ਪ੍ਰੋ. ਜੀ.ਐਨ. ਸਾਈ ਬਾਬਾ ਦੇ ਵਿਛੋੜੇ ‘ਤੇ ਦੇਸ਼ ਭਗਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

*ਕਾਲ਼ੇ ਕਾਨੂੰਨ ਰੱਦ ਕਰਨ ਅਤੇ ਬੁੱਧੀਜੀਵੀ ਰਿਹਾਅ ਕਰਨ ਦੀ ਮੰਗ*
ਫਿਲੌਰ (ਸਮਾਜ ਵੀਕਲੀ) ਅੱਪਰਾ ਜੱਸੀ-ਲੋਕ ਹੱਕਾਂ ਦੇ ਨਿਧੱੜਕ ਪਹਿਰੇਦਾਰ, ਲੇਖਕ, ਜਮਹੂਰੀ ਕਾਰਕੁੰਨ, ਦੱਬੇ-ਕੁਚੱਲੇ ਲੋਕਾਂ ਨੂੰ ਹਰ ਵੰਨਗੀ ਦੀ ਗ਼ੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਕੇ ਗ਼ਦਰੀ ਦੇਸ਼ ਭਗਤਾਂ ਦੇ ਉਦੇਸ਼ਾਂ ਨੂੰ ਪ੍ਰਨਾਏ ਖੂਬਸੂਰਤ ਨਿਜ਼ਾਮ ਦੀ ਸਿਰਜਣਾ ਲਈ ਜੂਝਣ ਵਾਲੇ ਬੁੱਧੀਮਾਨ ਪ੍ਰੋ. ਜੀ.ਐਨ. ਸਾਈ ਬਾਬਾ ਦੇ ਦਰਦਨਾਕ ਸਦੀਵੀ ਵਿਛੋੜੇ ‘ਤੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਹਨਾਂ ਦੇ ਪਰਿਵਾਰ, ਸਾਕ-ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ ਦੁੱਖ਼ ‘ਚ ਸ਼ਰੀਕ ਹੁੰਦਿਆਂ ਉਹਨਾਂ ਦੀ ਮੌਤ ਨੂੰ ਸੰਸਥਾਗਤ ਹੱਤਿਆ ਦਾ ਨਾਂਅ ਦਿੱਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਲੰਮਾ ਅਰਸਾ ਮੌਤ ਦੀ ਗੋਦ ਵਿੱਚ ਜਕੜਨ ਵਰਗੀਆਂ ਸ਼ਰਮਨਾਕ ਹਾਲਤਾਂ ਵਿੱਚ ਜੇਲ੍ਹ ਅੰਦਰ ਤਿਲ਼ ਤਿਲ਼ ਕਰਕੇ ਮੌਤ ਮੂੰਹ ਧੱਕਣ ਬਾਰੇ ਆਪਣੇ ਹਲਫ਼ੀਆ ਬਿਆਨ ਵਿੱਚ ਜੇਲ੍ਹ ਤੋਂ ਬਾਹਰ ਆ ਕੇ ਸਾਈ ਬਾਬਾ ਨੇ ਕਿਹਾ ਸੀ ਕਿ,”ਨਾਗਪੁਰ ਜੇਲ੍ਹ ‘ਚੋਂ ਬਾਹਰ ਆਇਆ ਮੇਰਾ ਹੱਡੀਆਂ ਦੀ ਮੁੱਠ ਬਣਿਆਂ ਸਰੀਰ ਹੀ ਦਿਖਾਈ ਦਿੰਦਾ ਹੈ, ਅਣਮਨੁੱਖੀ ਹਾਲਤਾਂ, ਸਰੀਰਕ ਅਤੇ ਮਾਨਸਿਕ ਤਸ਼ੱਦਦ ਸਦਕਾ ਮੇਰੇ ਕਈ ਅੰਗ ਲੱਗ ਭੱਗ ਮਰ ਚੁੱਕੇ ਹਨ।”
ਦੇਸ਼ ਭਗਤ ਯਾਦਗਾਰ ਕਮੇਟੀ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਦੇ ਮਾਨਵ ਵਿਰੋਧੀ ਹਾਲਾਤ, ਯੂ.ਏ.ਪੀ.ਏ. ਵਰਗੇ ਕਾਲ਼ੇ ਕਾਨੂੰਨ ਪ੍ਰੋ. ਸਾਈ ਬਾਬਾ ਨੂੰ ਸਾਡੇ ਕੋਲੋਂ ਖੋਹਣ ਦੇ ਜ਼ਿੰਮੇਵਾਰ ਹਨ।
ਉਹਨਾਂ ਕਿਹਾ ਕਿ ਸਮਾਜਕ ਅਤੇ ਜਮਹੂਰੀ ਲਹਿਰ ਦੀ ਬੁਲੰਦ ਆਵਾਜ਼ ਸਟੈਨ ਸੁਆਮੀ ਅਤੇ ਭਰ ਜੁਆਨ ਆਦਿਵਾਸੀ ਕਾਰਕੁੰਨ ਪਾਂਡੂ ਨਰੋਟੇ ਵੀ ਏਸੇ ਤਰ੍ਹਾਂ ਜਮਹੂਰੀ ਲਹਿਰ ਕੋਲੋਂ ਖੋਹੇ ਗਏ ਹਨ। ਕਮੇਟੀ ਦਾ ਕਹਿਣਾ ਹੈ ਕਿ ਜਿਵੇਂ ਚੜ੍ਹਦੇ ਸੂਰਜ ਕਾਲ਼ੇ ਕਾਨੂੰਨਾਂ ਦਾ ਮੱਕੜ ਜਾਲ ਵਿਛਾਇਆ ਜਾ ਰਿਹਾ ਹੈ, ਜਿਵੇਂ ਜੇਲ੍ਹਾਂ ਅੰਦਰ ਕਲਮ, ਕਲਾ, ਜਮਹੂਰੀ, ਸਮਾਜਕ ਖੇਤਰ ਦੇ ਬੁੱਧੀਜੀਵੀਆਂ ਨਾਲ ਜਾਨ ਲੇਵਾ ਵਰਤਾਅ ਕੀਤਾ ਜਾ ਰਿਹਾ ਹੈ, ਭਵਿੱਖ਼ ਵਿੱਚ ਸਾਈ ਬਾਬਾ ਦੇ ਵਿਛੋੜੇ ਵਰਗੀਆਂ ਹੋਰ ਵੀ ਦੁਖ਼ਦਾਈ ਖ਼ਬਰਾਂ ਸੁਣਨ ਨੂੰ ਮਿਲਣਗੀਆਂ।
ਕਮੇਟੀ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਸਭਨਾਂ ਬੁੱਧੀਜੀਵੀਆਂ, ਸਮਾਜਕ, ਜਮਹੂਰੀ ਕਾਮਿਆਂ ਨੂੰ ਬਿਨਾ ਸ਼ਰਤ ਤੁਰੰਤ ਰਿਹਾਅ ਕੀਤਾ ਜਾਏ। ਯੂ.ਏ.ਪੀ.ਏ. ਵਰਗੇ ਕਾਲ਼ੇ ਕਾਨੂੰਨ ਰੱਦ ਕੀਤੇ ਜਾਣ ਅਤੇ ਜਮਹੂਰੀ ਆਵਾਜ਼ ਦਾ ਗਲਾ ਘੁੱਟਣਾ ਬੰਦ ਕੀਤਾ ਜਾਏ। ਅੱਜ ਦੀ ਸੋਗ ਬੈਠਕ ਵਿੱਚ ਬਰਮਿੰਘਮ (ਯੂ.ਕੇ.) ਤੋਂ ਆਏ ਪਿਆਰਾ ਸਿੰਘ ਪੁਰੇਵਾਲ ਤੋਂ ਇਲਾਵਾ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਵੀ ਪ੍ਰੋ. ਸਾਈ ਬਾਬਾ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਧੀ”
Next articleਪੰਜਾਬ ਭਵਨ ਸਰੀ ‘ਚ 18 ਅਕਤੂਬਰ ਨੂੰ ਹੋਵੇਗਾ ਮਹਿਫ਼ਿਲ ਏ ਮੁਹੱਬਤ ਸਮਾਗਮ