ਭਾਅ ਤੇ ਬੰਦੇ

(ਸਮਾਜ ਵੀਕਲੀ)

ਕੁਲਦੀਪ ਚੁੱਲ੍ਹੇ ਅੱਗੇ ਬੈਠੀ ਰਾਤ ਦੀ ਰੋਟੀ ਦੀ ਤਿਆਰੀ ਕਰ ਰਹੀ ਸੀ ਤੇ ਸੁਰਜੀਤ ਹਰ ਰੋਜ ਦੀ ਤਰ੍ਹਾ ਆਪਣੇ ਮੰਜੇ ਦੇ ਪਾਵੇਂ ਦੇ ਨਾਲ ਰੇਡਿਓ ਬੰਨ ਕੇ ਸ਼ਾਮ ਦਾ ਪ੍ਰੋਗਰਾਮ ਸੁਣ ਰਿਹਾ ਸੀ। ਭਾਵੇ ਸੁਰਜੀਤ ਦੇ ਮੁੰਡੇ ਨੂੰ ਵਲੈਤ ਗਏ ਨੂੰ ਕਈ ਸਾਲ ਹੋ ਗਏ ਸਨ ਪਰ ਸੁਰਜੀਤ ਦੇ ਰਹਿਣ ਸਹਿਣ ਵਿੱਚ ਕੋਈ ਤਬਦੀਲੀ ਨਹੀਂ ਸੀ ਆਇਆ। ਗਵਾਂਢੀਆਂ ਦਾ ਗੁਰਤੇਜ ਅਕਸਰ ਕਹਿੰਦਾ ਰਹਿੰਦਾ, “ਉਏ ਤਾਇਆ ਹੁਣ ਇਹ ਰੇਡੀਓ ਦਾ ਜਮਾਨਾ ਗਿਆ ਹੁਣ ਤਾ ਟੀ.ਵੀ. ਲੈ ਹੀ ਆ”। ਪਰ ਸੁਰਜੀਤਹਰ ਵਾਰ ਕਹਿੰਦਾ ਕਿ ਜੋ ਮਜਾ ਇਸ ਰੇਡੀਓ ਉੱਪਰ ਹੈ ਉਹ ਅੱਜ ਕੱਲ ਦੇ ਟੈਲੀਵੀਜਨਾਂ ਵਿੱਚ ਕਿੱਥੇ।

ਸੁਰਜੀਤ ਦੇ ਮੁੰਡੇ ਨੂੰ ਵਲੈਤ ਗਏ 15 ਸਾਲ ਹੋ ਗਏ ਸਨ। ਕੱਲੇ ਮੰਡੇ ਦੀ ਪੜ੍ਹਾਈ ਦੇ ਉੱਪਰ ਉਸਨੇ ਆਪਣੀ ਸਾਰੀ ਉਮਰ ਦੀ ਜਮ੍ਹਾਂ ਪੁੰਜੀ ਲਗਾ ਦਿੱਤੀ ਸੀ। ਜਮੀਨ ਵੀ ਹੁਣ ਥੋੜੀ ਕੁ ਹੀ ਬਚੀ ਹੇਈ ਸੀ। ਪਹਿਲਾ ਪਹਿਲ ਸੁਰਜੀਤ ਦਾ ਪੁੱਤਰ ਹਰ ਰੋਜ ਵਾਂਗੂ ਫੋਨ ਕਰਿਆ ਕਰਦਾ ਹੁੰਦਾ ਸੀ ਪਰ ਜਦੋ ਦਾ ਉਸਨੇ ਉੱਧਰ ਵਿਆਹ ਕਰਵਿਆਸੀ ਹੁਣ ਉਸਦੇ ਫੋਨ ਆਉਣੇ ਘੱਟ ਹੋ ਗਏ ਸਨ। ਪਰ ਹਰ ਮਹੀਨੇ ਖਰਚਾ ਭੇਜ ਦੇਆ ਕਰਦਾ ਸੀ।

“ਕੁਲਜੀਤ”, ਜਿਸ ਦਾ ਨਾਮ ਕੁਲਦੀਪ ਅਤੇ ਸੁਰਜੀਤ ਨੇ ਆਪਣੇ ਨਾਮ ਦੇ ਅੱਧੇ ਅੱਧੇ ਅੱਖਰਾਂ ਨੂੰ ਜੋੜ ਕੇ ਰੱਖਿਆ ਸੀ ਹੁਣ ਕਾਫੀ ਬੜਾ ਹੋ ਗਿਆ ਸੀ। ਜਿਸਨੇ ਉੱਧਰ ਆਪਣੀ ਪਸੰਦ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਸ ਕੋਲ ਹੁਣ ਇੱਕ 5 ਕੁ ਸਾਲ ਦਾ ਪੁੱਤਰ ਵੀ ਸੀ। ਜਦੋ ਕੁਲਦੀਪ ਨੂੰ ਪਤਾ ਲੱਗਾ ਸੀ ਕਿ ਉਹ ਦਾਦੀ ਬਣਨ ਵਾਲੀ ਹੈ ਤਾਂ ਪੂਰੇ ਪਿੰਡ ਵਿੱਚ ਉਸਨੇ ਲੱਡੂ ਵੰਡੇ ਸਨ ਅਤੇ ਪਿੰਡ ਵਿੱਚ ਆਉਂਦੇ ਹਰ ਫੇਰੀ ਵਾਲੇ ਤੋ ਕੁਝ ਨਾ ਕੁਝ ਆਪਣੇ ਪੋਤੇ ਲਈ ਖਿਡੋਣੇ ਜੋੜ ਲਏ ਸਨ। ਪਰੰਤੂ ਕੁਲਜੀਤ ਕਦੇ ਵਾਪਸ ਹੀ ਨਹੀਂ ਆਇਆ। ਜਿਸ ਕਾਰਨ ਖਿਡੋਣੇ ਇੰਜ ਹੀ ਕੁਲਦੀਪ ਦੀ ਪੇਟੀ ਦਾ ਹਿੱਸਾ ਬਣ ਕੇ ਰਹਿ ਗਏ।

ਫੋਨ ਦੀ ਘੰਟੀ ਵੱਜੀ ਤਾਂ ਕੁਲਦੀਪ ਦੇ ਦਿਲ ਦੀ ਧੜਕਨ ਤੇਜ ਹੋ ਗਈ ਅਤੇ ਉਸਨੇ ਭੱਜ ਕੇ ਫੋਨ ਚੱਕਿਆ। ਫੋਨ ਦੇ ਦੂਜੇ ਪਾਸੇ ਕੁਲਜੀਤ ਸੀ। ਕੁਲਜੀਤ ਦੀ ਸਤ ਸ੍ਰੀ ਅਕਾਲ ਨੇ ਕੁਲਦੀਪ ਦੇ ਸੀਨਾ ਠਾਰ ਦਿੱਤਾ ਸੀ। ਕੁਲਦੀਪ ਦੀ ਸਤ ਸ੍ਰੀ ਅਕਾਲ ਦਾ ਜਵਾਬ ਕੁਲਦੀਪ ਨੇ ਅਣ-ਗਿਣਤ ਅਸ਼ੀਸ਼ਾਂ ਨਾਲ ਦਿੱਤਾ। ਹਾਲ ਚਾਲ ਪੁੱਛਣ ਦੇ ਮਗਰੋ ਕੁਲਦੀਪ ਨੇ ਵਾਪਸ ਪਰਤਣ ਦਾ ਪੁੱਛਿਆ ਤਾਂ ਕੁਲਜੀਤ ਨੇ ਕਿਹਾ ਕਿ ਹੁਣ ਇਹ ਵਲੈਤ ਹੀ ਮੇਰਾ ਘਰ ਹੈ। ਹੁਣ ਮੈ ਵਾਪਸ ਨਹੀਂ ਆਵਾਗਾਂ। ਕੁਲਦੀਪ ਦੇ ਸੀਨੇ ਵਿੱਚੋਂ ਜਿਵੇ ਜਾਨ ਹੀ ਨਿਕਲ ਗਈ ਹੋਵੇ। ਕੁਲਦੀਪ ਨੇ ਤਰਲੇ ਪਾਏ ਪਰੰਤੂ ਕੁਲਜੀਤ ਨੇ ਕਿਹਾ ਕਿ ਤੁਸੀ ਮੈਨੂੰ 18 ਸਾਲ ਪਾਲਿਆ ਪੋਸਿਆ ਹੁਣ ਤੁਹਾਡਾ ਕੰਮ ਖਤਮ ਹੋ ਗਿਆ। ਹੁਣ ਮੈਂ ਆਪ ਆਪਣੇ ਹਿੱਸੇ ਦੀ ਜਿੰਦਗੀ ਜਿਉਣਾ ਚਾਹੁੰਦਾ ਹਾਂ। ਕੁਲਦੀਪ ਨੇ ਕਿਹਾ ਕਿ ਤੈਨੂੰ ਸਾਡੀ ਲੋੜ ਸੀ ਤੇਰੇ ਪਹਿਲੇ 18 ਸਾਲ ਅਤੇ ਅਸੀ ਆਪਣਾ ਸਾਰਾ ਕੁਝ ਤੇਰੇ ਇਹਨਾਂ 18 ਸਾਲਾਂ ਉੱਪਰ ਲਗਾ ਦਿੱਤਾ ਪਰੰਤੂ ਉਮਰ ਦੇ ਅਖੀਰਲੇ ਇਹ ਕੁੱਝ ਸਾਲ ਪੁੱਤਰਾਂ ਸਾਨੂੰ ਤੇਰੀ ਜਰੂਰਤ ਹੈ।
ਕੁਝ ਪਲ ਲਈ ਸਭ ਕੁਝ ਸਾਂਤ ਹੋ ਗਿਆ।

“ਮੈਂ ਪੈਸੇ ਵੱਧ ਭੇਜ ਦਿਆ ਕਰਾਂਗਾਂ। ਕੋਈ ਬੰਦਾ ਰੱਖ ਲਵੋ ਆਪਣੀ ਦੇਖ ਭਾਲ ਲਈ। ਰੋਟੀ ਟੁਕ ਸਾਰਾ ਕੁਝ ਉਹ ਹੀ ਕਰ ਜਾਇਆ ਕਰੇਗੀ।“

“ਪਰ ਪੁੱਤ ਸਾਨੂੰ ਤੇਰੀ ਜਰੂਰਤ ਹੈ। ਤੇਰੇ ਪੈਸੇ ਦੀ ਨਹੀਂ।“

“ਪਰ ਬੇਬੇ ਇੱਥੇ ਇੰਡੀਆਂ ਵਿੱਚ ਮੇਰੇ ਬੱਚੇ ਦਾ ਕੋਈ ਭਵਿੱਖ ਨਹੀਂ ਆਂ। ਬਾਕੀਆਂ ਦੀ ਤਰ੍ਹਾਂ ਇਹਨੇ ਵੀ ਬੇਰੁਜਗਾਰ ਰਹਿ ਜਾਣਾਂ। ਨਾਲੇ ਪੰਜਾਬ ਵਿੱਚ ਪ੍ਰਦੂਸ਼ਣ ਦਾ ਪਤਾ ਹੀ ਹੋਣਾ ਤੁਹਾਨੂੰ, ਕਿੰਨਾ ਔਖਾ ਹੈ ਇਥੇ ਰਹਿਣਾ।“

“ਪਰ ਪੁੱਤ ਤੂੰ ਵੀ ਤਾਂ ਇਸੇ ਵਾਤਾਵਰਣ ਵਿੱਚ ਹੀ ਬੜਾ ਹੋ ਕੇ ਗਿਆ। ਅਤੇ ਅਸੀ ਵੀ ਇਸੇ ਵਾਤਾਵਰਣ ਵਿੱਚ ਰਹਿ ਰਹੇ ਹਾ।“

“ਮਾਂ ਤੁਸੀ ਕਦੇ ਨਹੀ ਸਮਝੋਗੇ ਮੇਰੀ ਗੱਲ ਨੂੰ। ਮੈਂ ਪੈਸੇ ਭੇਜ ਦਿਆਗਾਂ। ਬਾਪੂ ਨੂੰ ਕਹਿ ਦਿਓ ਸਹਿਰ ਜਾਕੇ ਕਢਵਾ ਲਿਆਵੇ।“
ਇਹ ਕਹਿੰਦੇ ਸਾਰ ਫੋਨ ਕੱਟਿਆ ਗਿਆ।

ਸੁਰਜੀਤ ਸਾਰੀ ਗੱਲ ਬਾਤ ਕੋਲ ਖੜਾ ਸੁਣ ਰਿਹਾ ਸੀ। ਉਸੇ ਚਿਹਰੇ ਤੇ ਮਾਊਸੀ ਸੀ। ਉਹ ਵਾਪਸ ਆਪਣੇ ਮੰਜੇ ਤੇ ਜਾਕੇ ਪੈ ਗਿਆ। ਕੁਲਦੀਪ ਨੂੰ ਆਵਾਜ ਮਾਰੇ ਕਿ ਕਹਿੰਦੇ ਕਿ ਮੈਂ ਸਾਮ ਨੂੰ ਬੇਅੰਤ ਕਿ ਚਾਹ ਪੀ ਆਇਆ ਸੀ, ਤਾਂ ਮੈਂਨੂੰ ਭੁੱਖ ਨਹੀਂ ਹੈ। ਤੂੰ ਆਪਣੀ ਹੀ ਰੋਟੀ ਲਾਹ ਲਵੀ। ਕੁਲਦੀਪ ਨੇ ਕੋਈ ਜਵਾਬ ਨਾ ਦਿੱਤਾ ਅਤੇ ਚੁੱਲ੍ਹੇ ਦੇ ਵਿੱਚੋਂ ਬਾਲਣ ਬਾਹਰ ਕੱਢ ਕੇ ਮੰਜੇ ਉੱਪਰ ਆਕੇ ਸੋ ਗਈ। ਫੋਨ ਆਏ ਨੂੰ ਹਫਤਾ ਬੀਤ ਗਿਆ ਸੀ। ਕੁਲਦੀਪ ਚੱਜ ਨਾਲ ਰੋਟੀ ਵੀ ਨਹੀ ਸੀ ਖਾਂਦੀ ਅਤੇ ਉਸਦੇ ਚਿਹਰੇ ਤੇ ਮਾਊਸੀ ਸਾਫ ਝੱਲਕਦੀ ਦਿਖ ਰਹੀ ਸੀ।

ਇੱਕ ਦਿਨ ਜਦੋ ਸੁਰਜੀਤ ਨੇ ਕੁਲਦੀਪ ਨੂੰ ਸਵੇਰ ਦੀ ਚਾਹ ਬਣਾਉਣ ਲਈ ਕਿਹਾ ਤਾਂ ਕੁਲਦੀਪ ਦਾ ਕੋਈ ਜਵਾਬ ਨਾ ਆਇਆ। ਸੁਰਜੀਤ ਨੇ ਕੁਲਦੀਪ ਨੂੰ ਹੱਥ ਨਾਲ ਹਿਲਾ ਕੇ ਉਠਾਉਣ ਦੀ ਕੋਸ਼ੀਸ਼ ਕੀਤੀ ਪਰ ਉਹ ਪੂਰੀ ਤਰ੍ਹਾਂ ਠੰਡੀ ਪੈ ਚੁੱਕੀ ਸੀ। ਸੁਰਜੀਤ ਉੱਚੀ ਉੱਚੀ ਰੋਣ ਲੱਗ ਪਿਆ। ਗੁਆਂਢੀ ਕੱਠੇ ਹੋ ਗਏ। ਕੁਲਜੀਤ ਨੂੰ ਫੋਨ ਇਕ ਗੁਆਂਢੀ ਨੇ ਕੀਤਾ। ਸਾਰਾ ਦਿਨ ਕੁਲਜੀਤ ਦੀ ਉਡੀਕ ਵਿੱਚ ਸਾਰੇ ਬੈਠੇ ਰਹੇ। ਸਾਮ ਨੂੰ 4 ਕੁ ਵਜੇ ਕੁਲਜੀਤ ਦੇ ਫੋਨ ਆਉਂਦਾ ਹੈ ਤੇ ਉਹ ਆਪਣੇ ਬਾਪੂ ਨੂੰ ਕਹਿੰਦੇ ਹੈ ਕਿ ਮੇਰਾ ਆਉਣਾ ਮੁਸ਼ਿਕਲ ਹੈ। ਕੰਮ ਤੋ ਛੁੱਟੀ ਨਹੀਂ ਮਿਲੀ।

ਕੁਲਦੀਪ ਆਪਣੀ ਦੱਬੀ ਆਵਾਜ ਵਿੱਚ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਪੁੱਤਰ ਤੂੰ ਨਾ ਹੀ ਆ। ਵੈਸੇ ਵੀ ਇਥੇ ਦਾ ਵਾਤਾਵਰਣ ਤੁਹਾਡੇ ਲਈ ਠੀਕ ਨਹੀ ਹੈ। ਤੇ ਰਹੀ ਗੱਲ ਤੇਰੀ ਮਾਂ ਦੀ ਚਿੱਤਾਂ ਨੂੰ ਅੱਗ ਦੇਣ ਦੀ ਤਾਂ ਜੇਕਰ ਮੈਂ ਸਮਸ਼ਾਨ ਘਾਟ ਪੁਜਣ ਤੱਕ ਜਿੰਦਾ ਰਿਹਾ ਤਾਂ ਮੈਂ ਦੇ ਦਵਾਗਾਂ ਨਹੀਂ ਕੋਈ ਤਾਂ ਅੱਜ ਕੱਲ ਅੱਰਥੀ ਚੱਕਣ ਅਤੇ ਚਿੱਤਾਂ ਨੂੰ ਅੱਗ ਦੇਣ ਲਈ ਵੀ ਭਾਅ ਤੇ ਬੰਦੇ ਮਿਲਦੇ ਨੇ। ਇਹ ਕਹਿੰਦੇ ਹੀ ਸੁਰਜੀਤ ਨੇ ਫੋਨ ਕੱਟ ਕੇ ਗਿੱਜੇ ਵਿੱਚ ਪਾ ਲਿਆ ਅਤੇ ਕੁਲਦੀਪ ਦੀ ਅਰਥੀ ਨੂੰ ਚੱਕਣ ਲਈ ਇਸ਼ਾਰਾ ਕੀਤਾ।

ਅਰਸ਼ਦ ਮੈਕ (ਭਵਾਨੀਗੜ੍ਹ )

Arshad Mak (Bhawanigarh)

 

Previous article‘‘ਨਸ਼ਿਆਂ ਤੋਂ ਬਚਾਅ ਸਬੰਧੀ ਉਪਾਅ, ਰੋਕਥਾਮ’’
Next articleHockey World Cup: South Africa, Argentina, Wales win 1st round of classification matches