ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਤੇ ਰਾਸ਼ਟਰੀ ਪਰਖ ਸਰਵੇਖਣ ਸਫਲਤਾਪੂਰਵਕ ਕਰਵਾਉਣ ਲਈ ਅਧਿਆਪਕ ਵਧਾਈ ਦੇ ਪਾਤਰ -ਸਿੱਖਿਆ ਅਧਿਕਾਰੀ
ਕਪੂਰਥਲਾ , (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਸੈਸ਼ਨ 2024 – 25 ਦੌਰਾਨ ਪ੍ਰਾਇਮਰੀ ਜਮਾਤਾਂ ਦੇ ਮੁਲਾਂਕਣ ਸੰਬੰਧੀ ਪ੍ਰਾਇਮਰੀ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ , ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸ਼੍ਰੀਮਤੀ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਸੈਸ਼ਨ 2024- 25 ਦੌਰਾਨ 10 ਦਸੰਬਰ 2024 ਤੋਂ ਲੈ ਕੇ 14 ਦਸੰਬਰ 2024 ਤੱਕ ਮੁਲਾਂਕਣ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਜਿਲ੍ਹੇ ਦੇ ਸਮੁੱਚੇ ਪ੍ਰਾਇਮਰੀ ਸਕੂਲਾਂ ਦੇ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਮੁੱਖੀ ਆਪਣੇ ਪੱਧਰ ਤੇ ਡੇਟਸ਼ੀਟ ਤਿਆਰ ਕਰਨਗੇ। ਇਸ ਦੇ ਨਾਲ ਹੀ ਸਕੂਲ ਮੁੱਖੀ ਸਬੰਧਿਤ ਅਧਿਆਪਕਾਂ ਤੋਂ ਉਕਤ ਮੁਲਾਂਕਣ ਸਬੰਧੀ ਪ੍ਰਸ਼ਨ ਪੱਤਰ ਅਕਤੂਬਰ ਅਤੇ ਨਵੰਬਰ ਦੇ ਸਿਲੇਬਸ ਵਿੱਚੋਂ ਤਿਆਰ ਕਰਵਾਉਣਗੇ ਇਹ ਮੁਲਾਂਕਣ ਵੀ 20 ਅੰਕਾਂ ਦਾ ਹੋਵੇਗਾ । ਅਧਿਆਪਕਾਂ ਵੱਲੋਂ ਵਿਸ਼ੇ ਦੇ ਪੀਰੀਅਡਾਂ ਦੌਰਾਨ ਹੀ ਮੁਲਾਂਕਣ ਲਈ ਪੇਪਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਉਕਤ ਮੁਲਾਂਕਣ ਕਰਨ ਉਪਰੰਤ ਉੱਤਰ ਕਾਪੀਆਂ ਚੈੱਕ ਕਰਕੇ 20 ਦਸੰਬਰ 2024 ਤੱਕ ਮੁਕੰਮਲ ਨਤੀਜਾ ਤਿਆਰ ਕਰ ਲਿਆ ਜਾਵੇ, ਤੇ ਇਸ ਦਾ ਪੂਰਾ ਰਿਕਾਰਡ ਜਮਾਤ ਅਨੁਸਾਰ ਤੇ ਵਿਦਿਆਰਥੀ ਅਨੁਸਾਰ ਸਕੂਲ ਪੱਧਰ ਤੇ ਰੱਖਿਆ ਜਾਵੇ। ਇਸ ਮੁਲਾਂਕਣ ਦੀ ਕਾਰਗੁਜ਼ਾਰੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਦੀ ਤਰੀਕ ਮਿਲਣ ਤੇ ਆਯੋਜਿਤ ਕੀਤੀ ਜਾਵੇਗੀ । ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਨੇ ਜਿਲ੍ਹੇ ਦੇ ਵੱਖ ਵੱਖ 9 ਸਿੱਖਿਆ ਬਲਾਕਾਂ ਦੇ ਵੱਖ-ਵੱਖ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਕਰਵਾਈ ਖੇਡਾਂ ਦੀ ਮਿਹਨਤ ਦੇ ਚਲਦੇ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਦੇ ਨਾਲ ਨਾਲ ਰਾਸ਼ਟਰੀ ਪਰਖ ਸਰਵੇਖਣ ਨੂੰ ਸਮੁੱਚੇ ਜ਼ਿਲ੍ਹੇ ਵਿੱਚ ਸਫਲਤਾ ਪੂਰਵਕ ਸੰਪੰਨ ਕਰਵਾਉਣ ਲਈ ਸਮੂਹ ਬੀ ਆਰ ਸੀਜ਼,ਸੈਂਟਰ ਹੈੱਡ ਟੀਚਰਾਂ,ਸਕੂਲ ਮੁੱਖੀਆਂ ਤੇ ਸਮੂਹ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly