ਪ੍ਰੈੱਸ ਸਿਆਸੀ ਤੇ ਆਰਥਿਕ ਪ੍ਰਭਾਵ ਤੋਂ ਮੁਕਤ ਹੋਵੇ: ਚੰਦਰਚੂੜ

ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਦੇ ਜੱਜ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਹੈ ਕਿ ਮੁਲਕ ਦੇ ਨਾਗਰਿਕ ਹੋਣ ਦੇ ਨਾਤੇ ਪ੍ਰੈੱਸ ਨੂੰ ਕਿਸੇ ਵੀ ਪ੍ਰਭਾਵ ਤੋਂ ਮੁਕਤ ਬਣਾਉਣ ਲਈ ਹੰਭਲੇ ਮਾਰਨੇ ਚਾਹੀਦੇ ਹਨ ਤਾਂ ਜੋ ਉਹ ਨਿਰਪੱਖ ਰਹਿ ਕੇ ਜਾਣਕਾਰੀ ਸਾਂਝੀ ਕਰ ਸਕੇ। ਛੇਵੇਂ ਐੱਮ ਸੀ ਚਾਗਲਾ ਯਾਦਗਾਰੀ ਆਨਲਾਈਨ ਭਾਸ਼ਣ ਦੌਰਾਨ ‘ਸੱਤਾ ਨੂੰ ਸੱਚ ਤੋਂ ਜਾਣੂ ਕਰਾਉਣਾ: ਨਾਗਰਿਕ ਅਤੇ ਕਾਨੂੰਨ’ ਵਿਸ਼ੇ ’ਤੇ ਬੋਲਦਿਆਂ ਉਨ੍ਹਾਂ ਕਿਹਾ,‘‘ਫਰਜ਼ੀ ਖ਼ਬਰਾਂ ਫੈਲਣ ਤੋਂ ਰੋਕਣ ਲਈ ਸਾਨੂੰ ਆਪਣੇ ਸਰਕਾਰੀ ਅਦਾਰੇ ਮਜ਼ਬੂਤ ਕਰਨ ਦੀ ਲੋੜ ਹੈ। ਨਾਗਰਿਕ ਵਜੋਂ ਸਾਨੂੰ ਸਾਰਿਆਂ ਨੂੰ ਪ੍ਰੈੱਸ ਨੂੰ ਕਿਸੇ ਕਿਸਮ ਦੇ ਸਿਆਸੀ ਅਤੇ ਆਰਥਿਕ ਪ੍ਰਭਾਵ ਤੋਂ ਮੁਕਤ ਬਣਾਉਣ ਦੀ ਲੋੜ ਹੈ।’’

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਅਜਿਹੇ ਜ਼ਮਾਨੇ ’ਚ ਰਹਿ ਰਹੇ ਹਾਂ ਜਿਥੇ ‘ਲੋਕਾਂ ਨੂੰ ਸੱਚ ਦਾ ਪਤਾ ਲਾਉਣਾ ਮੁਸ਼ਕਲ ਹੈ ਜਾਂ ਸੱਚ ਪਤਾ ਲੱਗਣ ’ਤੇ ਉਹ ਇਸ ਦੀ ਪ੍ਰਵਾਹ ਨਹੀਂ ਕਰਦੇ।’ ਉਨ੍ਹਾਂ ਕਿਹਾ ਕਿ ‘ਸਾਡੇ ਸੱਚ’ ਬਨਾਮ ‘ਤੁਹਾਡੇ ਸੱਚ’ ਵਿਚਕਾਰ ਮੁਕਾਬਲਾ ਹੈ ਅਤੇ ਸੱਚ ਨੂੰ ਅਣਗੌਲਿਆ ਕਰਨ ਦਾ ਰੁਝਾਨ ਵੀ ਹੈ। ਉਨ੍ਹਾਂ ਕਿਹਾ ਕਿ ਟਵਿੱਟਰ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਫਰਜ਼ੀ ਸਮੱਗਰੀ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਪਰ ਲੋਕਾਂ ਨੂੰ ਵਧੇਰੇ ਚੌਕਸ ਰਹਿਣਾ ਪਵੇਗਾ ਅਤੇ ਵੱਖ ਵੱਖ ਰਾਏ ਨੂੰ ਸਵੀਕਾਰ ਕਰਨਾ ਸਿੱਖਣਾ ਪਵੇਗਾ। ਉਨ੍ਹਾਂ ਕੋਵਿਡ-19 ਮਹਾਮਾਰੀ ਦੌਰਾਨ ਫਰਜ਼ੀ ਖ਼ਬਰਾਂ ’ਚ ਵਾਧੇ ਦੀ ਮਿਸਾਲ ਵੀ ਦਿੱਤੀ।

ਉਨ੍ਹਾਂ ਦਾਰਸ਼ਨਿਕ ਹੰਨਾ ਅਰਨਡਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਤਾਨਾਸ਼ਾਹ ਸਰਕਾਰਾਂ ਆਪਣਾ ਦਾਬਾ ਕਾਇਮ ਰੱਖਣ ਲਈ ਲਗਾਤਾਰ ਝੂਠ ਦਾ ਸਹਾਰਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਸੱਚਾਈ ਨੂੰ ਅਹਿਮ ਮੰਨਿਆ ਜਾਂਦਾ ਹੈ। ਜਸਟਿਸ ਚੰਦਰਚੂੜ ਨੇ ਸਕੂਲਾਂ ਅਤੇ ਕਾਲਜਾਂ ’ਚ ਹਾਂ-ਪੱਖੀ ਮਾਹੌਲ ਬਣਾਉਣ ਦਾ ਸੱਦਾ ਦਿੱਤਾ ਜਿਥੇ ਵਿਦਿਆਰਥੀਆਂ ਨੂੰ ਸੱਚ ਅਤੇ ਝੂਠ ’ਚ ਨਿਤਾਰਾ ਕਰਨ ਅਤੇ ਸੱਤਾ ’ਚ ਬੈਠੇ ਲੋਕਾਂ ਨੂੰ ਸਵਾਲ ਪੁੱਛਣਾ ਸਿਖਾਇਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਨੇੜੇ ਰਹਿੰਦੇ ਲੋਕਾਂ ਪ੍ਰਤੀ ਵਧੇਰੇ ਸੰਜੀਦਾ ਰਹਿਣ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਮ ਆਹ ਭੀ ਭਰਤੇ ਹੈਂ ਤੋ, ਹੋ ਜਾਤੇ ਹੈਂ ਬਦਨਾਮ, ਵੋਹ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤਾ: ਤਿਵਾੜੀ
Next articleਸਾਡੇ ਕੋਲ ਵੀ ਭਾਜਪਾ ਆਗੂਆਂ ਖ਼ਿਲਾਫ਼ ਸਬੂਤ: ਮਮਤਾ