ਪ੍ਰਧਾਨ ਮੰਤਰੀ ਮੋਦੀ ਵੱਲੋਂ ਦੁੱਖ ਦਾ ਪ੍ਰਗਟਾਵਾ, ਮਦਦ ਭੇਜਣ ਦਾ ਵਾਅਦਾ

 

  • ਮੈਡੀਕਲ ਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਭੇਜੇਗਾ ਭਾਰਤ

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ਤੇ ਸੀਰੀਆ ’ਚ ਭੂਚਾਲ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਤੇ ਜ਼ਖ਼ਮੀਆਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਸੀਰੀਆ ਦਾ ਦੁੱਖ ਸਾਂਝਾ ਕਰਦਾ ਹੈ, ਤੇ ਔਖੇ ਸਮੇਂ ਵਿਚ ਹਰ ਸੰਭਵ ਮਦਦ ਭੇਜਣ ਲਈ ਵਚਨਬੱਧ ਹੈ। ਮੋਦੀ ਨੇ ਨਾਲ ਹੀ ਕਿਹਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿਚ ਤੁਰਕੀ ਦੇ ਲੋਕਾਂ ਨਾਲ ਖੜ੍ਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਤੁਰਕੀ ਨਾਲ ਦੁੱਖ ਸਾਂਝਾ ਕੀਤਾ ਹੈ। ਭਾਰਤ ਵੱਲੋਂ ਐੱਨਡੀਆਰਐਫ ਦੀਆਂ ਦੋ ਟੀਮਾਂ, ਜਿਨ੍ਹਾਂ ਵਿਚ 100-100 ਮੈਂਬਰ ਸ਼ਾਮਲ ਹਨ, ਨੂੰ ਵਿਸ਼ੇਸ਼ ਤੌਰ ’ਤੇ ਸਿਖ਼ਲਾਈ ਪ੍ਰਾਪਤ ਡੌਗ ਸਕੁਐਡ ਅਤੇ ਜ਼ਰੂਰੀ ਉਪਕਰਨਾਂ ਨਾਲ ਤੁਰਕੀ ਭੇਜਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤੁਰਕੀ ਸਰਕਾਰ ਤੇ ਉੱਥੇ ਸਥਿਤ ਭਾਰਤੀ ਦੂਤਾਵਾਸ ਨਾਲ ਤਾਲਮੇਲ ਕਰ ਕੇ ਮੈਡੀਕਲ ਟੀਮਾਂ ਵੀ ਭੇਜੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਸਿਖ਼ਲਾਈ ਪ੍ਰਾਪਤ ਡਾਕਟਰ ਤੇ ਪੈਰਾ-ਮੈਡੀਕਲ ਸਟਾਫ਼ ਸ਼ਾਮਲ ਹੈ। ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀਕੇ ਮਿਸ਼ਰਾ ਨੇ ਤੁਰਕੀ ਨੂੰ ਮਦਦ ਭੇਜਣ ਸਬੰਧੀ ਇਕ ਮੀਟਿੰਗ ਵੀ ਕੀਤੀ ਹੈ। ਮੀਟਿੰਗ ਵਿਚ ਕੈਬਨਿਟ ਸਕੱਤਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

Previous articleਅਮਰੀਕਾ, ਯੂਕੇ ਤੇ ਯੂਰੋਪੀ ਮੁਲਕਾਂ ਵੱਲੋਂ ਭੂਚਾਲ ਪੀੜਤਾਂ ਲਈ ਮਦਦ ਰਵਾਨਾ
Next articleਤੁਰਕੀ ਤ੍ਰਾਸਦੀ ਵਿੱਚੋਂ ਛੇਤੀ ਉੱਭਰ ਆਵੇਗਾ: ਰਾਸ਼ਟਰਪਤੀ ਅਰਦੋਗਾਂ