ਪਣਜੀ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲੋਕ ਪੱਖੀ ਤਾਕਤਾਂ ਇਕੱਠੀਆਂ ਹੋ ਰਹੀਆਂ ਹਨ ਅਤੇ ਇਸ ਵਾਰ ਗੋਆ ’ਚ ਜ਼ਰੂਰ ਕੁਝ ਵਧੀਆ ਹੋਵੇਗਾ। ਉਨ੍ਹਾਂ ਦਾ ਇਹ ਬਿਆਨ ਗੋਆ ’ਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਇਆ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ‘ਇਮਾਨਦਾਰ ਸਿਆਸਤ’ ਦੀ ਨੁਮਾਇੰਦਗੀ ਕਰਦੀ ਹੈ ਅਤੇ ਉਹ ਗੋਆ ’ਚ ਮੁੱਖ ਮੰਤਰੀ ਅਹੁਦੇ ਦੇ ਚਿਹਰਾ ਦਾ ਐਲਾਨ ਢੁੱਕਵੇਂ ਸਮੇਂ ’ਤੇ ਕਰਨਗੇ। ਸ੍ਰੀ ਕੇਜਰੀਵਾਲ ਨੇ ਅੱਜ ਇਥੇ ਪਹੁੰਚ ਕੇ ਆਪਣੇ ਸਥਾਨਕ ਆਗੂ ਅਮਿਤ ਪਾਲੇਕਰ ਨਾਲ ਮੁਲਾਕਾਤ ਕੀਤੀ ਜੋ ਉਸਾਰੀ ਅਧੀਨ ਬੰਗਲੇ ਖ਼ਿਲਾਫ਼ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਹੋਏ ਸਨ। ਸਰਕਾਰ ਵੱਲੋਂ ਵਿਵਾਦਤ ਢਾਂਚੇ ਖ਼ਿਲਾਫ਼ ਕਾਰਵਾਈ ਦੇ ਐਲਾਨ ਮਗਰੋਂ ਉਨ੍ਹਾਂ ਸ਼ੁੱਕਰਵਾਰ ਨੂੰ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ,‘‘ਵਰਤ ਰੱਖਣਾ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ। ਮੈਂ ਵੀ ਭੁੱਖ ਹੜਤਾਲ ’ਤੇ ਬੈਠਾ ਸੀ। ਜਿਹੜਾ ਵੀ ਆਖਦਾ ਹੈ ਕਿ ਪਾਲੇਕਰ ਸਿਆਸੀ ਲਾਹਾ ਲੈਣ ਲਈ ਹੜਤਾਲ ’ਤੇ ਬੈਠਾ ਸੀ ਤਾਂ ਉਸ ਨੂੰ ਆਪਣੀ ਆਤਮਾ ਦੀ ਸ਼ੁੱਧੀ ਲਈ ਅਜਿਹੇ ਵਰਤਾਂ ’ਚ ਹਿੱਸਾ ਲੈਣਾ ਚਾਹੀਦਾ ਹੈ।’’ ਆਮ ਆਦਮੀ ਪਾਰਟੀ ਨੇ ਗੋਆ ਦੀਆਂ ਸਾਰੀਆਂ 40 ਸੀਟਾਂ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly