ਰਾਸ਼ਟਰ ਦਾ ਗੌਰਵ : ਭਾਖੜਾ ਡੈਮ

ਮਾਸਟਰ ਸੰਜੀਵ ਧਰਮਾਣੀ .

(ਸਮਾਜ ਵੀਕਲੀ)

ਪਿਆਰੇ ਬੱਚਿਓ ! ਭਾਖੜਾ ਡੈਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਭਾਖੜਾ ਨਾਂ ਦੇ ਪਿੰਡ ਵਿਖੇ ਸਥਿਤ ਦੁਨੀਆਂ ਦਾ ਮਹਾਨ ਡੈਮ ਹੈ। ਜਦੋਂ 22 ਅਕਤੂਬਰ 1963 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਖੜਾ ਬੰਨ੍ਹ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਤਾਂ ਇਹ ਰਾਸ਼ਟਰ ਦਾ ਗੌਰਵ ਬਣ ਗਿਆ। ਬੱਚਿਓ ! ਭਾਖੜਾ ਬੰਨ੍ਹ ਦੇ ਬਣਨ ਨਾਲ ਸਾਡੇ ਦੇਸ਼ ਵਿੱਚ ਹਰੀ ਕ੍ਰਾਂਤੀ ਆਈ , ਦੂਰ – ਦੁਰਾਡੇ ਤੱਕ ਖੇਤੀਬਾੜੀ ਅਤੇ ਪੀਣ ਲਈ ਪਾਣੀ ਉਪਲੱਭਧ ਹੋਇਆ , ਬਿਜਲੀ ਦੀ ਪ੍ਰਾਪਤੀ ਹੋਈ ਅਤੇ ਰੁਜ਼ਗਾਰ ਦੇ ਅਨੇਕਾਂ ਸਾਧਨ ਵੀ ਬਣੇ। ਭਾਖੜਾ ਬੰਨ੍ਹ ਦੇ ਮੱਛੀ ਕਾਰੋਬਾਰ ਨਾਲ ਵੀ ਲੋਕਾਂ ਨੂੰ ਬਹੁਤ ਵੱਡਾ ਰੁਜ਼ਗਾਰ ਮਿਲਿਆ।

ਬੱਚਿਓ ! ਭਾਖੜਾ ਬੰਨ੍ਹ ਕੁਤਬ ਮੀਨਾਰ ਤੋਂ ਤਿੰਨ ਗੁਣਾ ਉੱਚਾ ਹੈ। ਪੰਜਾਬ , ਹਰਿਆਣਾ , ਪੱਛਮੀ ਰਾਜਸਥਾਨ , ਚੰਡੀਗੜ੍ਹ , ਦਿੱਲੀ ਆਦਿ ਥਾਵਾਂ ਲਈ ਪੀਣ ਵਾਲੇ ਪਾਣੀ ਦੀ ਪੂਰਤੀ ਭਾਖੜਾ ਬੰਨ੍ਹ ਤੋਂ ਹੀ ਹੁੰਦੀ ਹੈ। ਭਾਖੜਾ ਬੰਨ੍ਹ ਨੂੰ ਸਤਲੁਜ ਦਰਿਆ ਦੇ ਉੱਤੇ ਬਣਾਇਆ ਗਿਆ ਹੈ। ਇਸ ਦੇ ਪਿੱਛੇ ਬਣੀ ਝੀਲ ਦਾ ਨਾਮ ” ਗੋਬਿੰਦ ਸਾਗਰ ਝੀਲ ” ਹੈ। ਇਸ ਝੀਲ ਦਾ ਨਾਂ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਸ ਝੀਲ ਵਿੱਚ ਮਾਨਸਰੋਵਰ ਝੀਲ , ਬਰਫ਼ ਤੋਂ ਪਿਘਲਿਆ ਹੋਇਆ ਪਾਣੀ ਅਤੇ ਵਰਖਾ ਦੇ ਪਾਣੀ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ਵਿੱਚ 50 – 60 ਪ੍ਰਤੀਸ਼ਤ ਪਾਣੀ ਬਰਫ਼ ਪਿਘਲਣ ਨਾਲ ਹੀ ਇਕੱਠਾ ਹੁੰਦਾ ਹੈ।

ਭਾਖੜਾ ਡੈਮ ਦੇ 1680 ਫੁੱਟ ਤੱਕ ਪਾਣੀ ਦਾ ਪੱਧਰ ਹੋ ਜਾਣ ‘ਤੇ ਇਹ ਡੈਮ ਦੋ ਇੰਚ ਝੁਕ ਜਾਂਦਾ ਹੈ ਤੇ ਇਸ ਪੱਧਰ ਤੱਕ ਹੋ ਜਾਣ ‘ਤੇ ਗੋਬਿੰਦ ਸਾਗਰ ਝੀਲ ਵਿੱਚ ਲਗਭੱਗ 93400 ਲੱਖ ਘਣ ਮੀਟਰ ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ। ਬੱਚਿਓ ! ਭਾਖੜਾ ਡੈਮ ਨੂੰ ” ਆਧੁਨਿਕ ਭਾਰਤ ਦਾ ਮੰਦਿਰ ” ਵੀ ਕਿਹਾ ਜਾਂਦਾ ਹੈ। 22 ਅਕਤੂਬਰ ਨੂੰ ਇਸ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਬੱਚਿਓ ! ਭਾਖੜਾ ਡੈਮ ਦੇ ਬਣਨ ਦੀ ਕਹਾਣੀ ਵੀ ਬੜੀ ਅਜੀਬੋ – ਗ਼ਰੀਬ ਹੈ। ਗੱਲ ਸੰਨ 1948 ਦੀ ਹੈ , ਜਦੋਂ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਲੁਇਸ ਡੈਨ ਸਤਲੁਜ ਦਰਿਆ ਦੇ ਕਿਨਾਰੇ ਘੁੰਮ ਰਹੇ ਸਨ ਤਾਂ ਉਨ੍ਹਾਂ ਨੇ ਦਰਿਆ ਦੇ ਇੱਕ ਤੰਗ ਸਥਾਨ ਤੋਂ ਇੱਕ ਚੀਤੇ ਨੂੰ ਛਲਾਂਗ ਲਗਾਉਂਦੇ ਦੇਖਿਆ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਇਸ ਥਾਂ ‘ਤੇ ਬੰਨ੍ਹ / ਡੈਮ ਬਣਾਉਣ ਦਾ ਵਿਚਾਰ ਆਇਆ ਤੇ ਕਈ ਹੋਰ ਖਿਆਲ ਵੀ ਉਹਨਾਂ ਦੇ ਮਨ ਵਿੱਚ ਆਏ।

ਭਾਖੜਾ ਬੰਨ੍ਹ ਦਾ ਨਿਰਮਾਣ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ ਚਾਲੀ ਸਾਲ ਤੱਕ ਤਾਂ ਇਸ ਡੈਮ ਨੂੰ ਬਣਾਉਣ ਦੇ ਬਾਰੇ ਵਿੱਚ ਅਧਿਐਨ ਚਲਦਾ ਰਿਹਾ। ਫਿਰ ਸੰਨ 1948 ਵਿੱਚ ਇਸ ਡੈਮ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ। ਇਸ ਡੈਮ ਨੂੰ ਬਣਾਉਣ ਲਈ ਲਗਭਗ ਚੌਦਾਂ ਸਾਲ ਦਾ ਸਮਾਂ ਲੱਗਿਆ। ਬੱਚਿਓ ! ਭਾਖੜਾ ਡੈਮ ਦਾ ਨਾਂ ” ਭਾਖੜਾ ” ਨਾਮ ਦੇ ਪਿੰਡ ਦੇ ਨਾਂ ‘ਤੇ ਪਿਆ ਹੈ। ਭਾਖੜਾ ਡੈਮ ਨੂੰ ਬਣਾਉਣ ਲਈ ਰੂਸ ਅਤੇ ਜਾਪਾਨ ਦੇਸ਼ਾਂ ਦੀ ਮਸ਼ੀਨਰੀ ਦਾ ਵੀ ਪ੍ਰਯੋਗ ਕੀਤਾ ਗਿਆ। ਭਾਖੜਾ ਡੈਮ ਦੇ ਨਿਰਮਾਣ ਸਮੇਂ ਸਖ਼ਤ ਪਹਾੜਾਂ ਨੂੰ ਤੋੜਨ ਲਈ ਵਿਸਫੋਟਕ ਸਮੱਗਰੀ ਦੀ ਵਰਤੋਂ ਵੀ ਕਰਨੀ ਪਈ। ਇਸ ਡੈਮ ਦੀ ਕਿਸਮ ਗੁਰੂਤਾਕਰਸ਼ਣ ‘ਤੇ ਆਧਾਰਿਤ ਹੈ। ਇਸ ਡੈਮ ਦੀ ਉਚਾਈ 226 ਮੀਟਰ ਹੈ। ਇਸ ਦੀ ਦੀਵਾਰ 520 ਮੀਟਰ ਲੰਬੀ ਹੈ ਤੇ ਦੀਵਾਰ ਦੀ ਮੋਟਾਈ 9.1 ਮੀਟਰ ਹੈ। ਕਥਿਤ ਤੌਰ ‘ਤੇ ਭਾਖੜਾ ਬੰਨ੍ਹ ਬਣਾਉਣ ਲਈ ਇਸ ‘ਤੇ ਲਗਭਗ 284 ਕਰੋਡ਼ ਰੁਪਏ ਦਾ ਖਰਚਾ ਆਇਆ।

ਇਹ ਵੀ ਦੱਸਣਯੋਗ ਹੈ ਕਿ ਭਾਖੜਾ ਬੰਨ੍ਹ ਬਣਾਉਣ ਲਈ ਜਿੰਨੀ ਕੰਕਰੀਟ ਦੀ ਵਰਤੋਂ ਹੋਈ , ਉਸ ਦੇ ਨਾਲ ਸਮੁੱਚੇ ਸੰਸਾਰ ਦੀਆਂ ਸਾਰੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਭਾਖੜਾ ਡੈਮ ਦੇ ਨਿਰਮਾਣ ਦੇ ਵਿੱਚ ਉਪਯੋਗ ਕੀਤੀ ਗਈ ਕੰਕਰੀਟ ਦੀ ਮਾਤਰਾ ਨਾਲ ਧਰਤੀ ਦੀ ਭੂ – ਮੱਧ ਰੇਖਾ ‘ਤੇ 2.44 ਮੀਟਰ ਚੌੜੀ ਸੜਕ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਹ ਗੱਲ ਭਾਖੜਾ ਬੰਨ੍ਹ ਦੀ ਸਖ਼ਤ ਮਜ਼ਬੂਤੀ ਨੂੰ ਦਰਸਾਉਂਦੀ ਹੈ। ਬੱਚਿਓ ! ਭਾਖੜਾ ਡੈਮ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੈ। ਜਿਸ ਸਮੇਂ ਭਾਖੜਾ ਬੰਨ੍ਹ ਦਾ ਨਿਰਮਾਣ ਪੂਰਾ ਹੋਇਆ ਸੀ , ਉਸ ਸਮੇਂ ਇਹ ਏਸ਼ੀਆ ਮਹਾਂਦੀਪ ਦਾ ਸਭ ਤੋਂ ਉੱਚਾ ਬੰਨ੍ਹ ਸੀ।

ਬੱਚਿਓ ! ਹੁਣ ਭਾਰਤ ਦਾ ਸਭ ਤੋਂ ਉੱਚਾ ਡੈਮ ਟੀਹਰੀ ਡੈਮ ਹੈ ਜੋ ਕਿ ਭਾਗੀਰਥੀ ਨਦੀ ‘ਤੇ ਬਣਾਇਆ ਗਿਆ ਹੈ। ਉਸ ਦੀ ਉਚਾਈ 261 ਮੀਟਰ ਹੈ। ਸੰਨ 1970 ਤੋਂ ਪੂਰਨ ਤੌਰ ‘ਤੇ ਭਾਖੜਾ ਡੈਮ ਦਾ ਸਦਉਪਯੋਗ ਸ਼ੁਰੂ ਹੋ ਗਿਆ। ਬੱਚਿਓ ! ਭਾਖੜਾ ਡੈਮ ਵਿਖੇ ਲਗਭਗ 1500 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਜੀ ਨੂੰ ਭਾਖੜਾ ਡੈਮ ਨਾਲ ਇੰਨਾ ਲਗਾਓ ਸੀ ਕਿ ਉਹ ਇਸ ਡੈਮ ਦੇ ਬਣਨ ਸਮੇਂ ਤੋਂ ਲੈ ਕੇ ਪੂਰਾ ਹੋਣ ਤੱਕ ਦੇ ਸਮੇਂ ਤੱਕ ਤੇਰਾਂ ਵਾਰ ਇੱਥੇ ਆਏ। ਇਸ ਡੈਮ ‘ਤੇ ਨਿਰਮਾਣ ਸਮੇਂ ਦਿਨ – ਰਾਤ ਕੰਮ ਚੱਲਦਾ ਰਿਹਾ। ਦੱਸਿਆ ਜਾਂਦਾ ਹੈ ਇਸ ਡੈਮ ਦੇ ਨਿਰਮਾਣ ਵਿੱਚ ਇੱਕ ਲੱਖ ਟਨ ਸਰੀਆ ਅਤੇ ਇੰਨਾ ਹੀ ਸੀਮਿੰਟ ਅਤੇ ਅੇੈਨੀ ਮਾਤਰਾ ਵਿੱਚ ਹੀ ਕੰਕਰੀਟ ਵਰਤਿਆ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਡੈਮ ਦੀ ਨੀਂਹ ਪੁੱਟਣ ਅਤੇ ਬਣਾਉਣ ਲਈ ਲਗਭਗ ਚਾਰ ਸਾਲ ਦਾ ਸਮਾਂ ਲੱਗਿਆ।

ਪਿਆਰੇ ਬੱਚਿਓ ! ਇਹ ਬੰਨ੍ਹ ਸਮੁੰਦਰ ਤਲ ਤੋਂ 518.16 ਮੀਟਰ ਉਚਾਈ ‘ਤੇ ਸਥਿਤ ਹੈ। ਬੱਚਿਓ ! ਲੱਖਾਂ ਹੀ ਸੈਲਾਨੀ ਭਾਖੜਾ ਬੰਨ੍ਹ ਨੂੰ ਦੇਖਣ ਲਈ ਆਉਂਦੇ ਹਨ ਤੇ ਇਹ ਡੈਮ ਮੱਛੀ ਉਤਪਾਦਨ ਦਾ ਵੀ ਬਹੁਤ ਵੱਡਾ ਸਰੋਤ ਹੈ। ਬੱਚਿਓ ! ਇਸੇ ਸਥਾਨ ‘ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਜੀ ਅਤੇ ਚੀਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਚਾਊ – ਇਨ – ਲਾਈ ਦੇ ਵਿੱਚਕਾਰ ਇਤਿਹਾਸਕ ਪੰਚਸ਼ੀਲ ਦਾ ਸਮਝੌਤਾ ਹੋਇਆ ਸੀ ਅਤੇ ਭਾਰਤ ਤੇ ਚੀਨ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦੀ ਬੁਨਿਆਦ ਰੱਖੀ ਗਈ ਸੀ।ਇਹ ਵੀ ਦੱਸਣਯੋਗ ਹੈ ਕਿ ਇਸ ਡੈਮ ਦੇ ਬਣਨ ਨਾਲ ਲਗਭਗ ਤਿੱਨ ਸੌ ਇਕਹੱਤਰ ਪਿੰਡ ਜੋ ਕਿ ਗੋਬਿੰਦ ਸਾਗਰ ਝੀਲ ਵਾਲੀ ਥਾਂ ‘ਤੇ ਸਥਿਤ ਸਨ , ਉਨ੍ਹਾਂ ਨੂੰ ਵੀ ਉਜਾੜੇ ਦਾ ਸਾਹਮਣਾ ਕਰਨਾ ਪਿਆ।

ਬੱਚਿਓ ! ਭਾਖੜਾ ਡੈਮ ਦੇ ਨਿਰਮਾਣ ਸਮੇਂ ਕੰਮਕਾਜ ਕਰਦੇ ਹੋਏ ਕਾਫੀ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਨ੍ਹਾਂ ਮਿਹਨਤੀ ਲੋਕਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਭਾਖੜਾ ਡੈਮ ਦੇ ਸਥਾਪਨਾ ਦਿਵਸ 22 ਅਕਤੂਬਰ ਦੇ ਮੌਕੇ ਇਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੀ ਆਪਣੇ ਪਿਤਾ ਜੀ ਨਾਲ ਕਈ ਵਾਰ ਇਸ ਡੈਮ ਦੇ ਨਿਰਮਾਣ ਸਮੇਂ ਇੱਥੇ ਆਏ।

ਬੱਚਿਓ ! ਭਾਖੜਾ ਡੈਮ ਦੇ ਨਿਰਮਾਣ ਦਾ ਸਮੁੱਚਾ ਕਾਰਜ ਅਮਰੀਕਾ ਦੇ ਨਿਵਾਸੀ ਐਮ. ਐਚ. ਸਲੋਕਮ ਇੰਜਨੀਅਰ ਦੀ ਸੁਚੱਜੀ ਦੇਖ – ਰੇਖ ਅਧੀਨ ਹੋਇਆ। ਦੱਸਿਆ ਜਾਂਦਾ ਹੈ ਕਿ ਭਾਖੜਾ ਡੈਮ ਦੇ ਨਿਰਮਾਣ ਨਾਲ ਪ੍ਰਾਪਤ ਹੋਈ ਬਿਜਲੀ ਤੋਂ ਲਗਪਗ ਤੇਰਾਂ ਹਜ਼ਾਰ ਪਿੰਡ ਅਤੇ ਇੱਕ ਸੌ ਤੀਹ ਸ਼ਹਿਰਾਂ ਨੂੰ ਰੌਸ਼ਨੀ ਪ੍ਰਾਪਤ ਹੋਈ। ਭਾਖੜਾ ਡੈਮ ਦਾ ਇੱਕ ਹੋਰ ਆਕਰਸ਼ਕ ” ਭਾਖੜਾ ਬਿਆਸ ਮੈਨੇਜਮੈਂਟ ਬੋਰਡ ” ( ਬੀ.ਬੀ.ਐਮ.ਬੀ.) ਦੇ ਰੱਖ – ਰਖਾਅ ਅਧੀਨ ਨੰਗਲ ਡੈਮ ਤੋਂ ਭਾਖੜਾ ਡੈਮ ਤੱਕ ਲਗਭਗ ਸੱਤਰ ਸਾਲ ਤੋਂ ਚੱਲਦੀ ਆ ਰਹੀ ਰੇਲ ਗੱਡੀ ਹੈ। ਇਸ ਰੇਲ ਗੱਡੀ ਵਿੱਚ ਆਉਣ – ਜਾਣ ਲਈ ਨਾ ਕੋਈ ਟਿਕਟ ਲੈਣ ਦੀ ਜ਼ਰੂਰਤ ਪੈਂਦੀ ਹੈ , ਨਾ ਹੀ ਕੋਈ ਟਿਕਟ ਚੈੱਕਰ ਹੁੰਦਾ ਹੈ ਅਤੇ ਨਾ ਹੀ ਬਹੁਤੀ ਭੀੜ ਹੁੰਦੀ ਹੈ।

ਇਸ ਵਿੱਚ ਡੈਮ ਦੇ ਕਰਮਚਾਰੀ , ਨਜ਼ਦੀਕੀ ਪਿੰਡਾਂ ਦੇ ਲੋਕ ਅਤੇ ਵਿਦਿਆਰਥੀ ਆਦਿ ਮੁਫ਼ਤ ਆਉਣ – ਜਾਣ ਦਾ ਸਫ਼ਰ ਕਰਦੇ ਹਨ। ਇਸ ਟ੍ਰੇਨ ਵਿੱਚ ਔਰਤਾਂ ਅਤੇ ਭਗਤਾਂ ਲਈ ਇੱਕ – ਇੱਕ ਅਲੱਗ – ਅਲੱਗ ਡੱਬਾ ਹੈ। ਇਹ ਰੇਲਗੱਡੀ ਪੂਰੀ ਦੁਨੀਆਂ ਵਿੱਚ ਇੱਕ ਵਿਸ਼ੇਸ਼ ਰੇਲਗੱਡੀ ਵਜੋਂ ਆਪਣੀ ਪਹਿਚਾਣ ਰੱਖਦੀ ਹੈ।ਪਿਆਰੇ ਬੱਚਿਓ ! ਜ਼ਿੰਦਗੀ ਵਿੱਚ ਜਦੋਂ ਵੀ ਤੁਹਾਨੂੰ ਭਾਖੜਾ ਡੈਮ ਦੇਖਣ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਇਸ ਖੇਤਰ ਦੇ ਨਜ਼ਦੀਕ ਹੋਰ ਦੇਖਣਯੋਗ ਸਥਾਨਾਂ ਜਿਵੇਂ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਲਈ ਜਾਣੇ ਜਾਂਦੇ ਗੁਰਦੁਆਰਾ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਅਤੇ ਵਿਰਾਸਤ – ਏ – ਖਾਲਸਾ , ਗੰਗੂਵਾਲ ਪਾਵਰ ਹਾਊਸ , ਨੰਗਲ ਡੈਮ , ਗੁਰਦੁਆਰਾ ਬਿਭੌਰ ਸਾਹਿਬ , ਮਾਤਾ ਨੈਣਾ ਦੇਵੀ ਜੀ , ਪੀਰ ਨਿਗਾਹੇ ਵਾਲਾ , ਬਾਬਾ ਗਰੀਬ ਦਾਸ ਜੀ ( ਰਾਏਪੁਰ ਮੈਦਾਨ ਵੱਲ ) , ਸ਼ਾਹਤਲਾਈ ਵਿਖੇ ਬਾਬਾ ਬਾਲਕ ਨਾਥ ਜੀ ਦਿਓਟਸਿੱਧ ਮੰਦਿਰ ਆਦਿ ਧਾਰਮਿਕ , ਇਤਿਹਾਸਕ ਤੇ ਪਵਿੱਤਰ ਸਥਾਨਾਂ ਦੀ ਯਾਤਰਾ ਜ਼ਰੂਰ ਕਰਨਾ।

ਇਸ ਤਰ੍ਹਾਂ ਪਿਆਰੇ ਬੱਚਿਓ ! ਭਾਖੜਾ ਡੈਮ ਭਾਰਤ ਦੀ ਪ੍ਰਗਤੀ ਦਾ ਪ੍ਰਤੀਕ ਹੈ। ਇਹ ਡੈਮ ਦੇਸ਼ ਦੀ ਸਮ੍ਰਿੱਧੀ ਵਿੱਚ ਮੀਲ ਪੱਥਰ ਸਾਬਿਤ ਹੋਇਆ। ਇਸ ਨੂੰ ਉੱਤਰ ਭਾਰਤ ਦੀ ਸਮ੍ਰਿੱਧੀ ਦਾ ਪਹਾੜ ਵੀ ਕਿਹਾ ਜਾਂਦਾ ਹੈ।

ਲੇਖਕ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਇਲੀਟ ਨੇ ਲਗਾਇਆ ਨੱਕ, ਕੰਨ ਤੇ ਗਲੇ ਦਾ ਮੁਫ਼ਤ ਚੈੱਕਅਪ ਕੈਂਪ
Next articleਲਖੀਮਪੁਰ ਖੀਰੀ ਘਟਨਾ: ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ ਵਿਚ ਕਿਸਾਨਾਂ ਨੇ ਰੇਲਾਂ ਰੋਕੀਆਂ