ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਜਲ ਸੈਨਾ ਦੇ ਬੇੜੇ ਦੀ ਫੇਰੀ

ਵਿਸ਼ਾਖਾਪਟਨਮ (ਸਮਾਜ ਵੀਕਲੀ):  ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਅੱਜ ਬੰਗਾਲ ਦੀ ਖਾੜੀ ਵਿੱਚ ਵਿਸ਼ਾਖਾਪਟਨਮ ਤੱਟ ’ਤੇ ਸਮੁੰਦਰੀ ਬੇੜੇ ਦੇ ਕੀਤੇ ਗਏ ਨਿਰੀਖਣ ਮੌਕੇ ਭਾਰਤ ਨੇ ਸਮੁੰਦਰੀ ਰੱਖਿਆ ਸਮਰੱਥਾ ਦਾ ਪੂਰੀ ਤਰ੍ਹਾਂ ਪ੍ਰਦਰਸ਼ਨ ਕੀਤਾ। ਦੇਸ਼ ਵਿੱਚ ਬਣੇ ਜਲ ਸੈਨਾ ਦੇ ਗਸ਼ਤ ਕਰਨ ਵਾਲੇ ਜਹਾਜ਼ ਆਈਐੱਨਐੱਸ ਸੁਮਿਤਰਾ ’ਤੇ ਸਵਾਰ ਹੋ ਕੇ ਕੋਵਿੰਦ ਨੇ ਬੰਗਾਲ ਦੀ ਖਾੜੀ ਵਿੱਚ ਚਾਰ ਕਤਾਰਾਂ ਵਿੱਚ ਖੜ੍ਹੇ 44 ਜਹਾਜ਼ਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਤੋਂ ਰਸਮੀ ਸਲਾਮੀ ਲਈ। ਆਈਐੱਨਐੱਸ ਸੁਮਿਤਰਾ ਰਾਸ਼ਟਰਪਤੀ ਦਾ ਜਹਾਜ਼ ਯਾਨੀ ‘ਪ੍ਰੈਜ਼ੀਡੈਂਸ਼ੀਅਲ ਯਾਚ’ ਹੈ।

ਰਾਸ਼ਟਰਪਤੀ ਦੇ ਬੇੜੇ ਦੀ ਪੜਚੋਲ, 2022 ਦਾ ਵਿਸ਼ਾ ‘ਭਾਰਤੀ ਜਲ ਸੈਨਾ-75 ਸਾਲਾਂ ਤੋਂ ਦੇਸ਼ ਦੀ ਸੇਵਾ ਵਿੱਚ’ ਸੀ। ਰਾਸ਼ਟਰਪਤੀ, ਪ੍ਰਥਮ ਮਹਿਲਾ ਸਵਿਤਾ ਕੋਵਿੰਦ, ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਅਜੈ ਭੱਟ, ਆਂਧਰਾ ਪ੍ਰਦੇਸ਼ ਦੇ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ, ਥਲ ਸੈਨਾ ਮੁਖੀ ਐੱਮਐੱਮ ਨਰਵਾਣੇ, ਜਲ ਸੈਨਾ ਪ੍ਰਮੁੱਖ ਐਡਮਿਰਲ ਆਰ. ਹਰੀ ਕੁਮਾਰ, ਜਲ ਸੈਨਾ ਦੀ ਪੂਰਬੀ ਕਮਾਨ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਵਿਸ਼ਵਜੀਤ ਦਾਸਗੁਪਤਾ ਅਤੇ ਹੋਰ ਅਧਿਕਾਰੀਆਂ ਨਾਲ ਪ੍ਰੈਜ਼ੀਡੈਂਸ਼ੀਅਲ ਯਾਚ ’ਤੇ ਆਏ। ਰਾਸ਼ਟਰਪਤੀ ਨੇ ਮੋਬਾਈਲ ਪਣਡੁੱਬੀ ਕਤਾਰ ਦਾ ਵੀ ਨਿਰੀਖਣ ਕੀਤਾ।

ਇਸ ਵਿੱਚ ਆਈਐੱਨਐੱਸ ਵੇਲਾ ਸ਼ਾਮਲ ਹੈ, ਜੋ ਭਾਰਤ ਵਿੱਚ ਬਣੀ ਕਲਵਾਰੀ ਵਰਗ ਦੀ ਪਣਡੁੱਬੀ ਹੈ। ਇਸ ਨੂੰ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਸਮੀਖਿਆ ਪੂਰੀ ਹੋਣ ਮਗਰੋਂ ਰਾਸ਼ਟਰਪਤੀ ਅੱਡੇ ’ਤੇ ਪਰਤੇ, ਜਿੱਥੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਜਲ ਸੈਨਾ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਸਮੁੰਦਰੀ ਵਾਤਾਵਰਨ ’ਤੇ ਭਾਰਤ ਦੀ ਨਿਰਭਰਤਾ ਵਿੱਚ ਕਾਫ਼ੀ ਵਿਸਥਾਰ ਹੋਇਆ ਹੈ ਕਿਉਂਕਿ ਉਸ ਦੀ ਆਰਥਿਕ, ਫ਼ੌਜੀ ਅਤੇ ਤਕਨੀਕੀ ਤਾਕਤ ਵਧੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਵਰਕਰਾਂ ਵੱਲੋਂ ਸਰਕਲ ਪ੍ਰਧਾਨ ਦੇ ਪਤੀ ਦੀ ਕੁੱਟਮਾਰ
Next articleਚਾਰਾ ਘੁਟਾਲਾ: ਲਾਲੂ ਨੂੰ ਪੰਜ ਸਾਲ ਦੀ ਸਜ਼ਾ