ਜਲੰਧਰ (ਸਮਾਜ ਵੀਕਲੀ)– ਢਾਈ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਤੀ ਦੰਗਿਆਂ ਅਤੇ ਨਫ਼ਰਤ ਦੀ ਅੱਗ ਵਿੱਚ ਜਲ਼ ਰਹੇ ਮਣੀਪੁਰ ਵਿਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਮੰਗ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਜਿਲ੍ਹਾ ਪ੍ਰਧਾਨ ਜਗਦੀਸ਼ ਰਾਣਾ ਨੇ ਕਿਹਾ ਕਿ ਆਜ਼ਾਦੀ ਦਿਹਾੜਾ ਨਜ਼ਦੀਕ ਆ ਰਿਹਾ ਹੈ ਪਰ ਆਜ਼ਾਦੀ ਦੇ 76 ਵਰ੍ਹੇ ਹੋਣ ਦੇ ਬਾਵਜ਼ੂਦ ਵੀ ਭਾਰਤ ਵਿੱਚ ਮਨੁੱਖਾਂ ਨਾਲ਼ ਮਨੁੱਖਾਂ ਵਲੋਂ ਹੀ ਗ਼ੈਰ ਮਾਨਵੀ ਵਤੀਰਾ ਲਗਾਤਾਰ ਜਾਰੀ ਹੈ।
ਦੇਸ਼ ਵਿੱਚ ਖ਼ਾਸ ਕਰ ਮਹਿਲਾਵਾਂ, ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਅੱਜ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਸਪਾ ਆਗੂ ਨੇ ਕਿਹਾ ਕਿ ਸਭ ਤੋਂ ਖ਼ਤਰਨਾਕ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗਹਿਰੀ ਚੁੱਪ ਤੇ ਇਕ ਤਰ੍ਹਾਂ ਨਾਲ਼ ਚੁੱਪ ਰਹਿ ਕੇ ਭਾਰਤੀ ਜਨਤਾ ਪਾਰਟੀ ਹਮਲਾਵਰਾਂ ਦੇ ਹੌਸਲੇ ਬੁਲੰਦ ਕਰਦੀ ਰਹੀ ਹੈ।
ਮਣੀਪੁਰ ਵਿਚ ਮੈਤਾਈ ਸਮਾਜ ਵਲੋਂ ਕੁੱਕੀ ਸਮਾਜ ਦੀਆਂ ਦੋ ਔਰਤਾਂ ਨੂੰ ਅਗਵਾ ਕਰ ਕੇ ਇਕ ਨੌਜਵਾਨ ਲੜਕੀ ਨਾਲ਼ ਗੈਂਗ ਰੇਪ ਕਰਨ ਤੋਂ ਬਾਅਦ ਦੋਨੋਂ ਔਰਤਾਂ ਨੂੰ ਨਗਨ ਘੁਮਾਇਆ ਗਿਆ ਇਹ ਭਾਰਤੀ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ। ਜਗਦੀਸ਼ ਰਾਣਾ ਨੇ ਕਿਹਾ ਕਿ ਮਣੀਪੁਰ ਵਿਚ ਲੋਕਾਂ ਦੇ ਘਰ ਜਲਾਏ ਜਾ ਰਹੇ ਹਨ, ਫੌਜ਼ ਦੀਆਂ ਗੱਡੀਆਂ ਫੂਕੀਆਂ ਜਾ ਰਹੀਆਂ ਹਨ।
ਹਜਾਰਾਂ ਲੋਕ ਘਰ ਛੱਡ ਕੇ ਹੋਰ ਰਾਜਾਂ ਵਿਚ ਜਾ ਚੁੱਕੇ ਹਨ। ਸੈਂਕੜੇ ਲੋਕਾਂ ਦਾ ਕਤਲ ਹੋ ਚੁੱਕਾ ਹੈ ਪਤਾ ਨਹੀਂ ਕੇਂਦਰ ਦੀ ਭਾਜਪਾ ਸਰਕਾਰ ਹੋਰ ਕਿਹੜੀ ਬਰਬਾਦੀ ਦਾ ਇੰਤਜ਼ਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਅਗਰ ਮਣੀਪੁਰ ਵਿਚ ਭਾਜਪਾ ਦੀ ਜਗ੍ਹਾ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਤਾਂ ਓਥੇ ਕਦੋਂ ਦਾ ਹੀ ਰਾਸ਼ਟਰਪਤੀ ਰਾਜ ਲਗ ਜਾਂਦਾ ਪਰ ਭਾਜਪਾ ਆਪਣੇ ਨਾਕਾਮ ਰਹੇ ਮੁੱਖ ਮੰਤਰੀ ਨੂੰ ਬਚਾ ਰਹੀ ਹੈ।