ਮਲੋਟ (ਸਮਾਜ ਵੀਕਲੀ): ਮਲੋਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਦਾ ਨਾਮ ਐਲਾਨ ਕਰ ਦਿੱਤਾ ਹੈ। ‘ਆਪ’ ਵੱਲੋਂ ਤਾਜ਼ੀ ਜਾਰੀ ਕੀਤੀ ਗਈ ਸੂਚੀ ਵਿੱਚ ਆਮ ਆਦਮੀ ਪਾਰਟੀ ਨੇ ਫ਼ਰੀਦਕੋਟ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਸਾਧੂ ਸਿੰਘ ਦੀ ਧੀ ਡਾ. ਬਲਜੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਡਾ. ਬਲਜੀਤ ਕੌਰ ਸਰਕਾਰੀ ਹਸਪਤਾਲ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਸਨ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਬਾਖੂਬੀ ਹਿੱਸਾ ਲੈਂਦੇ ਰਹੇ ਹਨ, ਜਿਸ ਕਰ ਕੇ ਉਨ੍ਹਾਂ ਦਾ ਅਕਸ ਲੋਕਾਂ ਵਿੱਚ ਬਹੁਤ ਚੰਗਾ ਹੈ। ਉਨ੍ਹਾਂ ਨੌਕਰੀ ਤੋਂ ਅਸਤੀਫਾ ਦੇ ਕੇ ਚੋਣ ਲੜਣ ਦਾ ਫੈਸਲਾ ਲਿਆ ਹੈ। ਉੱਧਰ, ਲੋਕਾਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਕਿ ਡਾ. ਬਲਜੀਤ ਕੌਰ ਨੂੰ ਹੀ ਆਮ ਆਦਮੀ ਪਾਰਟੀ ਹਲਕਾ ਮਲੋਟ ਤੋਂ ਚੋਣ ਮੈਦਾਨ ਵਿੱਚ ਉਤਾਰੇ। ਉੱਧਰ, ਪਿਛਲੇ ਕਾਫੀ ਸਮੇਂ ਤੋਂ ਇਸ ਪਾਰਟੀ ਦੀ ਟਿਕਟ ’ਤੇ ਅੱਖ ਰੱਖੀ ਬੈਠੇ ਵਿਅਕਤੀਆਂ ਦੇ ਪੱਲੇ ਨਿਰਾਸ਼ਾ ਪਈ ਹੈ। ਸਥਾਨਕ ਆਗੂਆਂ ਰਮੇਸ਼ ਕੁਮਾਰ ਅਰਨੀਵਾਲਾ ਤੇ ਪਰਮਜੀਤ ਸਿੰਘ ਗਿੱਲ ਆਦਿ ਨੇ ਡਾ. ਬਲਜੀਤ ਕੌਰ ਨੂੰ ਟਿਕਟ ਮਿਲਣ ਦਾ ਸਵਾਗਤ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly