ਮਾਂ ਬੋਲੀ ਦੀ ਸੰਭਾਲ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਮਾਂ ਬੋਲੀ ਮਨੁੱਖੀ ਸੱਭਿਅਤਾ ਦੀ ਉਹ ਪੂੰਜੀ ਹੈ ਜੋ ਆਪਣੇ ਆਲ਼ੇ ਦੁਆਲ਼ੇ ਦੇ ਲੋਕਾਂ ਅਤੇ ਆਪਣੇ ਭਾਈਚਾਰੇ ਨਾਲ ਜੋੜਦੀ ਹੈ। ਇਸ ਰਾਹੀਂ ਹੀ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਅਤੇ ਸਿਆਣਪ ਉਜਾਗਰ ਹੁੰਦੀ ਹੈ। ਮਾਂ ਬੋਲੀ ਉਹ ਬੋਲੀ ਹੁੰਦੀ ਹੈ ਜੋ ਬਚਪਨ ਵਿੱਚ ਆਪਣੇ ਮਾਪਿਆਂ ਤੋਂ ਸਿੱਖੀ ਜਾਂਦੀ ਹੈ,ਇਹ ਲੋਰੀਆਂ ਸੁਣ ਸੁਣ ਕੇ ਪਲੀ ਹੋਈ ਬੋਲੀ ਹੁੰਦੀ ਹੈ ਅਤੇ ਖੁੱਲ੍ਹ ਕੇ ਬੋਲੀ ਜਾਂਦੀ ਹੈ। ਇਹ ਵਿਅਕਤੀ ਦੇ ਜਜ਼ਬਾਤਾਂ ਅਤੇ ਭਾਵਾਂ ਦੀ ਬੋਲੀ ਹੁੰਦੀ ਹੈ।ਇਸ ਰਾਹੀਂ ਮਨੁੱਖ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ।ਇਸ ਰਾਹੀਂ ਵਿਅਕਤੀ ਹਰ ਔਖ਼ੇ ਤੋਂ ਔਖ਼ੇ ਵਿਸ਼ੇ ਨੂੰ ਸਹਿਜਤਾ ਨਾਲ ਸਮਝ ਸਕਦਾ ਹੈ।ਕਿਹਾ ਜਾਂਦਾ ਹੈ ਕਿ ਚੀਨ ਦੇ ਲੋਕਾਂ ਦੇ ਬੌਧਿਕ ਵਿਕਾਸ ਨਾਲ ਜੁੜੇ ਵਿਸ਼ਿਆਂ ਨੂੰ ਉਹਨਾਂ ਦੀ ਮਾਂ ਬੋਲੀ ਰਾਹੀਂ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਸ਼ਾਇਦ ਦੁਨੀਆ ਦੀ ਇੱਕ ਵੱਡੀ ਤਾਕਤ ਹੋਣ ਦਾ ਇਹ ਵੀ ਇੱਕ ਕਾਰਨ ਰਿਹਾ ਹੋਵੇਗਾ।

ਕਿਸੇ ਵੀ ਕੌਮ ਦੀ ਹੋਂਦ ਦੀਆਂ ਜੜ੍ਹਾਂ ਮਾਂ ਬੋਲੀ ਨਾਲ ਜੁੜੀਆਂ ਹੁੰਦੀਆਂ ਹਨ। ਮਾਂ ਬੋਲੀ ਨੂੰ ਵਿਸਾਰ ਦੇਣ ਦਾ ਸਿੱਧਾ ਮਤਲਬ ਜੜ੍ਹਾਂ ਨਾਲੋਂ ਟੁੱਟਣਾ ਹੁੰਦਾ ਹੈ। ਸਾਡੀ ਮਾਂ ਬੋਲੀ ਪੰਜਾਬੀ ਦਾ ਇਤਿਹਾਸ ਜੇ ਦੇਖਿਆ ਜਾਵੇ ਤਾਂ ਇਹ ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਵਿੱਚ ਰਹਿੰਦੇ ਲੋਕ ਬੋਲਦੇ ਹਨ, ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਇਸ ਦੇ ਦੋ ਰੂਪ ਸ਼ਾਹਮੁਖੀ ਅਤੇ ਗੁਰਮੁਖੀ ਹਨ। ਗੁਰਮੁਖੀ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ ਅਤੇ ਇਹ ਪੂਰਬੀ ਪੰਜਾਬ ਦੇ ਲੋਕਾਂ ਦੀ ਬੋਲੀ ਹੈ। ਸ਼ਾਹਮੁਖੀ ਲਹਿੰਦੇ ਪੰਜਾਬ ਵਿੱਚ ਬੋਲੀ ਜਾਂਦੀ ਹੈ। ਪੰਜਾਬੀ ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਪੰਜਾਬੀ ਭਾਸ਼ਾ ਪੂਰੇ ਸੰਸਾਰ ਵਿੱਚ 14 ਕਰੋੜ ਲੋਕ ਬੋਲਦੇ ਹਨ ਜਿਸ ਵਿੱਚੋਂ ਲਗਭਗ 10 ਕਰੋੜ ਲੋਕ ਪਾਕਿਸਤਾਨ ਵਿੱਚ ਅਤੇ ਤਿੰਨ ਕਰੋੜ ਭਾਰਤ ਵਿੱਚ ਬੋਲਦੇ ਹਨ। ਲਗਭਗ ਇੱਕ ਕਰੋੜ ਲੋਕ ਦੁਨੀਆ ਭਰ ਦੇ ਬਾਕੀ ਦੇਸ਼ਾਂ ਵਿੱਚ ਬੋਲਦੇ ਹਨ।

ਮਾਂ ਬੋਲੀ ਨੂੰ ਸਾਡੇ ਆਪਣੇ ਲੋਕ ਕਿੰਨਾ ਕੁ ਮਾਣ-ਸਤਿਕਾਰ ਦੇ ਰਹੇ ਹਨ? ਅੱਜ ਮੈਂ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ਤੇ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ। ਜੇ ਆਪਾਂ ਬੱਚੇ ਦੇ ਜਨਮ ਵੇਲੇ ਤੋਂ ਦੇਖੀਏ ਤਾਂ ਉਸ ਨੂੰ ਮਾਂ ਬੋਲੀ ਦੀ ਕਿੰਨੀ ਕੁ ਗੁੜ੍ਹਤੀ ਦਿੱਤੀ ਜਾ ਰਹੀ ਹੈ? ਬੱਚਾ ਜਿਵੇਂ ਹੀ ਸੁਰਤ ਸੰਭਾਲਦਾ ਹੈ ਉਸ ਨੂੰ ਘਰ ਵਿੱਚ ਸਾਰੀਆਂ ਬੋਲੀਆਂ ਦੇ ਮਿਸ਼ਰਣ ਦਾ ਘੁੱਟ ਘੁੱਟ ਪਿਲਾ ਕੇ ਵੱਡਾ ਕੀਤਾ ਜਾਂਦਾ ਹੈ। ਬੱਚਾ ਕੁਦਰਤੀ ਤੌਰ ਤੇ ਮਾਂ ਬੋਲਣਾ ਸਿੱਖ ਰਿਹਾ ਹੁੰਦਾ ਹੈ ਪਰ ਵੱਡੇ ਉਸ ਨੂੰ ‘ਮੌਮ’ ਬੋਲਣ ਲਈ ਮਜ਼ਬੂਰ ਕਰਦੇ ਹਨ।ਦਾਦੇ ਨੂੰ ਦਾਦਾ ਕਹਿਣ ਦੀ ਥਾਂ ‘ਗਰੈਂਡ ਪਾ’,ਇਸੇ ਤਰ੍ਹਾਂ ਤਾਈਆਂ, ਚਾਚੀਆਂ, ਮਾਸੀਆਂ, ਮਾਮੀਆਂ ਦੀ ਜਗ੍ਹਾ ਅੰਗਰੇਜ਼ੀ ਦੇ ਸਿਰਫ਼ ਇੱਕ ਸ਼ਬਦ ਆਂਟੀ ਨੇ ਲੈ ਲਈ ਹੈ। ਜਦ ਕਿ ਬੱਚੇ ਦਾ ਉਹ ਸਮਾਂ ਬਹੁਤ ਮਾਸੂਮੀਅਤ ਦਾ ਹੁੰਦਾ ਹੈ।

ਉਸ ਨੂੰ ਹਰ ਰਿਸ਼ਤੇ ਨੂੰ ਸਮਝਣ ਦੀ ਲੋੜ ਹੁੰਦੀ ਹੈ। ਰਿਸ਼ਤਿਆਂ ਦਾ ਨਿੱਘ ਮਾਨਣ ਲਈ ਮਾਂ ਬੋਲੀ ਵਿੱਚ ਸਾਰੇ ਰਿਸ਼ਤਿਆਂ ਦੀ ਪਹਿਚਾਣ ਕਰਵਾਉਣਾ ਇੱਕ ਸੂਝ ਵਾਲਾ ਕਦਮ ਸਾਬਿਤ ਹੋ ਸਕਦਾ ਹੈ। ਇਸੇ ਤਰ੍ਹਾਂ ਖਾਣ-ਪੀਣ ਦੇ ਸਮਾਨ,ਸਰੀਰ ਦੇ ਅੰਗਾਂ ਦੇ ਨਾਂ, ਫ਼ਲਾਂ ਸਬਜ਼ੀਆਂ ਦੇ ਨਾਂ ਅੰਗਰੇਜ਼ੀ ਵਿੱਚ ਸਿਖਾਏ ਜਾਂਦੇ ਹਨ । ਬਹੁਤੇ ਸੱਭਿਅਕ ਬਣਨ ਦੇ ਵਿਖਾਵੇ ਵਿੱਚ ਬੱਚਿਆਂ ਨਾਲ ਹਿੰਦੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਪਣੇ ਬੱਚਿਆਂ ਨੂੰ ਮਿਸ਼ਰੀ ਵਰਗੀ ਮਿੱਠੀ ਮਾਂ ਬੋਲੀ ਨਾਲੋਂ ਤੋੜਕੇ ਅਸੀਂ ਇਹ ਕਿਹੜਾ ਜ਼ਹਿਰ ਦਾ ਘੁੱਟ ਪਿਆ ਰਹੇ ਹਾਂ? ਕੀ ਅਸੀਂ ਆਪਣੇ ਆਪ ਨੂੰ ਜਵਾਬ ਦੇਹ ਹਾਂ? ਇਸ ਦਾ ਹੱਲ ਘਰਾਂ ਵਿੱਚ ਹੀ ਲੱਭਣਾ ਪਵੇਗਾ। ਜ਼ਿੰਦਗੀ ਦੇ ਹਰ ਖੇਤਰ ਦੇ ਛੋਟੇ ਤੋਂ ਛੋਟੇ ਹਿੱਸੇ ਦੀ ਮਾਂ ਬੋਲੀ ਵਿੱਚ ਪਹਿਚਾਣ ਕਰਵਾਉਣ ਨਾਲ ਅਸੀਂ ਬੱਚਿਆਂ ਨੂੰ ਇਸ ਦੀਆਂ ਜੜ੍ਹਾਂ ਨਾਲ ਜੋੜ ਸਕਦੇ ਹਾਂ।

ਬੱਚਾ ਘਰੇਲੂ ਵਾਤਾਵਰਨ ਵਿਚੋਂ ਨਿਕਲਕੇ ਸਕੂਲ ਜਾਂਦਾ ਹੈ ।ਹਰ ਮਾਂ-ਬਾਪ ਇਹ ਚਾਹੁੰਦਾ ਹੈ ਕਿ ਸਾਡਾ ਬੱਚਾ ਵਧੀਆ ਤੋਂ ਵਧੀਆ ਸਕੂਲ ਵਿੱਚ ਪੜੇ ਤੇ ਕੁਝ ਵੱਖਰਾ ਸਿੱਖ ਕੇ ਆਵੇ। ਬਹੁਤੇ ਮਾਪੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਂਦੇ ਹਨ ਜਿੱਥੇ ਅੰਗਰੇਜ਼ੀ ਬੋਲਣੀ ਜ਼ਰੂਰੀ ਹੁੰਦੀ ਹੈ । ਉਹਨਾਂ ਸਕੂਲਾਂ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਸਜ਼ਾ ਦਿੱਤੀ ਜਾਂਦੀ ਹੈ ਅਤੇ ਜੁਰਮਾਨਾ ਲਗਾਇਆ ਜਾਂਦਾ ਹੈ। ਚਾਹੇ ਸਰਕਾਰ ਵੱਲੋਂ ਮੈਟ੍ਰਿਕ ਤੱਕ ਪੰਜਾਬੀ ਇੱਕ ਲਾਜ਼ਮੀ ਪਾਸ ਕਰਨ ਵਾਲਾ ਵਿਸ਼ਾ ਬਣਾਇਆ ਗਿਆ ਹੈ, ਸਮੇਂ ਸਮੇਂ ਤੇ ਪੰਜਾਬੀ ਲਈ ਮੁਕਾਬਲੇ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਪਰ ਮੇਰੇ ਹਿਸਾਬ ਨਾਲ ਉਹ ਇੱਕ ਖ਼ਾਨਾਪੂਰਤੀ ਵੱਧ ਅਤੇ ਕੋਸ਼ਿਸ਼ਾਂ ਘੱਟ ਕੀਤੀਆਂ ਜਾਂਦੀਆਂ ਹਨ।

