HOME ਪ੍ਰੋਫੈਸਰ ਡਾ. ਰਾਜਿੰਦਰਪਾਲ ਸਿੰਘ ਬਰਾੜ ਅਤੇ ਪ੍ਰੋਫੈਸਰ ਡਾ. ਚਰਨਜੀਤ ਕੌਰ ਬਰਾੜ ਜੀ...

ਪ੍ਰੋਫੈਸਰ ਡਾ. ਰਾਜਿੰਦਰਪਾਲ ਸਿੰਘ ਬਰਾੜ ਅਤੇ ਪ੍ਰੋਫੈਸਰ ਡਾ. ਚਰਨਜੀਤ ਕੌਰ ਬਰਾੜ ਜੀ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਦੇ ਬਰਮੀਘੰਮ ਦਫਤਰ ਸੁਸਾਇਟੀ ਦੇ ਕਾਰਕੁਨਾਂ ਨੂੰ ਮਿਲਣ ਪਹੁੰਚੇ

2
ਖੜ੍ਹੇ (ਖੱਬੇ ਪਾਸੇ ਤੋਂ) ਤਾਰੀ ਅਟਵਾਲ, ਜਸਵਿੰਦਰ ਰੱਤੀਆਂ, ਭਗਵੰਤ ਸਿੰਘ, ਸੁਖਵਿੰਦਰ ਕੰਦੋਲਾ ਅਤੇ ਸੁਰਿੰਦਰਪਾਲ ਵਿਰਦੀ ਬੈਠੇ - ਸੱਚਦੇਵ ਵਿਰਦੀ, ਸ੍ਰੀਮਤੀ ਰੱਤੀਆਂ, ਡਾ. ਚਰਨਜੀਤ ਬਰਾੜ, ਡਾ. ਰਾਜਿੰਦਰਪਾਲ ਬਰਾੜ, ਕਮਲਜੀਤ ਸਿੰਘ, ਮੱਖਣ ਢਿੱਲੋਂ ਅਤੇ ਗੁਰਦਿਆਲ ਖੁਸ਼ਦਿਲ

ਸਮਾਜ ਵੀਕਲੀ ਯੂ ਕੇ-

ਬਰਮੀਘੰਮ- ਬੀਤੇ ਕੱਲ ਪ੍ਰੋਫੈਸਰ ਡਾ. ਰਾਜਿੰਦਰਪਾਲ ਸਿੰਘ ਬਰਾੜ ਅਤੇ ਪ੍ਰੋਫੈਸਰ ਡਾ. ਚਰਨਜੀਤ ਕੌਰ ਬਰਾੜ ਜੀ ਖਾਸ ਉੱਦਮ ਕਰਕੇ ਤਰਕਸ਼ੀਲ ਸੁਸਾਇਟੀ ਦੇ ਕਾਰਕੁਨਾਂ ਨੂੰ ਮਿਲਣ ਸੁਸਾਇਟੀ ਦੇ ਬਰਮੀਘੰਮ ਦਫਤਰ ਆਏ। ਤਰਕਸ਼ੀਲ ਸੁਸਾਇਟੀ ਬ੍ਰਿਟੇਨ ਦੇ ਪ੍ਰਧਾਨ ਸੱਚਦੇਵ ਵਿਰਦੀ ਜੀ ਨੇ ਉਹਨਾਂ ਨੂੰ ਜੀ ਆਇਆਂ ਕਿਹਾ।

ਦੋਵੇਂ ਡਾ. ਰਾਜਿੰਦਰਪਾਲ ਜੀ ਅਤੇ ਡਾ. ਚਰਨਜੀਤ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਲੰਬੇ ਅਰਸੇ ਤੱਕ ਅਧਿਆਪਨ ਦੇ ਕਿੱਤੇ ਨਾਲ ਜੁੜੇ ਰਹੇ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਦੀ 1984 ਵਿੱਚ ਸਥਾਪਨਾ ਦੇ ਦਿਨਾਂ ਤੋਂ ਹੀ ਉਹ ਤਰਕਸ਼ੀਲ ਸੁਸਾਇਟੀ ਅਤੇ ਤਰਕਸ਼ੀਲ ਲਹਿਰ ਦੀ ਉਸਾਰੀ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਅੱਜ ਵੀ ਉਹ ਆਪਣਾ ਬਣਦਾ ਰੋਲ ਨਿਭਾਅ ਰਹੇ ਹਨ। ਡਾ. ਰਾਜਿੰਦਰਪਾਲ ਜੀ ਦੇ ਲੇਖ ਅਕਸਰ ਤਰਕਸ਼ੀਲ ਮੈਗਜ਼ੀਨ ਵਿੱਚ ਛਪਦੇ ਰਹਿੰਦੇ ਹਨ।

