, ਆਪਣੇ ਸੁਪਨਿਆਂ ਵਿੱਚ ਵੀ ਨਹੀਂ ਜਾ ਸਕਦੇ।
ਤੁਸੀਂ ਉਨ੍ਹਾਂ ਵਰਗੇ ਬਣਨ ਦੀ ਕੋਸ਼ਿਸ਼ ਭਾਵੇਂ ਕਰ ਲਵੋ, ਪਰ ਉਨ੍ਹਾਂ ਨੂੰ ਤੁਹਾਡੇ ਵਰਗੇ ਬਣਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜ਼ਿੰਦਗੀ ਪਿੱਛੇ ਵੱਲ ਨਹੀਂ ਜਾਂਦੀ ਅਤੇ ਨਾ ਹੀ ਬੀਤਿਆ ਕੱਲ੍ਹ ਇਸ ਨੂੰ ਰੋਕ ਸਕਿਆ ਹੈ। ਤੁਸੀਂ ਤਾਂ ਕਮਾਨ ਹੋ ਜਿਨ੍ਹਾਂ ਵਿੱਚੋਂ ਤੁਹਾਡੇ ਬੱਚੇ ਜਿਉਂਦੇ ਤੀਰਾਂ ਵਾਂਗ ਚਲਦੇ ਹਨ।
ਉਹ ਤੀਰ-ਅੰਦਾਜ਼ ਪਰਮਾਤਮਾ ਅਨੰਤ ਦੇ ਮਾਰਗ ’ਤੇ ਨਿਸ਼ਾਨਾ ਬੰਨ੍ਹਦਾ ਹੈ ਅਤੇ ਉਹ ਤੁਹਾਨੂੰ ਸਾਰੇ ਜ਼ੋਰ ਨਾਲ਼ ਖਿੱਚਦਾ ਹੈ ਤਾਂ ਕਿ ਉਸ ਦੇ ਤੀਰ ਤੇਜ਼ ਅਤੇ ਦੂਰ ਜਾਣ।
ਖ਼ੁਸ਼ੀ-ਖ਼ੁਸ਼ੀ ਉਸ ਤੀਰ-ਅੰਦਾਜ਼ ਦੇ ਹੱਥਾਂ ਵਿੱਚ ਖਿੱਚੇ ਜਾਓ ਕਿਉਂਕਿ ਉਸ ਨੂੰ ਜਿੰਨਾ ਉਡਦਾ ਤੀਰ ਪਿਆਰਾ ਹੈ ਓਨੀ ਹੀ ਉਸ ਨੂੰ ਉਹ ਕਮਾਨ ਪਿਆਰੀ ਹੈ ਜੋ ਡੋਲਦੀ ਨਹੀਂ।’’
ਦਾਨ
ਤਦ ਇੱਕ ਅਮੀਰ ਆਦਮੀ ਨੇ ਕਿਹਾ: ‘‘ਸਾਨੂੰ ਦਾਨ ਦੇਣ ਬਾਰੇ ਦੱਸੋ।’’
ਅਤੇ ਉਸ ਨੇ ਜਵਾਬ ਦਿੱਤਾ:
‘‘ਜਦੋਂ ਤੁਸੀਂ ਆਪਣੇ ਧਨ ਦੌਲਤ ਵਿੱਚੋਂ ਕੁਝ ਦਿੰਦੇ ਹੋ, ਤਾਂ ਕੁਝ ਵੀ ਨਹੀਂ ਦਿੰਦੇ।
ਆਪਣੇ ਆਪ ਨੂੰ ਭੇਟ ਕਰ ਕੇ ਹੀ ਤੁਸੀਂ ਕੁਝ ਦਿੰਦੇ ਹੋ।
ਆਖ਼ਰ ਧਨ ਦੌਲਤ ਹੈ ਹੀ ਕੀ? ਇਹ ਸਿਰਫ਼ ਉਹ ਚੀਜ਼ਾਂ ਹਨ ਜਿਹੜੀਆਂ ਤੁਸੀਂ ਇਸ ਲਈ ਸੰਭਾਲ਼ ਕੇ ਰੱਖਦੇ ਹੋ ਕਿਉਂਕਿ ਤੁਸੀਂ ਡਰਦੇ ਹੋ ਕਿ ਕਿਤੇ ਕੱਲ੍ਹ ਨੂੰ ਲੋੜ ਹੀ ਨਾ ਪੈ ਜਾਵੇ।
ਅਤੇ ਬਹੁਤੇ ਅਕਲਮੰਦ ਲੋਕਾਂ ਲਈ ਕੱਲ੍ਹ ਦਾ ਦਿਨ ਕੀ ਹੈ? ਇਹ ਉਹ ਹੀ ਹਾਲਤ ਹੈ ਜਿਵੇਂ ਕਿਸੇ ਪਵਿੱਤਰ ਸ਼ਹਿਰ ਨੂੰ ਤੁਰੇ ਜਾਂਦੇ ਤੀਰਥ-ਯਾਤਰੀਆਂ ਦੇ ਪਿੱਛੇ ਪਿੱਛੇ ਜਾਂਦਾ ਕੋਈ ਕੁੱਤਾ ਬਚੀਆਂ ਖੁਚੀਆਂ ਹੱਡੀਆਂ ਮਾਰਗ-ਰਹਿਤ ਟਿੱਬਿਆਂ ਵਿੱਚ ਦਬਦਾ ਜਾਂਦਾ ਹੈ ਅਤੇ ਫਿਰ ਕਦੇ ਉਹ ਰਾਹ ਉਸ ਨੂੰ ਮਿਲਦਾ ਹੀ ਨਹੀਂ।
ਅਤੇ ਲੋੜ ਪੈ ਜਾਣ ਦਾ ਡਰ ਵੀ ਤਾਂ ਇੱਕ ਲੋੜ ਹੀ ਹੈ, ਹੋਰ ਕੀ ਹੈ?
ਜੇਕਰ ਤੁਹਾਡਾ ਖੂਹ ਮਿੱਠੇ ਪਾਣੀ ਦਾ ਭਰਿਆ ਹੋਇਆ ਹੈ ਅਤੇ ਤੁਸੀਂ ਪਿਆਸੇ ਮਰਨ ਤੋਂ ਡਰੀ ਜਾਂਦੇ ਹੋ ਤਾਂ ਤੁਹਾਡੀ ਪਿਆਸ ਕਦੇ ਨਹੀਂ ਬੁਝ ਸਕਦੀ।
ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਕੋਲ ਦੇਣ ਲਈ ਬਹੁਤ ਕੁਝ ਹੁੰਦਾ ਹੈ, ਪਰ ਉਹ ਕੁਝ ਨਹੀਂ ਦਿੰਦੇ ਅਤੇ ਜੇ ਦਿੰਦੇ ਵੀ ਹਨ ਤਾਂ ਸਿਰਫ਼ ਨਾਮਣਾ ਖੱਟਣ ਲਈ। ਇਹ ਛੁਪੀ ਇੱਛਾ ਉਨ੍ਹਾਂ ਦੇ ਦਾਨ ਨੂੰ ਵਿਅਰਥ ਕਰ ਦਿੰਦੀ ਹੈ।
ਅਤੇ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਕੋਲ਼ ਬਹੁਤ ਘੱਟ ਹੁੰਦਾ ਹੈ, ਪਰ ਉਹ ਸਭ ਕੁਝ ਦੇ ਦਿੰਦੇ ਹਨ। ਅਜਿਹੇ ਲੋਕ ਜ਼ਿੰਦਗੀ ਅਤੇ ਜ਼ਿੰਦਗੀ ਦੇ ਵਰਦਾਨਾਂ ਉੱਤੇ ਭਰੋਸਾ ਰੱਖਦੇ ਹਨ ਅਤੇ ਉਨ੍ਹਾਂ ਦੇ ਖ਼ਜ਼ਾਨੇ ਕਦੇ ਖਾਲੀ ਨਹੀਂ ਹੁੰਦੇ।
ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਖ਼ੁਸ਼ੀ ਖ਼ੁਸ਼ੀ ਦਿੰਦੇ ਹਨ ਅਤੇ ਇਹ ਖ਼ੁਸ਼ੀ ਹੀ ਉਨ੍ਹਾਂ ਦਾ ਫਲ਼ ਹੁੰਦੀ ਹੈ।
ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਤਕਲੀਫ਼ ਸਹਿ ਕੇ ਵੀ ਕੁਝ ਦਿੰਦੇ ਹਨ ਅਤੇ ਇਹ ਕੰਮ ਉਨ੍ਹਾਂ ਨੂੰ ਪਵਿੱਤਰ ਕਰ ਦਿੰਦਾ ਹੈ।
ਅਤੇ ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਬਹੁਤ ਕੁਝ ਦਿੰਦੇ ਹਨ ਪਰ ਉਹ ਨਾ ਤਕਲੀਫ਼ ਮਹਿਸੂਸ ਕਰਦੇ ਹਨ, ਨਾ ਖ਼ੁਸ਼ੀ ਅਤੇ ਨਾ ਹੀ ਉਨ੍ਹਾਂ ਨੂੰ ਨੇਕੀ ਕਰਨ ਦਾ ਖ਼ਿਆਲ ਹੁੰਦਾ ਹੈ। ਉਹ ਇਸ ਤਰ੍ਹਾਂ ਦਿੰਦੇ ਹਨ ਜਿਵੇਂ ਔਹ ਸਾਹਮਣੇ ਵਾਲੀ ਵਾਦੀ ਦੀ ਫ਼ਿਜ਼ਾ ਵਿੱਚ ਜੰਗਲੀ ਮਹਿੰਦੀ ਦੀਆਂ ਚਿੱਟੀਆਂ ਕਲੀਆਂ ਖੁਸ਼ਬੂ ਬਿਖੇਰਦੀਆਂ ਹਨ। ਅਜਿਹੇ ਲੋਕਾਂ ਦੇ ਹੱਥਾਂ ਵਿੱਚ ਰੱਬ ਬੋਲਦਾ ਹੈ ਅਤੇ ਉਨ੍ਹਾਂ ਦੇ ਨੈਣਾਂ ਵਿੱਚ ਰੱਬ ਧਰਤੀ ’ਤੇ ਮੁਸਕਰਾਉਂਦਾ ਹੈ।
ਮੰਗੇ ਤੋਂ ਦੇਣਾ ਅੱਛਾ ਹੈ ਪਰ ਖ਼ੁਦ ਸਮਝ ਕੇ, ਬਿਨਾਂ ਮੰਗੇ ਦੇਣਾ ਹੋਰ ਵੀ ਅੱਛਾ ਹੈ।
ਅਤੇ ਖੁੱਲ੍ਹੇ ਹੱਥਾਂ ਵਾਲੇ ਬੰਦੇ ਲਈ ਲੋੜਵੰਦ ਦੀ ਭਾਲ ਕੁਝ ਦੇ ਦੇਣ ਨਾਲੋਂ ਵੀ ਜ਼ਿਆਦਾ ਖ਼ੁਸ਼ੀ ਦੇਣ ਵਾਲੀ ਹੁੰਦੀ ਹੈ।
ਅਤੇ ਕੀ ਅਜਿਹਾ ਕੁਝ ਵੀ ਹੈ ਜਿਹੜਾ ਤੁਸੀਂ ਆਪਣੇ ਕੋਲ਼ ਰੱਖ ਸਕਦੇ ਹੋ?
ਤੁਹਾਡੇ ਕੋਲ ਜੋ ਕੁਝ ਵੀ ਹੈ ਉਹ ਕਿਸੇ ਦਿਨ ਦੇ ਦਿੱਤਾ ਜਾਣਾ ਹੈ। ਇਸ ਲਈ ਹੁਣੇ ਦੇ ਦਿਓ ਤਾਂ ਕਿ ਵੰਡਣ ਦੀ ਰੁੱਤ ਤੁਹਾਡੇ ਹਿੱਸੇ ਆਵੇ, ਨਾ ਕਿ ਤੁਹਾਡੇ ਵਾਰਿਸਾਂ ਦੇ।
ਤੁਸੀਂ ਅਕਸਰ ਕਹਿੰਦੇ ਹੋ, ‘‘ਮੈਂ ਦੇਵਾਂਗਾ ਜ਼ਰੂਰ, ਪਰ ਸਿਰਫ਼ ਉਨ੍ਹਾਂ ਨੂੰ ਜੋ ਇਸ ਦੇ ਲਾਇਕ ਹਨ।’’
ਤੁਹਾਡੇ ਬਾਗ਼ ਦੇ ਦਰਖ਼ਤ ਤਾਂ ਇਸ ਤਰ੍ਹਾਂ ਨਹੀਂ ਕਹਿੰਦੇ ਅਤੇ ਨਾ ਹੀ ਸ਼ਾਮਲਾਟ ਵਿੱਚ ਚਰਦੇ ਹੋਏ ਇੱਜੜ। ਉਹ ਇਸ ਲਈ ਦਿੰਦੇ ਹਨ ਕਿ ਜਿਉਂਦੇ ਰਹਿਣ, ਕਿਉਂਕਿ ਲੁਕੋ ਕੇ ਰੱਖਣ ਦਾ ਮਤਲਬ ਹੈ ਮੌਤ।
ਜਿਸ ਇਨਸਾਨ ਨੂੰ ਦਿਨ ਅਤੇ ਰਾਤਾਂ ਮਿਲੀਆਂ ਹਨ, ਉਹ ਤੁਹਾਥੋਂ ਸਭ ਕੁਝ ਲੈਣ ਦੇ ਲਾਇਕ ਹੈ।
ਅਤੇ ਜਿਹੜਾ ਸਾਗਰ ਵਿੱਚੋਂ ਘੁੱਟ ਭਰਨ ਦਾ ਹੱਕਦਾਰ ਹੈ, ਉਹ ਤੁਹਾਡੀ ਛੋਟੀ ਨਦੀ ਵਿੱਚੋਂ ਪਿਆਲਾ ਭਰਨ ਦਾ ਵੀ ਹੱਕਦਾਰ ਹੈ।
ਕੁਝ ਲੈਣਾ ਬਹੁਤ ਹੌਸਲੇ, ਭਰੋਸੇ ਅਤੇ ਖੁੱਲ੍ਹਦਿਲੀ ਵਾਲੀ ਗੱਲ ਹੁੰਦੀ ਹੈ ਅਤੇ ਇਸ ਤੋਂ ਵੱਡਾ ਕੋਈ ਹੱਕ ਨਹੀਂ ਹੋ ਸਕਦਾ।
ਅਤੇ ਤੁਸੀਂ ਹੋ ਵੀ ਕੌਣ ਕਿ ਲੋਕ ਤੁਹਾਡੇ ਅੱਗੇ ਆਪਣਾ ਸੀਨਾ ਚੀਰਨ ਅਤੇ ਅਣਖ ਤਿਆਗਣ ਤਾਂ ਕਿ ਤੁਸੀਂ ਬੇਸ਼ਰਮੀ ਨਾਲ ਉਨ੍ਹਾਂ ਦੀ ਕਾਬਲੀਅਤ ਅਤੇ ਮਾਣ ਨੂੰ ਬੇਪਰਦ ਕਰ ਸਕੋ?
ਪਹਿਲਾਂ ਇਹ ਵੇਖ ਲਵੋ ਕਿ ਕੀ ਤੁਸੀਂ ਕੁਝ ਦੇਣ ਅਤੇ ਇਸ ਦਾ ਜ਼ਰੀਆ ਬਣਨ ਦੇ ਲਾਇਕ ਹੋ ਵੀ ਕਿ ਨਹੀਂ।
ਹਕੀਕਤ ਇਹ ਹੈ ਕਿ ਜ਼ਿੰਦਗੀ ਹੀ ਜ਼ਿੰਦਗੀ ਨੂੰ ਕੁਝ ਦਿੰਦੀ ਹੈ, ਜਦਕਿ ਤੁਸੀਂ ਦਾਨੀ ਕਹਾਉਂਦੇ ਹੋ, ਪਰ ਦਰਅਸਲ ਸਿਰਫ਼ ਦਰਸ਼ਕ ਹੋ।
ਅਤੇ ਪ੍ਰਾਪਤ ਕਰਨ ਵਾਲਿਓ ਅਤੇ ਦਰਅਸਲ ਤੁਸੀਂ ਸਾਰੇ ਹੀ ਪ੍ਰਾਪਤ ਕਰਨ ਵਾਲੇ ਹੋ ਕਿਸੇ ਅਹਿਸਾਨ ਹੇਠ ਨਾ ਦੱਬੇ ਜਾਇਓ। ਕਿਤੇ ਅਜਿਹਾ ਨਾ ਹੋਵੇ ਕਿ ਖ਼ੁਦ ਨੂੰ ਵੀ ਅਤੇ ਦਾਨ ਦੇਣ ਵਾਲੇ ਨੂੰ ਵੀ ਪੰਜਾਲ਼ੀ ਪਾ ਬੈਠੋਂ।
ਸਗੋਂ ਤੁਸੀਂ ਅਤੇ ਦਾਨ ਦੇਣ ਵਾਲਾ ਮਿਲ ਕੇ ਦੋ ਖੰਭ ਬਣ ਕੇ ਉੱਡੋ।
ਜੇ ਤੁਸੀਂ ਮਿਲੇ ਹੋਏ ਦਾਨ ਦਾ ਬਹੁਤਾ ਹੀ ਅਹਿਸਾਨ ਮੰਨਦੇ ਹੋ ਤਾਂ ਤੁਸੀਂ ਉਸ ਵਿਧਾਤਾ ਦੀ ਖੁੱਲ੍ਹ-ਦਿਲੀ ’ਤੇ ਸ਼ੱਕ ਕਰਦੇ ਹੋ ਜਿਸ ਨੇ ਇਹ ਵਿਸ਼ਾਲ ਹਿਰਦੇ ਵਾਲੀ ਧਰਤੀ ਮਾਂ ਦਿੱਤੀ ਹੈ ਅਤੇ ਉਹ ਖ਼ੁਦ ਸਭ ਦਾ ਪਿਤਾ ਹੈ।
ਸੁਖਦੇਵ ਸਿੰਘ
ਸੰਪਰਕ:00916283011456 (ਅਨੁਵਾਦਕ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly