ਢਾਕਾ (ਸਮਾਜ ਵੀਕਲੀ): ਬੰਗਲਾਦੇਸ਼ ਦੀ ਤਿੰਨ ਰੋਜ਼ਾ ਫੇਰੀ ਲਈ ਢਾਕਾ ਪੁੱਜੇ ਰਾਸ਼ਟਰਪਤੀ ਰਾਮ ਨਾਥ ਕੋੋਵਿੰਦ ਦਾ ਅੱਜ ਇਥੇ ਨਿੱਘਾ ਸਵਾਗਤ ਕੀਤਾ ਗਿਆ। ਆਪਣੀ ਇਸ ਪਲੇਠੀ ਫੇਰੀ ਦੌਰਾਨ ਕੋਵਿੰਦ ਆਪਣੀ ਬੰਗਲਾਦੇਸ਼ੀ ਹਮਰੁਤਬਾ ਨੂੰ ਮਿਲਣ ਦੇ ਨਾਲ ਬੰਗਲਾਦੇਸ਼ ਦੀ ਆਜ਼ਾਦੀ ਦੇ ਗੋਲਡਨ ਜੁਬਲੀ ਜਸ਼ਨਾਂ ਵਿੱਚ ਸ਼ਾਮਲ ਹੋਣਗੇ। ਬੰਗਲਾਦੇਸ਼ ਨੂੰ ਅੱਜ ਤੋਂ 50 ਸਾਲ ਪਹਿਲਾਂ ਸਾਲ 1971 ਵਿੱਚ ਪਾਕਿਸਤਾਨ ਤੋਂ ਆਜ਼ਾਦੀ ਮਿਲੀ ਸੀ।
ਏਅਰ ਇੰਡੀਆ ਵਨ ਦੀ ਵਿਸ਼ੇਸ਼ ਉਡਾਣ ਰਾਹੀਂ ਢਾਕਾ ਪੁੱਜੇ ਕੋਵਿੰਦ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਤੇ ਧੀ ਸਵਾਤੀ ਕੋਵਿੰਦ ਤੋਂ ਇਲਾਵਾ ਸਰਕਾਰੀ ਵਫ਼ਦ ਵੀ ਮੌਜੂਦ ਸੀ। ਬੰਗਲਾਦੇਸ਼ ਦੇ ਰਾਸ਼ਟਰਪਤੀ ਐੱਮ.ਅਬਦੁਲ ਹਾਮਿਦ ਤੇ ਉਨ੍ਹਾਂ ਦੀ ਪਤਨੀ ਰਾਸ਼ਿਦਾ ਖ਼ਾਨਮ ਨੇ ਢਾਕਾ ਦੇ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ’ਤੇ ਭਾਰਤੀ ਰਾਸ਼ਟਰਪਤੀ ਦਾ ਸਵਾਗਤ ਕੀਤਾ। ਕੋਵਿੰਦ ਨੂੰ ਜੀ ਆਇਆਂ ਕਹਿਣ ਲਈ ਹਵਾਈ ਅੱਡੇ ’ਤੇ ਕਈ ਸੀਨੀਅਰ ਮੰਤਰੀਆਂ ਤੋਂ ਇਲਾਵਾ ਸਿਵਲ ਤੇ ਫੌਜੀ ਅਧਿਕਾਰੀ ਮੌਜੂੁਦ ਸਨ। ਦੱਸ ਦਈਏ ਕਿ ਕੋਵਿੰਦ ਇਕੋ-ਇਕ ਵਿਦੇਸ਼ੀ ਮਹਿਮਾਨ ਹਨ, ਜਿਨ੍ਹਾਂ ਨੂੰ ਬੰਗਲਾਦੇਸ਼ ਦੇ ਆਜ਼ਾਦੀ ਜਸ਼ਨ ਸਮਾਗਮਾਂ ’ਚ ਸ਼ਿਰਕਤ ਕਰਨ ਲਈ ਸੱਦਿਆ ਗਿਆ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਰਾਸ਼ਟਰਪਤੀ ਕੋਵਿੰਦ ਦਾ ਬੰਗਲਾਦੇਸ਼ ਫੇਰੀ ਦਾ ‘ਸ਼ਾਨਦਾਰ ਆਗਾਜ਼’ ਹੋਇਆ ਹੈ। ਬਾਗਚੀ ਨੇ ਇਕ ਟਵੀਟ ਵਿੱਚ ਕਿਹਾ ਕਿ ਬੰਗਲਾਦੇਸ਼ੀ ਫੌਜ, ਜਲਸੈਨਾ ਤੇ ਹਵਾਈ ਸੈਨਾ ਨੇ ਹਵਾਈ ਅੱਡੇ ’ਤੇ ਰਾਸ਼ਟਰਪਤੀ ਕੋਵਿੰਦ ਨੂੰ ਸਵਾਗਤੀ ਰਸਮ ਵਜੋਂ ‘ਗਾਰਡ ਆਫ਼ ਆਨਰ’ ਦਿੱਤਾ। ਮਗਰੋਂ ਰਾਸ਼ਟਰਪਤੀ ਨੂੰ ਗੱਡੀਆਂ ਦੇ ਕਾਫ਼ਲੇ ਰਾਹੀਂ ਰਾਜਧਾਨੀ ਦੇ ਬਾਹਰਵਾਰ ਸਾਵਾਰ ਵਿੱਚ ਕੌਮੀ ਯਾਦਗਾਰ ਲਿਜਾਇਆ ਗਿਆ। ਰਾਸ਼ਟਰਪਤੀ ਕੋਵਿੰਦ ਨੇ ਫੁੱਲ ਮਾਲਾਵਾਂ ਨਾਲ ਬੰਗਲਾਦੇਸ਼ ਦੀ ਨੌਂ ਮਹੀਨੇ ਲੰਮੀ 1971 ਦੀ ਆਜ਼ਾਦੀ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੋਵਿੰਦ ਨੇ ਯਾਦਗਾਰ ਵਿਚਲੇ ਬਾਗ਼ ਵਿੱਚ ‘ਅਸ਼ੋਕਾ’ ਦਾ ਬੂਟਾ ਵੀ ਲਾਇਆ ਤੇ ਵਿਜ਼ਿਟਰ ਬੁੱਕ ਵਿੱਚ ਆਪਣਾ ਸੁਨੇਹਾ ਲਿਖ ਕੇ ਸਹੀ ਪਾਈ। ਕੋਵਿੰਦ ਮਗਰੋਂ ਰਾਜਧਾਨੀ ਦੇ ਧਾਨਮੋਂਡੀ ਖੇਤਰ ਵਿੱਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਮੈਮੋਰੀਅਲ ਮਿਊਜ਼ੀਅਮ ਵੀ ਗਏ ਤੇ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਦਿੱਤੀ। ਕੋਵਿਡ-19 ਮਹਾਮਾਰੀ ਫੈਲਣ ਮਗਰੋਂ ਰਾਸ਼ਟਰਪਤੀ ਕੋਵਿੰਦ ਦਾ ਇਹ ਪਲੇਠੀ ਵਿਦੇਸ਼ ਫੇਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly