ਕੁਇਜ਼ ਮੁਕਾਬਲਿਆਂ ਦੌਰਾਨ ਭਾਗ ਲੈਣ ਵਾਲੇ ਸਾਰੇ ਸਕੂਲ਼ਾਂ ਦੀ ਕਾਰਗੁਜ਼ਾਰੀ ਰਹੀ ਸ਼ਾਨਦਾਰ
ਮੋਗਾ/ ਭਲੂਰ(ਬੇਅੰਤ ਗਿੱਲ) ਸ੍ਰੀ ਗੁਰੂ ਹਰਿਕ੍ਰਿਸ਼ਨ ਐਜ਼ੂਕੇਸ਼ਨਲ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਭਲੂਰ ਵੱਲੋਂ ਪ੍ਰਿੰਸੀਪਲ ਮੇਹਰ ਸਿੰਘ ਸੰਧੂ ਅਤੇ ਮਾਸਟਰ ਬਿੱਕਰ ਸਿੰਘ ਹੋਰਾਂ ਦੀ ਮੌਜੂਦਗੀ ਵਿੱਚ ਸਰਕਾਰੀ ਹਾਈ ਸਕੂਲ ਭਲੂਰ ਵਿਖੇ ਸ਼ਹੀਦ-ਏ- ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਰਕਾਰੀ ਹਾਈ ਸਕੂਲ ਭਲੂਰ ਦੇ ਮੁੱਖ ਅਧਿਆਪਕ ਗੁਰਦੀਪ ਸਿੰਘ ਅਤੇ ਸਮੂਹ ਸਟਾਫ਼ ਨੇ ਭਰਪੂਰ ਸਹਿਯੋਗ ਦਿੱਤਾ।ਇਸ ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਬਲਵਿੰਦਰ ਸਿੰਘ ਕਲੇਰ, ਕੋਆਪਰੇਟਿਵ ਸੁਸਾਇਟੀ ਭਲੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਲੈਕਚਰਾਰ ਹਰਮੇਲ ਸਿੰਘ, ਮਾਸਟਰ ਜਗਰੂਪ ਸਿੰਘ, ਬਸੰਤ ਸਿੰਘ ਸੰਧੂ, ਜਗਦੇਵ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਉਰਫ਼ ਕਿੰਦਾ ਖੋਸਾ, ਬਲਜਿੰਦਰ ਸਿੰਘ ਬਿੰਦਾ, ਸੇਵਕ ਸਿੰਘ ਸੇਬੀ, ਬੇਅੰਤ ਗਿੱਲ, ਅਨੰਤ ਗਿੱਲ ਅਤੇ ਸਕੂਲ ਅਧਿਆਪਕ ਹਾਜ਼ਿਰ ਰਹੇ।
ਇਸ ਦੌਰਾਨ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਭਾਗ ਲੈਣ ਵਾਲੇ ਸਕੂਲਾਂ ਵਿੱਚ ਸੰਤ ਬਾਬਾ ਨਛੱਤਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਲੂਰ, ਸੰਤ ਮੋਹਨ ਦਾਸ ਸਕੂਲ ਕੋਟਸੁਖੀਆ, ਜੀ ਐਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭਲੂਰ ਅਤੇ ਸਰਕਾਰੀ ਹਾਈ ਸਕੂਲ ਭਲੂਰ ਸ਼ਾਮਿਲ ਹਨ। ਇਹਨਾਂ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਹੀ ਸ਼ਾਨਦਾਰ ਰਹੀ। ਉਨ੍ਹਾਂ ਬੜੀ ਹੀ ਹਾਜ਼ਰ ਜਵਾਬੀ ਤੇ ਉਤਸ਼ਾਹ ਨਾਲ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਹ ਮੁਕਾਬਲੇ ਬਹੁਤ ਹੀ ਖੁੱਲ੍ਹੇ ਡੁੱਲ੍ਹੇ ਮਾਹੌਲ ਵਿਚ ਪਾਰਦਰਸ਼ੀ ਢੰਗ ਨਾਲ ਕਰਵਾਏ ਗਏ। ਇਸ ਮੌਕੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਥਾਨ ਉੱਤੇ ਆਈਆਂ ਕੁਇਜ਼ ਮੁਕਾਬਲੇ ਦੀਆਂ ਟੀਮਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਐਜ਼ੂਕੇਸ਼ਨਲ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਭਲੂਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਵੱਲੋਂ ਜਿੱਥੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਥਾਪੜਾ ਦਿੱਤਾ ਗਿਆ, ਉੱਥੇ ਹੀ ਉਨ੍ਹਾਂ ਨੇ ਸਕੂਲਾਂ ਦੇ ਸਮੂਹ ਅਧਿਆਪਕ ਸਾਹਿਬਾਨਾਂ ਦੀ ਮਿਹਨਤ ਦਾ ਉਚੇਚਾ ਜ਼ਿਕਰ ਕੀਤਾ ਅਤੇ ਕਿਹਾ ਕਿ ਬੱਚਿਆਂ ਵੱਲੋਂ ਤੱਟ ਫੱਟ ਸਵਾਲਾਂ ਦੇ ਸਹੀ ਜਵਾਬ ਦੇਣ ਤੋਂ ਪਤਾ ਲੱਗਦਾ ਹੈ ਕਿ ਅਧਿਆਪਕਾਂ ਨੇ ਬੜੀ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਅਦਾ ਕੀਤੇ ਹਨ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਪ੍ਰਿੰਸੀਪਲ ਮੇਹਰ ਸਿੰਘ ਸੰਧੂ ਨੇ ਬੜੇ ਹੀ ਸੁਚੱਜੇ ਸ਼ਬਦਾਂ ਵਿਚ ਸ਼ਹੀਦ- ਏ- ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਵਿਦਿਆਰਥੀਆਂ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ। ਉਨ੍ਹਾਂ ਆਪਣੀ ਖੂਬਸੂਰਤ ਸ਼ਬਦਾਬਲੀ ਨਾਲ ਹਰ ਗੱਲ ਨੂੰ ਨਿਖੇੜ ਕੇ ਵਿਦਿਆਰਥੀਆਂ ਨਾਲ ਸਾਂਝੀ ਕੀਤਾ। ਪ੍ਰਿੰਸੀਪਲ ਮੇਹਰ ਸਿੰਘ ਸੰਧੂ ਹੋਰਾਂ ਨੇ ਸ਼ਹੀਦ ਭਗਤ ਸਿੰਘ ਦੀਆਂ ਬਚਪਨ ਦੀਆਂ ਭੋਲੀਆਂ ਭਾਲੀਆਂ ਸ਼ਰਾਰਤਾਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਵੀ ਤੁਹਾਡੇ ਵਾਂਗ ਹੀ ਇਕ ਆਮ ਵਿਦਿਆਰਥੀ ਸੀ, ਜੋ ਕਿਤਾਬਾਂ ਪੜ੍ਹਦਿਆਂ ਇਕ ਮਹਾਨ ਵਿਆਕਤੀ ਬਣ ਕੇ ਮਨੁੱਖੀ ਬਰਾਬਰਤਾ ਲਈ ਜੂਝਿਆ। ਇਸ ਸਮਾਗਮ ਦੇ ਸ਼ੁਰੂਆਤ ਵਿਚ ਚੇਅਰਮੈਨ ਬਲਵਿੰਦਰ ਸਿੰਘ ਕਲੇਰ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ‘ਜੀ ਆਇਆਂ ਨੂੰ’ ਆਖਿਆ ਗਿਆ ਅਤੇ ਆਖੀਰ ਵਿਚ ਮੇਜ਼ਬਾਨ ਸਕੂਲ ਦੇ ਮੁੱਖ ਅਧਿਆਪਕ ਗੁਰਦੀਪ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। ਇਸ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਲੈਕਚਰਾਰ ਹਰਮੇਲ ਸਿੰਘ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਾ ਖੋਸਾ ਨੇ ਬਾਖੂਬੀ ਨਿਭਾਈ। ਇਸ ਮੌਕੇ ਉਕਤ ਸਕੂਲਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly