ਪਿੰਡ ਬਸੰਤਗੜ੍ਹ ਨੇ ਖੇਤੀ ਮਸ਼ੀਨਰੀਆਂ ਅਤੇ ਵੰਨ ਸੁਵੰਨੀਆਂ ਸਿੰਚਾਈ ਤੱਕਨੀਕਾਂ ਤੇ ਚੰਗੇ ਮੰਡੀਕਰਨ , ਨਾੜ ਪ੍ਰਬੰਧਾਂ ਨੂੰ ਅਪਣਾਂ ਕੇ ਘਟਾਏ ਖੇਤੀ ਖ਼ਰਚੇ।ਹਲਦੀ ਉਤਪਾਦਕ ਹੋਣ ਦੇ ਨਾਲ ਖੇਤੀ ਵਿਭਿੰਨਤਾ ਵਿੱਚ ਦਾਲਾਂ, ਅਲਸੀ, ਮੱਕੀ, ਸਬਜ਼ੀਆਂ, ਦੇਸੀ ਗਾਂਵਾਂ, ਕਣਕ ਅਤੇ ਝੋਨੇ ਦੀ ਸਿੱਧੀ ਬਿਜਾਈ ਆਪਣੀ ਅਤੇ ਨੇੜਲੇ ਕਿਸਾਨਾਂ ਦੀ ਕਰਨ ਦੇ ਨਾਲ ਚਲਾ ਰਹੇ ਹਨ ਐਵਰਗਰੀਨ ਸ਼ੈਲਫ਼ ਹੈਲਪ ਗਰੁੱਪ। ਗੁਰਦਾਸਪੁਰ – (ਬਾਜਵਾ)
ਦੋਸਤੋ ਜਿੱਥੇ ਅੱਜ ਕਿਰਸਾਨੀ ਕੰਮਾਂ ਤੇ ਮਹਿੰਗਾਈ ਦੀ ਮਾਰ ਜਿਵੇਂ ਕਿ ਮਹਿੰਗੇ ਡੀਜ਼ਲ ਪਾਣੀ ਲਗਾਉਣ ਲਈ ਹੋਵੇ ਜਾਂ ਮਹਿੰਗੀਆਂ ਖੇਤੀ ਦਵਾਈਆਂ ਦੀ ਗੱਲ ਕਰੀਏ ਜਾਂ ਜਾਂ ਖੇਤ ਨੂੰ ਪਾਣੀ ਦੇਣ ਦੇ ਪ੍ਰਬੰਧਾਂ ਵਿੱਚ ਪੈਂਦੀ ਵੱਟ ਬੰਨਨ ਤੇ ਚੂਹਿਆਂ ਦੁਆਰਾ ਖਾਲਾਂ ਵਿਚ ਟੋਇਆਂ ਦਾ ਨੁਕਸਾਨ ਦਾ ਜ਼ਿਕਰ ਕਰੀਏ, ਜਾਂ ਉਤਪਾਦ ਦੇ ਮੰਡੀਕਰਨ ਬਾਰੇ ਗੱਲਬਾਤ ਕਰੀਏ, ਪਰ ਏ ਕਿਸਾਨ ਵੀਰ ਏਨਾਂ ਮਾਰਾਂ ਤੋਂ ਹੱਟਕੇ ਅੱਜ ਚੰਗੀ ਸਿਹਤ ਅਤੇ ਵਿਉਂਤਬੰਦੀ ਨਾਲ ਖੇਤੀ ਵਿਭਿੰਨਤਾ ਅਤੇ ਸਹਾਇਕ ਧੰਦਿਆਂ ਨੂੰ ਅਪਣਾਉਣ ਵਿੱਚ ਅਤੇ ਖੇਤੀਬਾੜੀ ਖਰਚੇ ਘਟਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ।
ਆੳ ਜ਼ਿਕਰ ਕਰਦੇ ਹਾਂ ਅਗਾਂਹਵਧੂ ਕਿਸਾਨ ਸ. ਗੁਰਦੇਵ ਸਿੰਘ ਜੋ ਕਿ 73 ਸਾਲ ਦੇ ਹਨ ਤੇ 1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਖੁਦ ਆਪਣੀ ਕਲਰਾਠੀ ਜ਼ਮੀਨ ਹੋਣ ਕਰਕੇ ਭਾਰੀ ਨੁਕਸਾਨ ਫ਼ਸਲ ਦਾ ਸਹਿਨ ਕਰਨਾ ਪੈਂਦਾ ਸੀ। ਫ਼ਸਲ ਵਾਧਾ ਨਾ ਹੋਣ ਕਰਕੇ ਬੇਹੱਦ ਦੁੱਖ ਦੇ ਸਬੱਬ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ 1976 ਵਿੱਚ ਸੰਪਰਕ ਹੋਇਆ ਜਿਨ੍ਹਾਂ ਵੱਲੋਂ ਮੈਨੂੰ ਜਿਪਸਮ ਮੁਹੱਈਆ ਕਰਵਾਈ ਗਈ ਤੇ ਨਾਲ ਹੀ ਆਲੂਆਂ ਦੀ ਖੇਤੀ ਕਰਨ ਵੱਲ ਤੋਰਿਆ ਜਿਸ ਕਰਕੇ 1ਏਕੜ ਵਿੱਚੋਂ 160 ਕੁਇੰਟਲ ਆਲੂ ਨਿਕਲੇ ੳਹਨਾਂ ਕਿਹਾ ਕਿ ਇਸ ਤੋਂ ਮੇਰਾ ਉਤਸ਼ਾਹ ਵਧਿਆ। ਇਸ ਤੋਂ ਬਾਅਦ 4 ਵਾਰ ਡੀ ਡੀ ਪੰਜਾਬੀ ਚੈਨਲ ਵਾਲੇ ਵੀ ਟੈਲੀਕਾਸਟ ਲਈ ਮੇਰੇ ਖ਼ੇਤਾਂ ਵਿੱਚ ਆਏ। ਖੇਤਾਂ ਵਿੱਚ ਘਰ ਹੋਣ ਦੇ ਨਾਲ ਆਪ ਅਤੇ ਸਾਰਾ ਪਰਿਵਾਰ ਦੇ ਰਿਹਾ ਹੈ ਖੇਤੀਬਾੜੀ ਵਿੱਚ ਪੂਰਨ ਯੋਗਦਾਨ।
ਕਿਸਾਨੀ ਪੱਧਰ ਤੋਂ ਤਜ਼ਰਬੇ – ਸ. ਗੁਰਦੇਵ ਸਿੰਘ ਬਸੰਤਗੜ੍ਹ ਨੇ ਦੱਸਿਆ ਕਿ 1968 ਵਿੱਚ ਆਪਣੀ 12 ਏਕੜ ਜ਼ਮੀਨ ਤੇ ਵਿਭਾਗ ਵੱਲੋਂ ਸਬਸਿਡੀ ਤੇ ਚੰਗੀ ਸਿੰਚਾਈ ਲਈ ਅੰਡਰਗਰਾਊਂਡ ਪਾਇਪਿੰਗ ਵੀ ਕੀਤੀ । ਜਿਸ ਨਾਲ ਚੂਹਿਆਂ ਦੀ ਮਾਰ ਦਾ ਖਰਚਾ ਤੇ ਵੱਟਾਂ ਬੰਨਣ, ਖਾਲ ਮੋੜਨ ਦਾ ਸਮਾਂ ਬਚਿਆ। ਏਸੇ ਤਰ੍ਹਾਂ ੳਹਨਾਂ ਵੱਲੋਂ ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਸਪਲਾਈ ਦੇਖਦਿਆਂ ਸਾਲ 2000 ਵਿੱਚ ਪੰਜਾਬ ਦਾ ਪਹਿਲਾਂ ਸੋਲਰ ਪਾਵਰ ਸਿਸਟਮ 2 ਹਾਸ ਪਾਵਰ ਦਾ ਮੇਰੇ ਵੱਲੋਂ ਲਗਾਇਆ ਗਿਆ ਸੀ ਤੇ ਬਾਅਦ 2015 ਵਿੱਚ 5 ਹਾਸ ਪਾਵਰ ਦਾ ਸਿਸਟਮ ਨਾਲ਼ ਅਲੱਗ ਲਗਾਇਆ ਗਿਆ ਹੈ ਜਿਸ ਨਾਲ ਅੱਜ ਮੈਨੂੰ ਦੁਪਹਿਰ ਤੇ ਰਾਤ ਬੰਬੀ ਤੇ ਜੱਗਦਾ ਬੱਲਬ ਦੇਖਣ ਦੀ ਲੋੜ ਨਹੀਂ ਪੈਂਦੀ। ਸੂਰਜ ਚੜ੍ਹਨ ਨਾਲ ਖੇਤੀਬਾੜੀ ਲਈ ਪਾਣੀ ਚੱਲ ਪੈਂਦਾ ਹੈ ਤੇ ਸੂਰਜ ਡੁੱਬਣ ਨਾਲ ਰੁੱਕ ਜਾਂਦਾ ਹੈ ਏਸੇ ਸੂਰਜੀ ਊਰਜਾ ਪਲਾਂਟ ਨਾਲ ਸਮਾਂ ਤੇ ਬਿਜਲੀ ਦੀ ਖਪਤ ਦੋਨੋ ਘਟਾਈ ਹੈ।
ਇਸ ਦੇ ਨਾਲ ੳਹਨਾਂ ਵੱਲੋਂ ਆਏਂ ਦਿਨ ਸਿਲੰਡਰਾਂ ਦੇ ਵੱਧਦੇ ਰੇਟ ਨੂੰ ਲਗਾਮ ਲਗਾਉਣ ਲਈ ਗੋਬਰ ਗੈਸ ਪਲਾਂਟ ਵੀ ਲਗਾਇਆ ਗਿਆ ਹੈ ਜੋ ਕਿ ਸਾਰੇ ਰਸੋਈ ਦੇ ਕੰਮਾਂ ਲਈ ਰੱਜਕੇ ਵਰਤੀ ਜਾਂਦੀ ਹੈ। ਮਸ਼ੀਨਰੀ ਗਰੁੱਪ ਬਣਾ ਕੇ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਸੁਪਰਸੀਡਰ ਵੀ ਲਿਆ ਗਿਆ ਹੈ ਜਿਸ ਨਾਲ ਖ਼ੁਦ ਖੜ੍ਹੇ ਨਾੜ ਵਿੱਚ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਹਨ ਜਿਸ ਨਾਲ ਖੇਤ ਵਹਾਉਣ, ਡਰਿਲ, ਜ਼ਮੀਨ ਤੇ ਟਰੈਕਟਰ ਨਾਲ ਦੋਹਰ ਪਾੳਣ ਵਾਲੇ ਖੇਤੀ ਖ਼ਰਚੇ ਘਟਾਏ। ਨੇੜਲੇ ਪਿੰਡਾਂ ਦੇ ਕਿਸਾਨਾਂ ਦੀ ਵੀ ਕਿਰਾਏ ਤੇ ਕਰ ਰਹੇ ਹਨ ਕਣਕ ਦੀ ਸਿੱਧੀ ਬਿਜਾਈ ਜੋ ਪਿਛਲੇ ਸਾਲ 70 ਏਕੜ ਰਹੀ। ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਵਾਰ 2 ਮਰਲੇ ਵਿੱਚ ੳਹਨਾਂ ਵੱਲੋਂ ਪਹਿਲੀ ਵਾਰ ਅੱਦਰਕ ਦੀ ਕਾਸ਼ਤ ਕੀਤੀ ਗਈ ਸੀ ਜੋ ਕਿ ਵਧੀਆ ਰਹੀ ਆੳਂਦੇ ਸਮੇਂ ਵਿੱਚ ਅਦਰਕ ਹੇਠ ਰਕਬਾ ਵਧਾਇਆ ਜਾਵੇਗਾ। ਤੇ ਅਦਰਕ ਨੂੰ ਵੀ ਆੳਂਦੇ ਸਮੇਂ ਵਿੱਚ ਪ੍ਰੋਸੈਸਿੰਗ ਹੇਠ ਲਿਆਂਦਾ ਜਾਵੇਗਾ। ਅੱਜ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਬਾਰੇ ਜ਼ਿਕਰ ਕਰੀਏ ਤਾਂ ਏਨਾਂ ਦੂਸ਼ਿਤ ਕਿਰਿਆਵਾਂ ਤੋਂ ਏ ਅਗਾਂਹਵਧੂ ਕਿਸਾਨ ਕੋਹਾਂ ਦੂਰ ਹਨ।
ਖੇਤੀ ਵਿਭਿੰਨਤਾ, ਮੰਡੀਕਰਨ ਅਤੇ ਮਸ਼ੀਨਰੀਆਂ – ਅੱਜ ਸ. ਗੁਰਦੇਵ ਸਿੰਘ ਵੱਲੋਂ 2 ਗਾਂਵਾਂ ਵਿਚ ਇਕ ਸਾਹੀਵਾਲ ਨਸਲ ਤੇ ਇਕ ਐਚ ਐਫ਼, ਮਸ਼ੀਨਰੀਆਂ ਵਿੱਚ ਦੋ ਟਰੈਕਟਰ ਨੋਵਾ-605, ਮਹਿੰਦਰਾ-275, ਹਲਦੀ ਲਗਾੳਣ ਵਾਲਾ ਰੀਜ਼ਰ ਨਾਲ ਮਾਰਕਰ, ਹਲਦੀ ਪੁੱਟਣ ਵਾਲਾ ਡਿੱਗਰ,ਤਿ੍ਫਾਲੀ, ਜ਼ੀਰੋ ਡਰਿੱਲ, ਹੱਲਾਂ, ਸੁੱਪਰਸੀਡਰ, ਡਿਸਕਾਂ, ਸੁਹਾਗਾ, ਜਿੰਦਰਾਂ, ਗਰੁੱਪ ਵਿੱਚ ਵਿਭਾਗ ਵੱਲੋਂ ਸਬਸਿਡੀ ਤੇ ਵੱਡਾ ਪੰਪ ਤੇ ਲੇਜ਼ਰ ਲੈਵਲਰ ਅਪਲਾਈ ਕੀਤਾ ਗਿਆ ਹੈ। ਅੱਜ ੳਹਨਾਂ ਦੇ ਪੈਦਾ ਕੀਤੇ ਬਾਸਮਤੀ ਚੌਲਾਂ, ਹਲਦੀ ਪਾਊਡਰ, ਮਾਂਹ, ਮੂੰਗੀ ਘਰੋਂ ਸਭ ਦੀ ਖਰੀਦ ਕੀਤੀ ਜਾਂਦੀ ਹੈ ਜੋ ਕਿ ਕਨੇਡਾ, ਅਮਰੀਕਾ, ਪੰਜਾਬ ਵਿੱਚ ਪਠਾਣਕੋਟ, ਬਟਾਲਾ, ਕਾਦੀਆਂ, ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ, ਦੇ ਕਸਟਮਰ ਖ਼ੁਦ ਲੈ ਕੇ ਜਾਂਦੇ ਹਨ।
ਇਸ ਦੇ ਨਾਲ ਤਕਰੀਬਨ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਵੀ ਆਪਣੇ ਘਰੇਲੂ ਵਰਤੋਂ ਲਈ ਘਰੋਂ ਖਰੀਦ ਲੈਂਦੇ ਹਨ। ੳਹਨਾਂ ਕਿਹਾ ਕਿ ਬਜ਼ਾਰ ਦੀ ਹਲਦੀ ਜੋ ਕਿ ਕੰਪਨੀਆਂ ਵੱਲੋਂ ਡੀ- ੳਇਲਡ ਹੁੰਦੀ ਹੈ ਜਿਸ ਦਾ ਤੇਲ ਕੱਢ ਲਿਆ ਜਾਂਦਾ ਹੈ। ਅੱਜ ਸਾਡੀ ਹਲਦੀ ਦਾ ਤੇਲ 4-7% ਹੁੰਦਾ ਹੈ। ਸਬਜ਼ੀਆਂ, ਮੱਕੀ, ਅਲਸੀ, ਕਨੋਲਾ ਸਰੋਂ, ਕਣਕ, ਝੋਨਾ, ਬਾਸਮਤੀ, ਦੀ ਕਾਸ਼ਤ ਕਰਨ ਦੇ ਨਾਲ ਗੰਨਾ ਗੁੜ ਸ਼ੱਕਰ ਬਣਾਉਣ ਲਈ ਸਭ ਘਰਦੇ ਹਨ। ਘਰੇਲੂ ਖੱਪਤ ਤੋਂ ਬਾਅਦ ਗਾਂਵਾਂ ਦਾ ਦੁੱਧ ਡੇਅਰੀ, ਅਤੇ ਘਰਾਂ ਵਿੱਚ ਵਿਕ ਰਿਹਾ ਹੈ। ਸ. ਗੁਰਦੇਵ ਸਿੰਘ ਨੇ ਦੱਸਿਆ ਕਿ ਕਾਲੀ ਹਲਦੀ ਦੀ ਕਾਸ਼ਤ ਵੀ ਘਰੇਲੂ ਪੱਧਰ ਤੇ ਕੀਤੀ ਜਾ ਰਹੀ ਹੈ।
ਉੱਦਮ ਅਤੇ ਉਪਰਾਲੇ – ਅੱਜ ਸ. ਗੁਰਦੇਵ ਸਿੰਘ ਬਸੰਤਗੜ੍ਹ ਮਾਝਾ ਕਿਸਾਨ ਸੰਘਰਸ਼ ਕਮੇਟੀ ਕਾਹਨੂੰਵਾਨ ਦੇ ਬਲਾਕ ਪ੍ਰਧਾਨ ਹਨ, ਵਿਭਾਗ ਦੇ ਬਲਾਕ ਫਾਰਮਰ ਸਲਾਹਕਾਰ ਕਮੇਟੀ ਦੇ ਮੈਂਬਰ, ਗੁਰਦਾਸਪੁਰ ਗਵਰਨਿੰਗ ਬੋਰਡ ਦੇ, ਕੇ. ਵੀ. ਕੇ. ਦੇ ਸਾਇੰਸਦਾਨ ਕਮੇਟੀ ਦੇ, ਯੁਨੀਵਰਸਿਟੀ ਦੇ ਫਾਰਮਰ ਸਲਾਹਕਾਰ ਕਮੇਟੀ ਦੇ ਮੈਂਬਰ,6 ਸਾਲ ਮੈਂਬਰ ਵੀ ਰਹੇ ਹਨ। ਖੇਤੀ ਵਿਭਿੰਨਤਾ ਲਈ ਆਤਮਾ ਜ਼ਿਲੇ ਦੇ ਖੇਤੀਬਾੜੀ ਵਿਭਾਗ ਵੱਲੋਂ , ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 2015 ਵਿੱਚ ਪਹਿਲਾਂ ਇਨਾਮ , ਜ਼ਿਲੇ ਦੇ ਐਟਰਪਰੋਨਿੳਰ ਵੱਲੋਂ ਪਹਿਲਾਂ ਇਨਾਮ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵੱਲੋਂ ਇਨਾਮ ਤੇ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਗਿਆ।
ਅੱਜ ਏਨਾਂ ਵੱਲੋਂ ਹਲਦੀ ਪਾਊਡਰ ਵੀ ਵੀਰ ਨਾਮ ਦੇ ਬਰਾਂਡ ਹੇਠ ਮਾਰਕਿਟ ਵਿੱਚ ਉਤਾਰਿਆਂ ਗਿਆ ਹੈ ਐਵਰਗਰੀਨ ਸ਼ੈਲਫ਼ ਹੈਲਪ ਗਰੁੱਪ ਨਾਲ਼ ਸਭ ਹਲਦੀ ਪਰੋਸੈੱਸ ਕਰਨ ਲਈ ਪਲਾਂਟ ਵੀ ਲਗਾਇਆ ਗਿਆ ਹੈ। ਅੱਜ ਏਨਾਂ ਵੱਲੋਂ ਹਲਦੀ ਦੀ ਕਾਸ਼ਤ ਦੇ ਨਾਲ ਕਣਕ ਦੀ ਸਿੱਧੀ ਬਿਜਾਈ ਸੁਪਰਸੀਡਰ ਦੇ ਨਾਲ ਅਤੇ ਝੋਨੇ ਤੇ ਬਾਸਮਤੀ ਦੀ ਸਿੱਧੀ ਬਿਜਾਈ ਡਰਿੱਲ, ਅਤੇ ਮੈਟਿੰਗ ਨਾਲ ਕਰਨੀ ਪ੍ਰਮੁੱਖ ਹਨ। ਇਸ ਦੇ ਨਾਲ ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਵੱਲੋਂ ਤੇ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਵੱਲੋਂ ਵੀ ਕੁੱਝ ਰਕਬਿਆਂ ਵਿਚ ਨਵੀਂ ਖੇਤੀ ਤੱਕਨੀਕਾਂ ਦੇ ਟਰਾਇਲ ਲਗਾਉਣੇ ਅਹਿਮ ਹਨ।
ਸੰਦੇਸ਼ – ਸ. ਗੁਰਦੇਵ ਸਿੰਘ ਬਸੰਤਗੜ੍ਹ ਨੇ ਕਿਹਾ ਕਿ ਚੰਗੀ ਉੱਚ ਕੁਆਲਟੀ ਪੈਦਾ ਕਰੋ ਤਾਂ ਜੋ ਤੁਹਾਡਾ ਪੈਦਾ ਕੀਤਾ ਗਿਆ ਉਤਪਾਦ ਘਰੋਂ ਵਿੱਕੇ ਨਾ ਹੀ ਵਿਚੋਲੇ ਦੀ ਲੋੜ ਪਵੇ ਤੇ ਨਾ ਹੀ ਬਾਹਰ ਜਾਵੇ। ੳਹਨਾਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਾਡਾ ਸਭ ਦਾ ਫੈਮਿਲੀ ਡਾਕਟਰ ਚੰੰਗੀ ਸਿਹਤ ਦੀ ਦੇਖਭਾਲ ਲਈ ਇੱਕ ਹੁੰਦਾ ਹੈ, ਏਸੇ ਤਰ੍ਹਾਂ ਆਪਣੀ ਚੰਗੀ ਸਿਹਤ ਦੇ ਖਾਣੇ, ਖੁਰਾਕ ਲਈ ਚੰਗੇ ਉਤਪਾਦ ਲੈਣ ਲਈ ਚੰਗੇ ਕਿਸਾਨ ਦੇ ਨਾਲ ਵੀ ਆਪ ਸੰਪਰਕ ਬਣਾਉਣ। ਏਸ ਦੇ ਨਾਲ ੳਹਨਾਂ ਕਿਹਾ ਕਿ ਅੱਜ ਹਰੇਕ ਪੰਜਾਬ ਵਿੱਚ ਹਰੇਕ ਕਿਸਾਨ ਭਰਾ ਨੂੰ ਆਪਣੇ ਪਰਿਵਾਰ ਦੇ ਘਰੇਲੂ ਵਰਤੋਂ ਲਈ ਕੁਝ ਰਕਬੇ ਵਿੱਚ ਜ਼ਹਿਰ ਰਹਿਤ ਖੇਤੀ ਕਰਨੀ ਚਾਹੀਦੀ ਹੈ। ਅਗਾਂਹਵਧੂ ਕਿਸਾਨ ਵੱਲੋਂ ਆਪਣਾਂ ਸੰਪਰਕ ਨੰਬਰ 78888 – 03564 ਵੀ ਜਾਰੀ ਕੀਤਾ ਗਿਆ ਹੈ।
ਕੀ ਕਹਿਣਾ ਹੈ ਖੇਤੀਬਾੜੀ ਵਿਭਾਗ ਦਾ – ਗੁਰਦਾਸਪੁਰ ਜ਼ਿਲ੍ਹੇ ਦੇ ਟ੍ਰੇਨਿੰਗ ਅਫ਼ਸਰ – ਕਮ – ਬਲਾਕ ਖੇਤੀਬਾੜੀ ਅਫ਼ਸਰ ਕਾਹਨੂੰਵਾਨ ਡਾ. ਬਲਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀਬਾੜੀ ਖ਼ੇਤਰ ਵਿੱਚ ਸਹਾਇਕ ਧੰਦੇ ਅਪਨਾਉਣ ਨਾਲ ਛਮਾਹੀ ਫ਼ਸਲ ਨਾਲੋਂ ਰੋਜ਼ਾਨਾ ਦੀ ਆਮਦਨ ਵਧਾਉਣ ਲਈ ਜ਼ਿਆਦਾ ਲਾਭਕਾਰੀ ਹਨ ਤੇ ਸਭ ਨੂੰ ਸਹਾਇਕ ਧੰਦੇ ਅਪਨਾਉਣ ਦੀ ਲੋੜ ਹੈ। ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਕਮਲਇੰਦਰਜੀਤ ਬਾਜਵਾ ਬਲਾਕ ਟੈਕਨੋਲੋਜੀ ਮੈਨੇਂਜਰ ਨੇ ਕਿਹਾ ਕਿ ਅਗਾਂਹਵਧੂ ਕਿਸਾਨ ਸ. ਗੁਰਦੇਵ ਸਿੰਘ ਵਿਭਾਗ ਦੇ ਰਜਿਸਟਰਡ ਕਿਸਾਨ ਮਿੱਤਰ ਵੀ ਹਨ ਤੇ ਵਿਭਾਗ ਵੱਲੋਂ ਸਖ਼ਤ ਮਿਹਨਤ ਸਦਕਾ ਆਤਮਾ ਤਹਿਤ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ। ਅੱਜ ਵੀ ਆਤਮਾ ਵੱਲੋਂ ਪ੍ਰਦਰਸ਼ਨੀ ਪਲਾਟ ਦੀ ਸੇਵਾਵਾਂ ਨਿਰੰਤਰ ਜਾਰੀ ਹਨ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly