ਕੁੜੀਆਂ ਵਾਲੀ ਸਰਦਾਰਨੀ

ਗੁਰਪ੍ਰੀਤ ਸਿੰਘ

(ਸਮਾਜ ਵੀਕਲੀ)

ਏਅਰ ਪੋਰਟ ਤੋਂ ਹਰਜੀਤ ਆਪਣੀ ਧੀ ਕੀਰਤ ਨੂੰ ਆਖਦੀ ਹੋਈ ” ਕਿੱਥੇ ਖੜੀ ਆ ਹਰਲੀਨ” (ਹਰਜੀਤ ਦੀ ਸਭ ਤੋਂ ਛੋਟੀ ਧੀ ਏਅਰ ਪੋਰਟ ਤੋਂ ਲੈਣ ਆਈ ਹੋਈ ਸੀ )।

“ਬਾਹਰ ਮੇਨ ਗੇਟ ਤੇ ਸਾਡੀ ਉਡੀਕ ਕਰ ਰਹੀ ਹੋਵੇਗੀ” ਕੀਰਤ ਨੇ ਜਵਾਬ ਦਿੱਤਾ

“ਉਸ ਨੂੰ ਫੋਨ ਕਰ ਕਿੱਥੇ ਖੜ੍ਹੀ ਏ”ਹਰਜੀਤ ਨੇ ਉਕਸੁਕਤਾ ਨਾਲ ਆਖਿਆ।
(ਹਰਜੀਤ ਕੇਨੈਡਾ ਤੋਂ ਆਪਣੀ ਧੀ ਕੀਰਤ ਨਾਲ ਪੰਜ ਸਾਲਾਂ ਬਾਅਦ ਪੰਜਾਬ ਵਾਪਸ ਪਰਤੀ ਰਹੀ ਸੀ )

ਦਿੱਲੀ ਏਅਰ ਪੋਰਟ ਤੋਂ ਬਾਹਰ ਨਿਕਲ ਕੇ ਹਰਲੀਨ , ਕੀਰਤ ਅਤੇ ਹਰਜੀਤ ਤਿੰਨੋਂ ਕਾਰ ‘ਚ ਬੈਠਦੀਆਂ ਹੋਈਆਂ ਗੱਲਾਂ ਕਰਦੀਆਂ ਆਪਣੇ ਪਿੰਡ ਮੁੱਲਾਂਪੁਰ (ਲੁਧਿਆਣਾ )ਵੱਲ ਚੱਲ ਪੈਂਦੀਆਂ ਨੇ।

ਮੰਮੀ ਕਿਵੇਂ ਰਿਹਾ ਤੁਹਾਡਾ ਕੈਨੇਡਾ ਦਾ ਟੂਰ, ” ਹਰਲੀਨ ਪੁੱਛਦੀ ਹੋਈ”

“ਮੰਮਾ ਤੁਸੀਂ ਕਿੰਨੇ ਕਮਜ਼ੋਰ ਹੋ ਗਏ ਹੋ” ਤਬੀਅਤ ਕਿਵੇਂ ਹੈ ਤੁਹਾਡੀ ?

ਹਰਜੀਤ ਸਹਿਜੇ ਜਿਹੇ ਜਵਾਬ ਦਿੰਦੀ ਹੋਈ ਬੋਲੀ ” ਨਹੀ ਥੋੜੀ ਸਫ਼ਰ ਕਾਰਨ ਥਕਾਵਟ ਹੈ”
ਚਲੋਂ ਪਹਿਲਾਂ ਡਾਕਟਰ ਕੋਲ ਚੈਕ ਕਰਵਾ ਲੈਨੇ ਹਾਂ ।

ਹਰਜੀਤ ਗੱਲ ਕੱਟਦੀ ਹੋਈ ਜਵਾਬ ਦਿੰਦੀ ਕੁੱਝ ਨਹੀਂ ਹੋਇਆ ਮੈਨੂੰ, ਤੂੰ ਆਵੇਂ ਨਾ ਫ਼ਿਕਰ ਕਰਦੀ ਰਿਹਾ ਕਰ ।

ਹਰਜੀਤ ਆਪਣੀਆਂ ਤਿੰਨੋਂ ਕੁੜੀਆਂ ਨੂੰ ਆਪੋ ਆਪਣੇ ਘਰ ਖੁਸ਼ ਦੇਖ ਕੇ ਬਹੁਤ ਹੀ ਖੁਸ਼ ਸੀ। ਉਸਨੂੰ ਉਹ ਪਲ ਯਾਦ ਆ ਰਹੇ ਸੀ ਜਦੋਂ

ਹਰਜੀਤ ਘਰ ਤੀਜੀ ਕੁੜੀ(ਹਰਲੀਨ) ਨੇ ਜਨਮ ਲਿਆ ਸੀ । ਉਸ ਕੋਲ ਪਹਿਲਾਂ ਹੀ ਦੋ ਕੁੜੀਆਂ ਹੋਣ ਕਾਰਨ ਲੋਕੀ ਉਸ ਨੂੰ ਕੁੜੀਆਂ ਵਾਲੀ ਆਖਦੇ ਸਨ । ਤਿੰਨ ਕੁੜੀਆਂ ਪੈਦਾ ਹੋਣ ਕਾਰਨ ਕੲੀ ਅੰਧਵਿਸ਼ਵਾਸੀ ਉਸ ਹੱਥੋ ਪਾਣੀ ਵੀ ਪੀਣਾ ਪਸੰਦ ਨਹੀ ਕਰਦੇ ਸੀ । ਬਿਨ੍ਹਾਂ ਪਿਉ ਦੇ ਤਿੰਨ ਕੁੜੀਆਂ ਨੂੰ ਪਾਲਣਾ ਅਤੇ ਪਹਾੜ ਵਰਗੀ ਜਿੰਦਗੀ ਜਿਉਣਾਂ ਹਰਜੀਤ ਲੲੀ ਬਹੁਤ ਔਖਾ ਸੀ ।

(ਉਹ ਦਿੱਲੀ ਤੋਂ ਲੁਧਿਆਣੇ ਤੱਕ ਦੇ ਸਫ਼ਰ ਵਿਚ ਆਪਣਾ ਪੁਰਾਣਾ ਬੀਤ ਚੁੱਕਾ ਸਮਾਂ ਯਾਦ ਕਰਦੀ ਹੋਈ )

ਉਸਦੀ ਜਿਠਾਣੀ ਗੇਜੋਂ ਜੋ ਕਿ ਹਰਜੀਤ ਨੂੰ ਅਕਸਰ ਮਹਿਣੇ ਮਾਰਦੀ ਸੀ ਅਤੇ ਉਹ ਆਪਣੇ ਦੋ ਪੁੱਤਰਾਂ ਦੀ ਮਾਂ ਹੋਣ ਦਾ ਮਾਣ ਮਹਿਸੂਸ ਕਰਦੀ ਸੀ।

ਅੱਜ ਵੀ ਉਸ ਨੂੰ ਕੱਲ੍ਹ ਵਾਂਗੂ ਗੱਲ ਯਾਦ ਹੈ ਜਦੋਂ ਛੋਟੇ ਦਿਉਰ ਦੇ ਵਿਆਹ ਤੋਂ ਬਾਦ ਗੇਜੋਂ ਨੇ ਆਪਣੀ ਸੱਸ ਨੂੰ ਸਮਝਾ ਦਿੱਤਾ ਕੇ ਇਹ ਤਾਂ ਕੁੜੀਆਂ ਵਾਲੀ ਏ,ਜੇ ਇਸ ਦਾ ਪਰਛਾਵਾਂ ਛੋਟੀ ਨੂੰਹ ਤੇ ਪੈ ਗਿਆ ਤਾਂ ਉਹ ਵੀ ਅੱਗੇ ਕੁੜੀਆਂ ਹੀ ਜੰਮੇਗੀ ।
(ਇਹ ਗੱਲ ਕਹਿੰਦੇ ਹੋਈ ਹਰਜੀਤ ਨੇ ਸੁਣ ਲਿਆ ਸੀ )

ਹਰਜੀਤ ਦੀ ਕੁੱਖ ਵਿਚੋਂ ਪੁੱਤ ਪੈਦਾ ਨਾ ਹੋਣ ਕਾਰਨ ਅਕਸਰ ਲੋਕਾਂ ਦੀਆਂ ਕਹੀਆਂ ਸੁਣਨੀਆਂ ਪੈਂਦੀਆਂ ਸਨ ।ਹਰਜੀਤ ਦਾ ਘਰਵਾਲਾ ਵੀ ਪੁੱਤਰ ਨੂੰ ਜਨਮ ਨਾ ਦੇ ਸਕਣ ਕਾਰਨ ਉਸ ਨੂੰ ਦੋਸ਼ ਦੇ ਦਿੰਦਾ ਸੀ ।

ਛੋਟੀ ਕੁੜੀ ਦੇ ਜਨਮ ਤੋਂ ਦੋ ਸਾਲ ਬਾਅਦ ਐਕਸੀਡੈਂਟ ਵਿੱਚ ਹਰਜੀਤ ਦੇ ਘਰਵਾਲ਼ੇ ਦੀ ਮੌਤ ਹੋ ਗਈ ਤੇ ਉਹ ਤਿੰਨ ਕੁੜੀਆਂ ਹਰਜੀਤ ਦੇ ਸਹਾਰੇ ਇਕੱਲਾ ਛੱਡ ਕੇ ਸੰਸਾਰ ਨੂੰ ਅਲਵਿਦਾ ਕਰ ਗਿਆ ।

ਕੁੜੀਆਂ ਦੀ ਪਰਵਰਿਸ਼ ਅਤੇ ਸਮਾਜ ਦੇ ਤਾਹਨਿਆਂ ਨੂੰ ਸਹਿਣ ਕਰਦੀ ਹਰਜੀਤ ਨੇ ਆਪਣੀਆਂ ਤਿੰਨਾਂ ਧੀਆਂ ਨੂੰ ਪੜ੍ਹਾਇਆ ਲਿਖਾਇਆ ਅਤੇ ਮਾਂ ਦੇ ਪਿਆਰ ਦੇ ਨਾਲ ਪਿਤਾ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ । ਉਸ ਨੇ ਤਿੰਨੋਂ ਧੀਆਂ ਨੂੰ ਇਸ ਕਾਬਿਲ ਬਣਾਇਆ ਕਿ ਅੱਜ ਇੱਕ ਧੀ ਕੇਨੈਡਾ ਪੱਕੀ ਵਸਨੀਕ ਹੈ,ਜਿਸਦੇ ਨਾਲ ਹਰਜੀਤ ਵਾਪਸ ਇੰਡੀਆ ਆ ਰਹੀ ਸੀ । ਵਿਚਕਾਰਲੀ ਧੀ (ਸਾਇੰਸ ਅਧਿਆਪਕ ) ਜੋ ਕਿ ਆਪਣੀ ਮਾਂ ਨਾਲ ਪਿੰਡ ਮੁੱਲਾਂਪੁਰ ਹੀ ਰਹਿੰਦੀ ਹੈ। ਛੋਟੀ ਧੀ ਹਰਲੀਨ ਜੋਂ ਚੰਡੀਗੜ ਸਰਕਾਰੀ ਵਕੀਲ ਹੈ ।

ਸੋਚਾਂ ਸੋਚਦੇ ਅਤੇ ਪਿਛਲੀਆਂ ਯਾਦਾਂ ਯਾਦ ਕਰਦੇ ਕਦੋਂ ਲੁਧਿਆਣਾ ਆ ਗਿਆ ਪਤਾ ਹੀ ਨਹੀਂ ਲੱਗਾ।

ਹਰਜੀਤ ਆਪਣੇ ਪਿੰਡ ਕੈਨੇਡਾ ਤੋਂ ਪੰਜ ਸਾਲਾਂ ਬਾਅਦ ਪਰਤ ਰਹੀ ਸੀ
( ਉਸਦੇ ਆਪਣੇ ਪੁਰਾਣੇ ਘਰ ਅੱਗੇ ਆ ਗੱਡੀ ਰੁੱਕਦੀ ਹੈ )

ਹਰਜੀਤ ਆਪਣੇ ਘਰ ਦੇ ਅੰਦਰ ਵੜਨ ਲੱਗਦੀ ਹੈ ਤਾਂ ਉਸਦੀ ਨਜ਼ਰ ਆਪਣੀ ਜੇਠਾਣੀ ਗੇਜੋ ਤੇ ਪੈਂਦੀ ਹੈ।

 

(ਗੇਜੋ ਪੁਰਾਣੇ ਜਹੇ ਕਮਰੇ ਦੇ ਬਾਹਰ ਬੈਠੀ ਜਿਸਦਾ ਦਰਵਾਜ਼ਾ ਗੱਲੀ ਵੱਲ ਖੁੱਲਦਾ ਸੀ। ਜ਼ਿਆਦਾ ਤਰ ਉਹ ਗੱਲੀ ਵਿਚ ਬਾਹਰ ਹੀ ਬੈਠ ਕੇ ਹੀ ਸਮਾਂ ਬਤੀਤ ਕਰਦੀ ਸੀ )

ਹਰਜੀਤ ਗੇਜੋ ਵੱਲ ਅੱਗੇ ਵੱਧੀ “ਸਤਿ ਸ੍ਰੀ ਆਕਾਲ ਭੈਣ ਜੀ ”

“ਮੈ ਹਰਜੀਤ ਕੀਰਤ ਦੀ ਮੰਮੀ ”

ਗੇਜੋ ਵੀ ਮਿਲਣ ਲੲੀ ਉਠ ਦੀ ਕੋਸ਼ਿਸ਼ ਕਰਦੀ ।
(ਦੋਨੋਂ ਇਕ ਦੂਜੇ ਨੂੰ ਹਾਲ ਚਾਲ ਪੁਛਦੀਆਂ )

ਕੀ ਹਾਲ ਐ ਤੇਰੀਆਂ ਕੁੜੀਆਂ ਦਾ, ਕੋਲ ਖੜੀ ਹਰਲੀਨ ਵੱਲ ਵੇਖਦੀ ਹੋਈ ਬੋਲੀ

“ਸਤਿ ਸ੍ਰੀ ਆਕਾਲ ਤਾਈ ਜੀ” ਮੈਂ ਹਰਲੀਨ
ਉਹ ਅੱਛਾ ! “ਚੰਡੀਗੜ੍ਹ ਵਾਲੀ”

“ਮੈਂ ਪਹਿਚਾਣਿਆ ਨਹੀ ਸੀ , ਤੂੰ ਬਹੁਤ ਦੇਰ ਬਾਅਦ ਪਿੰਡ ਆਈ ਏ “(ਗੇਜੋਂ ਨੇ ਹਰਲੀਨ ਦੇ ਸਿਰ ਤੇ ਹੱਥ ਧਰਦੇ ਕਿਹਾ )
ਹਰਜੀਤ ਗੇਜੋਂ ਨੂੰ ਆਪਣੇ ਘਰ ਲੈ ਜਾਂਦੀ ਅਤੇ ਦੋਨੋਂ ਦੁੱਖ ਸੁੱਖ ਕਰਨ ਲੱਗਦੀਆਂ ।

“ਮੁੰਡਿਆਂ ਦਾ ਸੁਣਾ ਕੀ ਹਾਲ ਆ” ਹਰਜੀਤ ਨੇ ਪੁਛਿਆ।

ਤੇਰੇ ਵੀਰ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਦੋਨਾਂ ਭਰਾਵਾਂ ਨੇ ਆਪੋ ਆਪਣੇ ਹਿੱਸੇ ਆਉਂਦੀ ਜ਼ਮੀਨ ਵੰਡ ਲੲੀ ।
ਵੱਡਾ ਵੇਚ ਵੱਟ ਕੇ ਸ਼ਹਿਰ ਚੱਲਿਆ ਗਿਆ ਤੇ ਮੈਨੂੰ ਕਹਿੰਦਾ ਤੂੰ ਪਿੰਡ ਵਿਚ ਹੀ ਰਿਹ ਛੋਟੇ ਕੋਲ ਸਾਡੇ ਸ਼ਹਿਰ ਦੇ ਮਾਹੌਲ ਵਿਚ ਤੂੰ ਫਿਟ ਨਹੀ ਬੈਠਣਾਂ । ਛੋਟਾ ਨਸ਼ਾ ਪੱਤਾ ਕਰਦਾ ਉਹਨੂੰ ਆਪਣੀ ਸ਼ੁਧ ਬੁੱਧ ਨਹੀ ।ਉਹਦੀ ਜ਼ਨਾਨੀ ਦੇ ਸਿਰ ਪੱਗ ਰੱਖੀ ਹੋਈ ਐ ਜਿਵੇਂ ਉਹ ਕਹਿੰਦੀ ਉਵੇਂ ਕਰਦਾ। ਬਾਕੀ ਰਹਿੰਦੀ ਜ਼ਮੀਨ ਵੀ ਆਪਣੇ ਨਾਮ ਕਰਵਾ ਲਈ ਤੇ ਮੈਨੂੰ ਰਹਿਣ ਲੲੀ ਆਹ ਇਕ ਕਮਰਾ ਦਿੱਤਾ । ਇੱਥੇ ਹੀ ਰੋਟੀ ਪਾਣੀ ਕਦੇ ਕਦੇ ਦੇ ਜਾਦੇ ਨੇ ਨਹੀ ਤਾਂ ਮੈ ਆਪ ਹੀ ਬਣਾ ਪੱਕਾ ਕੇ ਖਾਂ ਲੈਂਦੀ ਹਾਂ ।

(ਗੱਲਾਂ ਕਰਦੀ ਨੇ ਗੱਲ ਭਰ ਲਿਆ ਤੇ ਚੂੰਨੀ ਨਾਲ ਅੱਖਾਂ ਪੂੰਝਦੀ ਹੋਈ ਬੋਲੀ)

ਮੇਰੀ ਤਾਂ ਕੋਈ ਧੀ ਵੀ ਨਹੀ ਜਿਹੜਾ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰੇ । ਕਦੇ ਕਦੇ ਮੈਂ ਸੋਚਦੀ ਹਾਂ ਕੇ ਦੋ ਮੁੰਡਿਆਂ ਤੋਂ ਚੰਗਾ ਭਾਵੇ ਰੱਬ ਮੈਨੂੰ ਵੀ ਇਕ ਕੁੜੀਆਂ ਹੀ ਦੇ ਦਿੰਦਾ ਤਾਂ ਜੋ ਘੱਟੋ ਘੱਟ ਤੇਰੀ ਕੁੜੀਆਂ ਵਾਂਗੂੰ ਆਪਣੀ ਮਾਂ ਦਾ ਦੁੱਖ ਦਰਦ ਤਾਂ ਸੁਣਦੀ ।
ਮੈਂ ਵੀ ਤੇਰੇ ਵਾਂਗੂ ਕੁੜੀਆਂ ਵਾਲੀ ਹੁੰਦੀ ਤਾਂ ਚੰਗਾ ਹੁੰਦਾ ।

(ਹਰਜੀਤ ਗੇਜੋ ਨੂੰ ਹੌਸਲਾਂ ਦਿੰਦੀ ਹੋਈ ਚੁੱਪ ਕਰਵਾਉਦੀ ਹੈ ਅਤੇ ਅੰਦਰੋਂ ਅੰਦਰ ਆਪਣੇ ਆਪ ਉੱਤੇ ਕੁੜੀਆਂ ਵਾਲੀ ਸਰਦਾਰਨੀ ਹੋਣ ਦਾ ਮਾਣ ਮਹਿਸੂਸ ਕਰਦੀ ਹੈ )

ਗੁਰਪ੍ਰੀਤ ਸਿੰਘ
ਪ੍ਰੀਤ ਸਫਰੀ
7508147356

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਹਰਾਂ
Next article“ਬੰਦਾ ਸਿੰਘ ਬਹਾਦਰ”