ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ ਉੱਤੇ, ਮੇਲਾ 6 ਅਗਸਤ ਨੂੰ

ਗੁਰਦੁਆਰਾ ਪੈਲਾਟਾਈਨ ਤੋਂ ਚੱਲਣਗੀਆਂ ਫਰੀ ਸ਼ਟਲ ਬੱਸਾਂ
ਅਮਰੀਕਾ ਸ਼ਿਕਾਗੋ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਵਰਲਡ ਕਬੱਡੀ ਕੱਪ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ ਅਤੇ ਇਸ ਦੀ ਸਫਲਤਾ ਲਈ ਕਲੱਬ ਵਲੋਂ ਵੱਖ ਵੱਖ ਤਰ੍ਹਾਂ ਦੀਆਂ ਚਾਰਾਜੋਈਆਂ ਜਾਰੀ ਹਨ। ਮੇਲਾ 6 ਅਗਸਤ 2023, ਐਤਵਾਰ ਨੂੰ ਐਲਕ ਗਰੂਵ ਦੇ ਬਸੀ ਵੁਡਜ਼ ਦੇ ਫਾਰੈਸਟ ਪ੍ਰੀਜ਼ਰਵ-5 ਵਿੱਚ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਹੋਵੇਗਾ।ਪ੍ਰਬੰਧਕਾਂ ਅਨੁਸਾਰ ਨਾਮੀ ਕਬੱਡੀ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਬੱਚਿਆਂ ਦੀਆਂ ਖੇਡਾਂ ਅਤੇ ਔਰਤਾਂ ਲਈ ਮਹਿੰਦੀ ਦੇ ਸਟਾਲ ਦਾ ਵੀ ਪ੍ਰਬੰਧ ਹੋਵੇਗਾ।
ਇਹ ਪਹਿਲੀ ਵਾਰ ਹੈ ਕਿ ਵਿਲੇਜ ਨੇ ਸਾਊਂਡ ਸਿਸਟਮ ਦੀ ਮਨਜ਼ੂਰੀ 7:30 ਵਜੇ ਤੱਕ ਦੇ ਦਿੱਤੀ ਹੈ, ਇਸ ਕਰ ਕੇ ਨਾਮੀ ਪੰਜਾਬੀ ਗਾਇਕ ਜੈਜ਼ੀ ਬੀ ਸ਼ਾਮ 5 ਤੋਂ 7:30 ਵਜੇ ਤੱਕ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਸਕੇਗਾ।ਕਲੱਬ ਦੇ ਪ੍ਰਧਾਨ ਲਖਵੀਰ ਲੱਕੀ ਸਹੋਤਾ ਨੇ ਦੱਸਿਆ ਕਿ ਇਸ ਖੇਡ ਤੇ ਸੱਭਿਆਚਾਰਕ ਮੇਲੇ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਖੇਡ ਪ੍ਰੇਮੀਆਂ ਤੇ ਸਪਾਂਸਰਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਮੇਲੇ ਲਈ ਦਾਖਲਾ ਤਾਂ ਮੁਫ਼ਤ ਹੈ ਹੀ, ਖਾਣ-ਪੀਣ ਦਾ ਵੀ ਖੁੱਲ੍ਹਾ ਪ੍ਰਬੰਧ ਹੋਵੇਗਾ। ਸੁਰੱਖਿਆ ਪੱਖੋਂ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਹ ਮੇਲਾ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਅਤੇ ਸਵਰਗੀ ਹਰਭਜਨ ਸਿੰਘ ਘੁਮਾਣ ਦੀ ਯਾਦ ਵਿੱਚ ਹੋਵੇਗਾ।
ਪ੍ਰਧਾਨ ਲੱਕੀ ਸਹੋਤਾ ਅਨੁਸਾਰ ਲੋਕਾਂ ਨੂੰ ਪਾਰਕਿੰਗ ਦੀ ਸਮੱਸਿਆ ਦੇ ਮੱਦੇਨਜ਼ਰ ਕਲੱਬ ਨੇ ਗੁਰਦੁਆਰਾ ਪੈਲਾਟਾਈਨ ਤੋਂ ਫਰੀ ਸ਼ਟਲ ਬੱਸਾਂ ਦੀ ਸੇਵਾ ਮੁਹੱਈਆ ਕਰਨ ਦਾ ਫੈਸਲਾ ਲਿਆ ਹੈ। ਸ਼ਟਲ ਬੱਸਾਂ ਦੁਪਹਿਰ 12 ਵਜੇ ਤੋਂ ਰਾਤ ਅੱਠ ਵਜੇ ਤੱਕ ਲੋਕਾਂ ਦੀ ਸੇਵਾ ਵਿੱਚ ਉਪਲਬਧ ਰਹਿਣਗੀਆਂ, ਜੋ ਗੁਰਦੁਆਰਾ ਪੈਲਾਟਾਈਨ ਤੋਂ ਹਰ 20 ਮਿੰਟ ਬਾਅਦ ਮੇਲੇ ਵਾਲੀ ਥਾਂ ਲਈ ਅਤੇ ਮੇਲੇ ਵਾਲੀ ਥਾਂ ਤੋਂ ਗੁਰਦੁਆਰਾ ਪੈਲਾਟਾਈਨ ਤੱਕ ਸਵਾਰੀਆਂ ਪਹੁੰਚਦੀਆਂ ਕਰਨਗੀਆਂ।ਜ਼ਿਕਰਯੋਗ ਹੈ ਕਿ ਸ਼ਿਕਾਗੋ ਕਬੱਡੀ ਮੇਲਿਆਂ ਦੌਰਾਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਨਾਲ ਪਿੱਛੋਂ ਆਉਣ ਵਾਲੇ ਦਰਸ਼ਕਾਂ ਨੂੰ ਆਪਣੀਆਂ ਕਾਰਾਂ ਪਾਰਕ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਮੇਲੇ ਦੇ ਪ੍ਰਬੰਧਕਾਂ ਅਨੁਸਾਰ ਮੇਲੀਆਂ ਦੀ ਸਹੂਲਤ ਲਈ ਫਰੀ ਸ਼ਟਲ ਬੱਸਾਂ ਦਾ ਪ੍ਰਬੰਧ ਕਰਨ ਦਾ ਫੈਸਲਾ ਲਿਆ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਨੀਮੀਆ ਮੁਕਤ ਪੰਜਾਬ’ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ 
Next articleਮਣੀਪੁਰ ਚ ਲਾਇਆ ਜਾਵੇ ਰਾਸ਼ਟਰਪਤੀ ਸ਼ਾਸਨ – ਜਗਦੀਸ਼ ਰਾਣਾ