ਪ੍ਰੰਤੂ ਜਿੱਥੇ ਇਹੋ ਜਿਹੇ ਕਾਰਜ ਨੂੰ ਇਮਾਨਦਾਰੀ ਨਾਲ ਨਿਭਾਇਆ ਜਾਂਦਾ ਹੈ ਉੱਥੇ ਇਸ ਦੇ ਨਤੀਜੇ ਭਰਪੂਰ ਸ਼ਲਾਘਾਯੋਗ ਨਜ਼ਰ ਆਉਂਦੇ ਹਨ।ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਬੋਲਦਾ ਦੇਖ ਕੇ ਬੜੇ ਖੁਸ਼ ਹੁੰਦੇ ਹਨ ਅਤੇ ਬੜੇ ਮਾਣ ਨਾਲ ਆਪਣੇ ਆਂਢੀਆਂ-ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਹੁੱਬ ਹੁੱਬ ਕੇ ਆਪਣੇ ਬੱਚੇ ਦੀ ਕਾਬਲੀਅਤ ਤੇ ਚਾਨਣਾ ਪਾਉਂਦੇ ਹਨ। ਮੇਰੇ ਗੁਆਂਢ ਵਿੱਚ ਵੀ ਬਹੁਤੇ ਪਰਿਵਾਰ ਜੋ ਬਹੁਤ ਸੋਹਣੀ ਪੰਜਾਬੀ ਬੋਲਦੇ ਹਨ ਪਰ ਆਪਣੇ ਬੱਚਿਆਂ ਦੇ ਨਾਲ ਹਿੰਦੀ ਵਿੱਚ ਗੱਲ ਕਰਨਾ ਬੜੀ ਸ਼ਾਨ ਅਤੇ ਤਹਿਜ਼ੀਬ ਸਮਝਦੇ ਹਨ। ਸਾਡੇ ਗਲ਼ੀਆਂ ਮੁਹੱਲਿਆਂ ਵਿੱਚ ਲੱਗੇ ਪੋਸਟਰਾਂ ਤੇ ਅਸ਼ੁੱਧ ਪੰਜਾਬੀ ਆਮ ਹੀ ਲਿਖੀ ਦੇਖੀ ਜਾ ਸਕਦੀ ਹੈ। ਕਈ ਵਾਰ ਤਾਂ ਚੰਗੇ ਚੰਗੇ ਪੰਜਾਬੀ ਟੀ.ਵੀ. ਚੈਨਲਾਂ ਤੇ ਅਸ਼ੁੱਧ ਪੰਜਾਬੀ ਦਾ ਉਚਾਰਨ ਕੀਤਾ ਜਾਂਦਾ ਹੈ। ਇਹ ਸਭ ਕੁਝ ਦੇਖ ਕੇ ਮੈਨੂੰ ਕਵੀ ਫਿਰੋਜ਼ ਦੀਨ ਸ਼ਰਫ਼ ਸਾਹਿਬ ਜੀ ਦੇ ਇਹ ਬੋਲ ਯਾਦ ਆਉਂਦੇ ਹਨ:-
ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ
ਡੋਬ-ਡੋਬ ਕੇ ਜ਼ਿੰਦਗੀ ਰੰਗਦਾ ਹਾਂ।
ਰਵਾਂ ਇੱਥੇ ਤੇ ਯੂ.ਪੀ ‘ਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ।
ਮੈਂ ਪੰਜਾਬੀ,ਪੰਜਾਬੀ ਦਾ ਸ਼ਰਫ਼ ਸੇਵਕ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ।

ਹੁਣ ਮਾਂ ਬੋਲੀ ਦੀ ਸੰਭਾਲ ਦਾ ਜ਼ਿੰਮਾ ਸਿਰਫ਼ ਲੇਖਕਾਂ ਅਤੇ ਸਾਹਿਤ ਸਭਾਵਾਂ ਤੱਕ ਹੀ ਸੀਮਤ ਨਹੀਂ ਰੱਖਣਾ ਹੈ। ਅੱਜ ਕੱਲ੍ਹ ਪੰਜਾਬੀ ਨੂੰ ਘਰ ਘਰ ਫੇਰ ਮਾਣ ਦਿਵਾਉਣ ਲਈ ਸਾਰੇ ਪੰਜਾਬੀ ਜਾਗਰੂਕ ਹੋ ਰਹੇ ਹਨ।ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਸੋਸ਼ਲ ਮੀਡੀਆ ਤੇ , ਕਲਾਕਾਰੀ ਖੇਤਰ ਜਿਵੇਂ ਪੰਜਾਬੀ ਗੀਤਾਂ, ਫ਼ਿਲਮਾਂ ਅਤੇ ਨਾਟਕਾਂ ਵਿੱਚ ਦੁਨੀਆ ਦਾ ਰੁਝਾਨ ਵਧ ਰਿਹਾ ਹੈ।ਜਿਸ ਕਰਕੇ ਇਸ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਹੋ ਰਹੀ ਹੈ ਅਤੇ ਸਾਡਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ।ਇਸ ਦੇ ਮੱਦੇਨਜ਼ਰ ਹੀ ਸਾਨੂੰ ਘਰੇਲੂ ਵਰਤੋਂ ਵੇਲੇ ਵੀ ਮਾਂ ਬੋਲੀ ਬੋਲਣ,ਲਿਖਣ ਅਤੇ ਆਪਣੇ ਬੱਚਿਆਂ ਨੂੰ ਸਿਖਾਉਣ ਸਮੇਂ ਕੰਜੂਸੀ ਨਹੀਂ ਕਰਨੀ ਚਾਹੀਦੀ। ਹੋਰ ਬੋਲੀਆਂ ਸਿੱਖਣਾ ਬਹੁਤ ਚੰਗੀ ਗੱਲ ਹੈ ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਨਹੀਂ।

ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਹੁਣ ਤਾਂ ਸਾਡੀਆਂ ਸਰਕਾਰਾਂ ਨੇ ਵੀ ਮਾਂ ਬੋਲੀ ਪ੍ਰਤੀ ਬਣਾਏ ਗਏ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਸਾਰੇ ਸਰਕਾਰੀ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਹੋ ਰਹੇ ਹਨ। ਇਸ ਸਭ ਨੂੰ ਦੇਖਦੇ ਹੋਏ ਹੁਣ ਆਪਣੀ ਮਾਂ ਬੋਲੀ ਦਾ ਭਵਿੱਖ ਸੁਨਹਿਰਾ ਨਜ਼ਰ ਆ ਰਿਹਾ ਹੈ। ਆਓ ! ਆਪਾਂ ਵੀ ਇਸ ਮਾਖਿਓਂ ਮਿੱਠੀ ਬੋਲੀ ਪੰਜਾਬੀ ਦੇ ਸੱਚੇ ਵਾਰਿਸ ਬਣਕੇ ਇਸ ਦੀ ਸੰਭਾਲ ਕਰੀਏ ਤੇ ਜੱਗ ਵਿੱਚ ਇਸ ਦਾ ਮਾਣ ਵਧਾਈਏ ।

ਬਰਜਿੰਦਰ ਕੌਰ ਬਿਸਰਾਓ…
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHijab crisis: K’taka Principal gets life threat for turning away students wearing hijab
Next articleਮਾਂ ਬੋਲੀ