ਉਹਨਾਂ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਥਾਪਨਾ ਅਤੇ ਲੋੜ ਬਾਰੇ ਹਾਜ਼ਰ ਮੈਂਬਰਾਂ ਨਾਲ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ ਤਰਕਸ਼ੀਲ ਸੁਸਾਇਟੀ ਦੀ ਸਥਾਪਨਾ ਉਹਨਾਂ ਦਿਨਾਂ ਵਿੱਚ ਹੋਈ ਜਿਹਨਾਂ ਦਿਨਾਂ ਵਿੱਚ ਸਿਆਸੀ ਅਸਥਿਰਤਾ ਅਤੇ ਧਾਰਮਿਕ ਕੱਟੜਵਾਦ ਦਾ ਦੈਂਤ ਦਨਦਨਾਉਂਦਾ ਫਿਰ ਰਿਹਾ ਸੀ। ਇਹਨਾਂ ਦਿਨਾਂ ਵਿੱਚ ਸੁਸਾਇਟੀ ਦੇ ਕੰਮਾਂ ਨੂੰ ਅੱਗੇ ਤੋਰਨਾ ਬਹੁਤ ਹੀ ਜੋਖਮ ਭਰਿਆ ਕੰਮ ਸੀ। ਉਹਨਾਂ ਬੜੇ ਮਾਣ ਨਾਲ ਦੱਸਿਆ ਕਿ ਤਰਕਸ਼ੀਲ ਮੇਲਿਆਂ, ਨਾਟਕਾਂ ਅਤੇ ਤਰਕਸ਼ੀਲ ਸਾਹਿਤ ਨੇ ਪੰਜਾਬੀ ਚੇਤਨਾ ਵਿੱਚ ਵਹਿਮਾਂ-ਭਰਮਾਂ ਅਤੇ ਬਾਬਿਆਂ ਦੀਆਂ ਕਰਾਮਾਤਾਂ ਦੇ ਖ਼ਿਲਾਫ਼ ਕਾਫੀ ਜਾਗਰਤੀ ਪੈਦਾ ਕੀਤੀ ਹੈ। ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਜਿਵੇਂ ਕਿ ਆਰਟੀਫੀਸ਼ਲ ਇੰਨਟੈਲੀਜੈਂਸ। ਆਪਣੇ ਲੇਖ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਬਲਕਿ ਸਾਨੂੰ ਇਸ ਬਾਰੇ ਡੂੰਘੀ ਜਾਣਕਾਰੀ ਪੈਦਾ ਕਰਨੀ ਚਾਹੀਦੀ ਹੈ।

ਡਾ. ਚਰਨਜੀਤ ਜੀ ਨੇ ਔਰਤ ਦੇ ਤਰਕਸ਼ੀਲ ਹੋਣ ਦਾ ਬਾ-ਜਾਤੇ ਖੁਦ, ਪਰਿਵਾਰ ਅਤੇ ਸਮਾਜ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਕਿਵੇਂ ਉਹ ਆਪਣੇ ਵਿਦਿਆਰਥੀਆਂ ਨੂੰ ਤਰਕਸ਼ੀਲ ਸੋਚ ਅਪਣਾਉਣ ਬਾਰੇ ਸਿਖਾਉਂਦੇ ਰਹੇ ਹਨ ਅਤੇ ਕਿਵੇਂ ਉਹਨਾਂ ਨੇ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਕਰਕੇ ਸਿਹਤ, ਪਰਿਵਾਰ ਅਤੇ ਸਮਾਜ ਤੇ ਪੈਣ ਵਾਲੀਆਂ ਸਮੱਸਿਆਵਾਂ ਦੇ ਹੱਲ ਕੀਤੇ। ਇਹਨਾਂ ਹੱਲਾਂ ਕਰਕੇ ਪ੍ਰਭਾਵਿਤ ਔਰਤਾਂ ਦੀ ਦਸ਼ਾ ਜਿਉਣ ਯੋਗ ਹੋਈ ਅਤੇ ਪਰਿਵਾਰ ਬਾਬਿਆਂ ਦੁਆਰਾ ਕੀਤੀ ਜਾਂਦੀ ਲੁੱਟ ਤੋਂ ਬਚੇ।

ਤਰਕਸ਼ੀਲ ਸੁਸਾਇਟੀ ਬ੍ਰਿਟੇਨ ਦੇ ਪ੍ਰਧਾਨ ਸੱਚਦੇਵ ਵਿਰਦੀ ਜੀ ਅਤੇ ਭਗਵੰਤ ਸਿੰਘ ਜੀ ਨੇ ਇਥੋਂ ਦੀ ਸੁਸਾਇਟੀ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਦੇ ਕੰਮਾਂ, ਚੁਣੌਤੀਆਂ ਅਤੇ ਸਫਲਤਾ ਪੂਰਵਕ ਨੇਪਰੇ ਚਾੜ੍ਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਮਹਿਮਾਨਾਂ ਨਾਲ ਸਾਂਝੀ ਕੀਤੀ। ਭਗਵੰਤ ਸਿੰਘ ਜੀ ਨੇ ਦੱਸਿਆ ਕਿ ਸੁਸਾਇਟੀ ਨੇ ਖੂਨ ਅਤੇ ਅੰਗ ਦਾਨ ਕਰਨ ਲਈ ਪ੍ਰੋਜੈਕਟ ਚਲਾਇਆ ਅਤੇ ਸੈਂਕੜੇ ਲੋਕਾਂ ਨੇ ਖੂਨ ਅਤੇ ਅੰਗ ਦਾਨ ਕਰਨ ਲਈ ਆਪਣੇ ਫਾਰਮ ਭਰ ਕੇ ਦਿੱਤੇ। ਇਸੇ ਪ੍ਰੋਜੈਕਟ ਤਹਿਤ ਖੂਨ ਅਤੇ ਅੰਗ ਦਾਨ ਨਾਲ ਜੁੜੀਆਂ ਗਲਤ ਫ਼ਹਿਮੀ ਤੇ ਅਧਾਰਿਤ ਧਾਰਨਾਵਾਂ ਨੂੰ ਵੀ ਮੁਖਾਤਿਬ ਹੋਏ ਜਿਸ ਨਾਲ ਏਸ਼ੀਅਨ ਭਾਈਚਾਰੇ ਦੀ ਖੂਨ ਅਤੇ ਅੰਗ ਦਾਨ ਕਰਨ ਦੀ ਸ਼ਮੂਲੀਅਤ ਵਧੀ। ਸੱਚਦੇਵ ਵਿਰਦੀ ਜੀ ਨੇ ਦੱਸਿਆ ਕਿ ਸੁਸਾਇਟੀ ਨੇ The Unfair Commercial Practices Directive (2005/29/EC) ਦਾ ਕਾਫੀ ਪ੍ਰਚਾਰ ਪ੍ਰਸਾਰ ਕੀਤਾ। ਇਸ ਡਾਇਰੈਕਟਵ ਦੇ ਆਉਣ ਨਾਲ ਪਹਿਲੀ ਵਾਰ ਬਾਬਿਆਂ, ਟੂਣੇ-ਟਾਮਣ ਕਰਨ ਵਾਲੇ, ਪੁੱਛਾਂ ਦੇਣ ਵਾਲੇ, ਮੰਤਰਾਂ, ਅਰਦਾਸਾਂ ਨਾਲ ਹਰ ਬੀਮਾਰੀ ਅਤੇ ਪਰੇਸ਼ਾਨੀ ਦਾ ਹੱਲ ਕਰਨ ਵਾਲਿਆਂ ਦੀ ਲੁੱਟ ਦਾ ਕਾਨੂੰਨੀ ਉਪਾਅ ਲੋਕਾਂ ਨੂੰ ਮੁਹੱਈਆ ਹੋਇਆ।

ਇਸ ਮਿਲਣੀ ਵਿੱਚ ਤਾਰੀ ਅਟਵਾਲ, ਜਸਵਿੰਦਰ ਰੱਤੀਆਂ, ਭਗਵੰਤ ਸਿੰਘ, ਸੁਖਵਿੰਦਰ ਕੰਦੋਲਾ, ਸੁਰਿੰਦਰਪਾਲ ਵਿਰਦੀ, ਸੱਚਦੇਵ ਵਿਰਦੀ, ਸ੍ਰੀਮਤੀ ਰੱਤੀਆਂ, ਡਾ. ਚਰਨਜੀਤ ਬਰਾੜ, ਡਾ. ਰਾਜਿੰਦਰਪਾਲ ਬਰਾੜ, ਕਮਲਜੀਤ ਸਿੰਘ, ਡਾ. ਹਰੀਸ਼ ਮਲਹੋਤਰਾ, ਧਰਮ ਚੰਦ ਮਹੇ, ਮੱਖਣ ਢਿੱਲੋਂ ਅਤੇ ਗੁਰਦਿਆਲ ਖੁਸ਼ਦਿਲ ਜੀ ਨੇ ਸ਼ਿਰਕਤ ਕੀਤੀ। ਇਹ ਮੁਲਾਕਾਤ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਯਾਦਗਾਰੀ ਹੋ ਨਿੱਬੜੀ। ਡੇਢ ਕੁ ਘੰਟੇ ਦੀ ਮਿੱਥੀ ਮਿਲਣੀ ਕਦੋਂ ਚਾਰ ਘੰਟਿਆਂ ‘ਚ ਬਦਲ ਗਈ ਮਹਿਮਾਨਾਂ ਅਤੇ ਮੇਜ਼ਬਾਨਾਂ ਨੂੰ ਪਤਾ ਹੀ ਨਹੀਂ ਲੱਗਾ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकलम के आन्दोलनकारी प्रेमचन्द
Next articleSAMAJ WEEKLY = 01/08/2025