ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ)-ਸਪੋਰਟਸ ਕਲੱਬ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਰਜਿਸਟਰਡ ਪਿੰਡ ਲੰਗੇਰੀ, ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਸਹਿਯੋਗ ਨਾਲ ਪਿੰਡ ਵਿੱਚ ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਯਾਦਗਾਰੀ ਸਟੇਡੀਅਮ ਵਿਖੇ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਟ੍ਰੇਨਿੰਗ ਸੈਂਟਰ ਦੀ ਸ਼ੁਰੂਆਤ ਕਲੱਬ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਸੰਘਾ ਅਤੇ ਕਲੱਬ ਦੇ ਸਮੂਹ ਮੈਂਬਰਾਨ ਵੱਲੋਂ ਕੀਤੀ ਗਈ । ਇਸ ਟ੍ਰੇਨਿੰਗ ਸੈਂਟਰ ਦੀ ਸ਼ੁਰੂਆਤ ਕਰਦਿਆਂ ਅੱਜ ਸਟੇਡੀਅਮ ਵਿਖੇ ਅੰਡਰ 14 ਉਮਰ ਗਰੁੱਪ ਦੇ ਖਿਡਾਰੀਆਂ ਦੇ ਟਰਾਇਲ ਲਏ ਗਏ, ਜਿਸ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਰੀ ਉਤਸ਼ਾਹ ਦਿਖਾਇਆ । ਕਲੱਬ ਵਲੋਂ ਨਿਯੁਕਤ ਕੋਚ ਇੰਦਰਪ੍ਰੀਤ ਸਿੰਘ ਮਨੀ ਲੰਗੇਰੀ ਅਤੇ ਇੰਟਰਨੈਸ਼ਨਲ ਖਿਡਾਰੀ ਹਰਦੀਪ ਸੰਘਾ ਦੀ ਨਿਗਰਾਨੀ ਵਿਚ ਲਗਪਗ ਤੀਹ ਬੱਚਿਆਂ ਦੇ ਨਾਮ ਟ੍ਰੇਨਿੰਗ ਲਈ ਦਰਜ ਕੀਤੇ ਗਏ । ਸਟੇਡੀਅਮ ਵਿੱਚ ਬੱਚਿਆਂ ਅਤੇ ਮਾਪਿਆਂ ਦੇ ਭਰਵੀਂ ਹਾਜ਼ਰੀ ਵਿੱਚ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਲੱਬ ਦੇ ਪ੍ਰਧਾਨ ਸ੍ਰੀ ਕੁਲਵੰਤ ਸਿੰਘ ਸੰਘਾ ਨੇ ਕਿਹਾ ਕਿ ਪਿੰਡ ਵਿੱਚ ਮਜ਼ਬੂਤ ਫੁਟਬਾਲ ਟੀਮ ਦੀ ਤਿਆਰੀ ਅਤੇ ਬੱਚਿਆਂ ਨੂੰ ਖੇਡਾਂ ਵੱਲ ਜੋੜਨ ਲਈ ਇਹ ਇੱਕ ਨਿੱਗਰ ਉਪਰਾਲਾ ਹੈ, ਜਿਸ ਦਾ ਪਿੰਡ ਵਾਸੀਆਂ ਅਤੇ ਪਿੰਡ ਦੇ ਪ੍ਰਵਾਸੀ ਭਾਰਤੀ ਵੀਰਾਂ ਦਾ ਸਹਿਯੋਗ ਕਾਬਲੇ ਤਾਰੀਫ਼ ਹੈ । ਉਨ੍ਹਾਂ ਵੱਲੋਂ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਕਰਨ ਲਈ ਮਿਲੇ ਸਹਿਯੋਗ ਲਈ ਪਿੰਡ ਦੇ ਸਪੋਰਟਸ ਕਲੱਬ ਦੇ ਸਮੂਹ ਮੈਂਬਰਾਂ , ਪਿੰਡ ਵਾਸੀਆਂ, ਪਰਵਾਸੀ ਭਾਰਤੀ ਵੀਰਾਂ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
ਉਨ੍ਹਾਂ ਵੱਲੋਂ ਉਨ੍ਹਾਂ ਸਾਰੇ ਦਾਨੀ ਸੱਜਣਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦਿਲ ਖੋਲ੍ਹ ਕੇ ਫੁੱਟਬਾਲ ਟ੍ਰੇਨਿੰਗ ਸੈਂਟਰ ਲਈ ਮਾਲੀ ਮੱਦਦ ਦਿੱਤੀ । ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਸੈਂਟਰ ਦੀ ਲਗਾਤਾਰਤਾ ਨੂੰ ਬਣਾਈ ਰੱਖਣ ਅਤੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਅਸੀਂ ਪਿੰਡ ਵਾਸੀਆਂ, ਐਨ ਆਰ ਆਈਜ਼ ਅਤੇ ਇਲਾਕੇ ਭਰ ਦੇ ਖੇਡ ਪ੍ਰੇਮੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਵੱਧ ਚੜ੍ਹ ਕੇ ਇਸ ਫੁੱਟਬਾਲ ਟ੍ਰੇਨਿੰਗ ਸੈਂਟਰ ਦੀ ਮਾਲੀ ਸਹਾਇਤਾ ਕਰਨ ਤਾਂ ਜੋ ਅਕੈਡਮੀ ਨੂੰ ਇਲਾਕਾ ਪੱਧਰ ਤੇ ਵਧਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਪਿੰਡਾਂ ਦੇ ਬੱਚੇ ਇਸ ਦਾ ਫਾਇਦਾ ਲੈ ਕੇ ਫੁੱਟਬਾਲ ਜਗਤ ਵਿਚ ਮਾਹਿਲਪੁਰ ਦਾ ਰੁਤਬਾ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ । ਇਸ ਦੇ ਨਾਲ ਹੀ ਉਹ ਆਪਣਾ ,ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕਰਕੇ ਆਪਣਾ ਵਧੀਆ ਭਵਿੱਖ ਸੰਵਾਰ ਸਕਣ । ਇਸ ਲਈ ਆਪ ਸਭ ਦੇ ਸਹਿਯੋਗ ਦੇ ਨਾਲ ਹੀ ਅਸੀਂ ਬੱਚਿਆਂ ਨੂੰ ਵਧੀਆ ਕੋਚਿੰਗ ਅਤੇ ਬਿਹਤਰ ਸਹੂਲਤਾਂ ਦੇਣ ਲਈ ਯਤਨਸ਼ੀਲ ਰਹਾਂਗੇ ।
ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਯੂ ਕੇ, ਹਰਦੀਪ ਸੰਘਾ ਕੈਨੇਡਾ, ਸੱਤ ਪ੍ਰਕਾਸ਼ ਸਿੰਘ ਕਨੇਡੀਅਨ, ਮਾਸਟਰ ਅਵਤਾਰ ਲੰਗੇਰੀ, ਇੰਸਪੈਕਟਰ ਸੁਖਦੇਵ ਸਿੰਘ, ਗੁਰਿੰਦਰ ਸਿੰਘ ਸੰਘਾ, ਪ੍ਰਿੰਸੀਪਲ ਅਰਵਿੰਦਰ ਸਿੰਘ, ਮਾਸਟਰ ਮਨਜਿੰਦਰ ਸਿੰਘ, ਕੋਚ ਇੰਦਰਪ੍ਰੀਤ ਸਿੰਘ ਮਨੀ, ਨੰਬਰਦਾਰ ਹਰਬੰਸ ਸਿੰਘ, ਗੁਰਬਖਸ਼ ਸਿੰਘ, ਪਰਮਜੀਤ ਸਿੰਘ ਪੰਮਾ, ਸੁਖਜੀਤ ਸਿੰਘ ਬੈਲਜੀਅਮ, ਸਤਨਾਮ ਸਿੰਘ ਫੋਜੀ ਅਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly