ਫਰੀਦਕੋਟ/ਭਲੂਰ (ਬੇਅੰਤ ਗਿੱਲ) -ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਭਲੂਰ ਰੋਡ ਪਿੰਡ ਕੋਟ ਸੁਖੀਆ ਵਿਖੇ ਪ੍ਰਿੰਸੀਪਲ ਸਵਰਨਜੀਤ ਕੌਰ ‘ਸਿੰਮੀ’ ਥਾਪਰ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਤੀਜਾ ਖੂਨਦਾਨ ਕੈਂਪ ਅੱਜ ਸਵੇਰੇ ਨੌਂ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਮੇਂ ਸੰਸਥਾ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਨੇ ਇਸ ਕੈਂਪ ਸੰਬਂਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੀ.ਬੀ.ਜੀ. ਵੈਲਫੇਅਰ ਕਲੱਬ ਕੋਟਕਪੂਰਾ ਦੇ ਪ੍ਰਧਾਨ ਰਾਜੀਵ ਮਲਿਕ ਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸ ਦੌਰਾਨ ਸਕੂਲ ਦੇ ਸਟਾਫ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਵੈ ਇੱਛੁਕ ਖੂਨਦਾਨੀਆਂ ਵੱਲੋਂ ਵੱਡੇ ਪੱਧਰ ‘ਤੇ ਖੂਨ ਦਾਨ ਕੀਤਾ ਜਾਵੇਗਾ ਅਤੇ ਸੰਸਥਾ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸੰਬੰਧੀ ਪ੍ਰਿੰਸੀਪਲ ਐਚ.ਐਸ ਸਾਹਨੀ ਅਤੇ ਮਨਜੀਤ ਕੌਰ ਨੇ ਕਿਹਾ ਕਿ ਸਮੂਹ ਸਟਾਫ ਮੈਂਬਰਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਐੱਸ ਐੱਮ ਡੀ ਗਰਲਜ਼ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਨਰਿੰਦਰ ਮੱਕੜ ਨੇ ਕਿਹਾ ਕਿ ਸਾਡੇ ਦੁਆਰਾ ਦਾਨ ਕੀਤੇ ਖੂਨ ਨਾਲ ਕਿਸੇ ਵੀ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਨੂੰ ਜੀਵਨਦਾਨ ਮਿਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਨਵੇਂ ਖੂਨਦਾਨੀਆਂ ਨੂੰ ਖੂਨ ਦਾਨ ਲਹਿਰ ਨਾਲ ਜੋੜਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਦੱਸਣਾ ਬਣਦਾ ਹੈ ਕਿ ਪ੍ਰਿੰਸੀਪਲ ਸਵਰਨਜੀਤ ਕੌਰ ਨੇ ਆਪਣੇ ਇਲਾਕੇ ਦਾ ਸਿੱਖਿਅਕ ਪੱਧਰ ਉੱਚਾ ਚੁੱਕਣ ਲਈ ਸੰਤ ਮੋਹਨ ਦਾਸ ਸੰਸਥਾਵਾਂ ਦੀ ਫ਼ਸਲ ਨੂੰ ਖ਼ੂਨ ਪਸੀਨੇ ਦੀ ਸਿੰਜਾਈ ਨਾਲ ਸਿੰਜਿਆ ਹੈ ਅਤੇ ਉਨ੍ਹਾਂ ਦੇ ਸਿਰੜ ਤੇ ਲਗਨ ਸਦਕਾ ਇਸ ਸੰਸਥਾ ਦਾ ਨਾਂਅ ਅੱਜ ਪੰਜਾਬ ਪੱਧਰ ‘ਤੇ ਗੂੰਜ ਰਿਹਾ ਹੈ। ਪ੍ਰਿੰਸੀਪਲ ਸਵਰਨਜੀਤ ਕੌਰ ਵੱਲੋਂ ਕੀਤੇ ਕਾਰਜਾਂ ਨੂੰ ਸਲਾਮ ਕਰਦਿਆਂ ਅੱਜ ਉਕਤ ਸੰਸਥਾ ਦੇ ਨੁਮਾਇੰਦਿਆਂ ਦੁਆਰਾ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ।ਇਸ ਕੈਂਪ ਵਿੱਚ ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਸ਼ਿਰਕਤ ਕਰ ਰਹੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly