(ਸਮਾਜ ਵੀਕਲੀ)
*” ਬੋਲੀ ਦੇ ਵਿੱਚ ਗੀਤ ਜਿਉਂਦੇ, ਬੋਲੀ ਵਿੱਚ ਦੁਆਵਾਂ,
ਬੋਲੀ ਦੇ ਨਾਲ ਬੋਲ ਮਹਿਕਦੇ, ਬੋਲੀ ਸੰਗ ਫਿਜ਼ਾਵਾਂ,
ਕੁਲ ਆਲਮ ਦੀ ਬੋਲੀ ਜੀਵੇ, ਕੁਲ ਆਲਮ ਦੀਆਂ ਮਾਵਾਂ”!*
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆਂ ਭਰ ਵਿੱਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਨੂੰ ਮਨਾਉਣ ਦਾ ਉਦੇਸ਼ ਦੁਨੀਆ ਭਰ ਦੇ ਲੋਕਾਂ ਵਿੱਚ ਵੱਖ-ਵੱਖ ਮਾਤ ਭਾਸ਼ਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਵਿੱਚ ਆਪਣੀ ਭਾਸ਼ਾ ਅਤੇ ਸੱਭਿਆਚਾਰ ਬਾਰੇ ਰੁਝਾਨ ਪੈਦਾ ਕਰਨਾ ਹੈ। 17 ਨਵੰਬਰ 1999 ਵਿੱਚ ਯੂਨੈਸਕੋ ਨੇ ਮਾਂ ਬੋਲੀ ਦਿਵਸ ਮਨਾਉਣ ਦਾ ਐਲਾਨ ਕੀਤਾ। 21 ਫਰਵਰੀ 2000 ਵਿੱਚ ਪਹਿਲੀ ਵਾਰ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਗਿਆ।
ਪੰਜਾਬੀ ਬੋਲੀ ਦੇ ਫਲਸਫ਼ੇ ਦਾ ਪੈਂਡਾ ਬਹੁਤ ਲੰਮੇਰਾ ਹੈ। ਇਹ ਉਸ ਖੁੱਲੀ ਕਿਤਾਬ ਵਰਗਾ ਹੈ,ਜਿਸ ਵਿੱਚ ਕਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਾਰਿਸ ਸ਼ਾਹ ਦੀ ਹੀਰ ਉਪਜੀ ਹੈ। ਅੱਜ ਸਾਡੇ ਪੰਜਾਬ ਦਾ ਅਮੀਰ ਸੱਭਿਆਚਾਰ ਤੇ ਅਮੁਕ ਅੰਮ੍ਰਿਤ ਬਖਸ਼ਣ ਵਾਲੀ ਇਸ ਪੰਜਾਬੀ ਮਾਂ-ਬੋਲੀ ਨੂੰ ਜੇਕਰ ਪਰਖ ਦੀ ਕਸਵੱਟੀ ਉੱਪਰ ਪਰਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਅਸੀਂ ਸੱਭਿਆਚਾਰਕ ਪੱਖੋਂ ਪੂਰੀ ਤਰ੍ਹਾ ਪੱਛੜ ਚੁੱਕੇ ਹਾਂ। ਅੱਜ ਸਾਡੀ ਹਾਲਤ ਉਸ ਕੁਰਾਹੇ ਪਏ ਰਾਹੀ ਵਾਂਗ ਹੈ ਜੋ ਆਪਣੀ ਮੰਜ਼ਿਲ ਤੋਂ ਭਟਕਿਆ ਹੋਇਆ ਹੈ। ਅੱਜ ਆਧੁਨਿਕਤਾ ਦੇ ਨਾਮ ਤੇ ਸਾਡਾ ਅਮੀਰ ਵਿਰਸਾ ਤੇ ਬੋਲੀ ਦੂਜੀਆਂ ਭਾਸ਼ਾਵਾਂ ਦੀ ਲਪੇਟ ਵਿੱਚ ਆ ਰਹੀ ਹੈ। ਅਸੀਂ ਆਪਣੀ ਮਾਂ-ਬੋਲੀ ਨੂੰ ਭੁੱਲ ਕੇ ਮਤਰੇਈ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।ਜੇ ਅਸੀਂ ਖੁਦ ਇਸਨੂੰ ਇਸ ਦਾ ਬਣਦਾ ਹੱਕ ਨਹੀਂ ਦੇਵਾਂਗੇ ਤਾਂ ਕੋਈ ਬਾਹਰੀ ਪ੍ਰਾਂਤ ਵਾਲਾ ਕਿਉਂ ਇਸ ਨੂੰ ਇਸ ਦਾ ਬਣਦਾ ਹੱਕ ਦੇਵੇਗਾ ਅਤੇ ਕਿਉਂ ਇਸ ਦੀ ਕਦਰ ਕਰੇਗਾ।
*”ਮਾਂ-ਬੋਲੀ ਦੀ ਘਰ ਵਿੱਚ ਇੱਜ਼ਤ ਕਮੀ ਜਿੰਨੀ ਦੇਖ ਰਹੀ,
ਦੇਸ਼ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ”*
ਅੱਜ ਦੁਨੀਆਂ ਵਿੱਚ ਲਗਭਗ 7 ਹਜ਼ਾਰ ਭਾਸ਼ਾਵਾਂ ਹਨ ਅਤੇ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਪੰਜਾਬੀ ਨੂੰ ਦਸਵਾਂ ਸਥਾਨ ਪ੍ਰਾਪਤ ਹੈ। ਇੰਗਲੈਂਡ ਤੇ ਕਨੇਡਾ ਵਿੱਚ ਪੰਜਾਬੀ ਨੂੰ ਤੀਸਰਾ ਸਥਾਨ ਅਤੇ ਆਸਟਰੇਲੀਆ ਵਰਗੇ ਦੇਸ਼ ਵਿੱਚ ਦੂਸਰਾ ਸਥਾਨ ਪ੍ਰਾਪਤ ਹੈ।ਸਾਨੂੰ ਪੰਜਾਬ ਵਿੱਚ ਰਹਿੰਦੇ ਹੋਏ ਪੰਜਾਬੀ ਬੋਲਣ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ।
ਅੰਤ ਵਿੱਚ ਇਸ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਮੈਂ ਆਪ ਜੀ ਇੱਕੋ ਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ
“ਚਲੋ ਪੰਜਾਬੀਓ ਰਲ ਕੇ ਮਾਂ-ਬੋਲੀ ਦੀ ਸੇਵਾ ਕਰੀਏ,
ਹੋਰ ਭਾਸ਼ਾਵਾਂ ਦੇ ਨਾਲ-ਨਾਲ
ਇੱਕ ਕਵਿਤਾ ਮਾਂ ਬੋਲੀ ਦੇ ਨਾਮ ਵੀ ਕਰੀਏ,
ਸਾਰਾ ਹਜੂਮ ਇਕੱਠਾ ਕਰ ਕੇ,
ਆਪਾਂ ਕਦੇ ਵੀ ਕਿਸੇ ਤੋਂ ਨਾ ਹਰੀਏ,
ਚਲੋ ਪੰਜਾਬੀਓ ਰਲ-ਮਿਲ ਕੇ ਮਾਂ-ਬੋਲੀ ਦੀ ਸੇਵਾ ਕਰੀਏ।”
“ਨੀਲਮ” ਸੰਪਰਕ-9779788365
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly